ਐਮਪੀ ਸ਼ਸ਼ੀ ਥਰੂਰ, ਰਾਜਦੀਪ ਸਰਦੇਸਾਈ ਤੇ ਕਈ ਹੋਰ ਪੱਤਰਕਾਰਾਂ ਖਿਲਾਫ ਦੇਸ਼ ਧਰੋਹ ਦੇ ਮਾਮਲੇ ਦਰਜ ਕੀਤੇ

ਐਮਪੀ ਸ਼ਸ਼ੀ ਥਰੂਰ, ਰਾਜਦੀਪ ਸਰਦੇਸਾਈ ਤੇ ਕਈ ਹੋਰ ਪੱਤਰਕਾਰਾਂ ਖਿਲਾਫ ਦੇਸ਼ ਧਰੋਹ ਦੇ ਮਾਮਲੇ ਦਰਜ ਕੀਤੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਯੂਪੀ ਪੁਲਿਸ ਨੇ ਕਾਂਗਰਸ ਦੇ ਐਮਪੀ ਸ਼ਸ਼ੀ ਥਰੂਰ ਅਤੇ ਰਾਜਦੀਪ ਸਰਦੇਸਾਈ ਸਮੇਤ ਕਈ ਨਾਮੀਂ ਪੱਤਰਕਾਰਾਂ ਖਿਲਾਫ ਦੇਸ਼ ਧਰੋਹ ਅਤੇ ਹੋਰ ਸੰਗੀਨ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਇਹ ਮਾਮਲਾ 26 ਜਨਵਰੀ ਨੂੰ ਵਾਪਰੀਆਂ ਘਟਨਾਵਾਂ ਸਬੰਧੀ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੋਸ਼ ਲਾਇਆ ਹੈ ਕਿ ਇਹਨਾਂ ਲੋਕਾਂ ਨੇ ਸਾਜਿਸ਼ ਅਧੀਨ 26 ਜਨਵਰੀ ਨੂੰ ਹਿੰਸਾ ਭੜਕਾਈ।

ਪੁਲਿਸ ਵੱਲੋਂ ਦਰਜ ਐਫਆਈਆਰ ਵਿਚ ਉਪਰੋਕਤ ਦੋਵਾਂ ਤੋਂ ਇਲਾਵਾ ਨੈਸ਼ਨਲ ਹੈਰਾਲਡ ਦੇ ਮਰੀਨਲ ਪਾਂਡੇ, ਕੌਮੀ ਅਵਾਜ਼ ਦੇ ਜ਼ਫਰ ਅਗ੍ਹਾ, ਦਾ ਕਾਰਵਾਂ ਦੇ ਅਨੰਤ ਨਾਥ ਅਤੇ ਵਨੋਦ ਜੋਸ ਦੇ ਨਾਂ ਸ਼ਾਮਲ ਹਨ। ਐਫਆਈਆਰ ਵਿਚ ਆਈਪੀਸੀ ਦੀਆਂ ਧਾਰਾਵਾਂ 124ਏ (ਦੇਸ਼ ਧ੍ਰੋਹ), 153ਏ (ਦੋ ਸਮੂਹਾਂ ਵਿਚ ਹਿੰਸਾ ਭੜਕਾਉਣੀ), 295ਏ, 504, 506 ਅਤੇ 120ਬੀ ਸ਼ਾਮਲ ਹਨ।

ਪੁਲਿਸ ਨੇ ਦੋਸ਼ ਲਾਇਆ ਹੈ ਕਿ ਇਹਨਾਂ ਲੋਕਾਂ ਨੇ ਗਾਜ਼ੀਪੁਰ ਬਾਰਡਰ 'ਤੇ ਪੁਲਸ ਵੱਲੋਂ ਕਿਸਾਨਾਂ ਖਿਲਾਫ ਕੀਤੀ ਹਿੰਸਾ ਸਬੰਧੀ ਆਪਣੇ ਟਵਿੱਟਰ ਖਾਤਿਆਂ ਤੋਂ ਗਲਤ ਜਾਣਕਾਰੀ ਸਾਂਝੀ ਕੀਤੀ ਅਤੇ ਲੋਕਾਂ ਨੂੰ ਪੁਲਸ ਖਿਲਾਫ ਭੜਕਾਇਆ। ਦੱਸ ਦਈਏ ਕਿ ਗਾਜ਼ੀਪੁਰ ਬਾਰਡਰ 'ਤੇ ਜਦੋਂ ਕਿਸਾਨਾਂ ਦਾ ਕਾਫਲਾ ਕਿਸਾਨ ਪਰੇਡ ਲਈ ਰਵਾਨਾ ਹੋਇਆ ਤਾਂ ਪੁਲਸ ਨੇ ਉਹਨਾਂ ਨੂੰ ਰੋਕਣ ਲਈ ਤਾਕਤ ਦੀ ਵਰਤੋਂ ਕੀਤੀ। ਚਸ਼ਮਦੀਦਾਂ ਦੇ ਦਸਣ ਮੁਤਾਬਕ ਇਸ ਮੌਕੇ ਪੁਲਿਸ ਨੇ ਗੋਲੀ ਵੀ ਚਲਾਈ। ਇਸ ਹਿੰਸਾ ਵਿਚ ਇਕ ਟਰੈਕਟਰ ਚਲਾ ਰਹੇ ਨੌਜਵਾਨ ਦੀ ਮੌਤ ਹੋ ਗਈ ਸੀ। 

ਅਰਪਿਤ ਮਿਸ਼ਰਾ ਨਾਮੀਂ ਵਿਅਕਤੀ ਵੱਲੋਂ ਦਰਜ ਇਸ ਐਫਆਈਆਰ ਵਿਚ ਕਿਹਾ ਗਿਆ ਹੈ ਕਿ ਉਸ ਕਿਸਾਨ ਦੀ ਮੌਤ ਟਰੈਕਟਰ ਪਲਟਣ ਕਰਕੇ ਹੋਈ ਸੀ ਪਰ ਇਹਨਾਂ ਲੋਕਾਂ ਨੇ ਗਲਤ ਜਾਣਕਾਰੀ ਸਾਂਝੀ ਕੀਤੀ ਕਿ ਉਸਨੂੰ ਪੁਲਸ ਨੇ ਮਾਰਿਆ ਹੈ। ਇਸ ਲਈ ਐਫਆਈਆਰ ਵਿਚ ਮ੍ਰਿਤਕ ਕਿਸਾਨ ਦੀ ਪੋਸਟਮਾਰਟਮ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਹੈ ਜਿਸ ਮੁਤਾਬਕ ਕਿਸਾਨ ਦੇ ਗੋਲੀ ਨਹੀਂ ਵੱਜੀ ਸੀ। ਪਰ ਇਹ ਪੋਸਟਮਾਰਟਮ ਰਿਪੋਰਟ ਵੀ ਵਿਵਾਦਾਂ ਵਿਚ ਹੈ ਕਿਉਂਕਿ ਮ੍ਰਿਤਕ ਕਿਸਾਨ ਦਾ ਪੋਸਟਮਾਰਟਮ ਦਿੱਲੀ ਵਿਚ ਨਹੀਂ ਕਰਨ ਦਿੱਤਾ ਗਿਆ ਅਤੇ ਭਾਜਪਾ ਦੇ ਰਾਜ ਵਾਲੇ ਯੂਪੀ ਵਿਚ ਲਿਜਾ ਕੇ ਕਰਵਾਇਆ ਗਿਆ ਸੀ। 

ਐਫਆਈਆਰ ਵਿਚ ਦੋਸ਼ ਲਾਇਆ ਗਿਆ ਹੈ ਕਿ ਇਹਨਾਂ ਦੇ ਟਵਿੱਟਾਂ ਤੋਂ ਬਾਅਦ ਲੋਕ ਭੜਕੇ ਅਤੇ ਲੋਕਾਂ ਨੇ ਲਾਲ ਕਿਲ੍ਹੇ 'ਤੇ ਜਾ ਕੇ ਇਕ ਧਾਰਮਿਕ ਅਤੇ ਇਕ ਕਿਸਾਨੀ ਦਾ ਝੰਡਾ ਝੁਲਾਇਆ। 

ਇਹਨਾਂ ਲੋਕਾਂ ਵੱਲੋਂ ਪੁਲਸ ਦੇ ਇਹਨਾਂ ਦੋਸ਼ਾਂ ਦਾ ਕੀ ਜਵਾਬ ਦਿੱਤਾ ਜਾਂਦਾ ਹੈ ਉਸਦੀ ਉਡੀਕ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਭਾਰਤ ਦੀ ਸਰਕਾਰ ਦੇਸ਼ ਧਰੋਹ ਵਰਗੇ ਕਾਨੂੰਨਾਂ ਨੂੰ ਲੋਕਾਂ ਦੀ ਅਵਾਜ਼ ਦਬਾਉਣ ਲਈ ਵਰਤਣ ਵਾਸਤੇ ਪਹਿਲਾਂ ਹੀ ਪੂਰੀ ਦੁਨੀਆ ਵਿਚ ਬਦਨਾਮ ਹੈ।