ਇੰਜੀਨਰਿੰਗ ਦੀ ਪੜ੍ਹਾਈ ਕਰਨ ਵਾਲੇ ਸਿੱਖ ਟਾਪਰ ਹੋਈ ਹੱਤਿਆ ?

ਇੰਜੀਨਰਿੰਗ ਦੀ ਪੜ੍ਹਾਈ ਕਰਨ ਵਾਲੇ ਸਿੱਖ ਟਾਪਰ ਹੋਈ ਹੱਤਿਆ ?

*ਮਾਂ-ਬਾਪ ਨੇ ਚਾਰ ਲੋਕਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ 

*ਪੁਲਿਸ ਦਸ ਰਹੀ ਏ ਆਤਮ ਹੱਤਿਆ ਦਾ ਮਾਮਲਾ

*ਪਰਿਵਾਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋ ਵੀ ਮੰਗੀ ਮਦਦ

ਕੀ ਹੁਸ਼ਿਆਰ ਹੋਣਾ ਕਿਸੇ ਬੱਚੇ ਦੀ ਮੌਤ ਦਾ ਕਾਰਨ ਬਣ ਸਕਦਾ ਹੈ ? ਕੀ ਉਸ ਦੇ ਦੋਸਤ ਸਿਰਫ ਇਸ ਨਹੀਂ ਸਾਥੀ ਦਾ ਕਤਲ ਕਰ ਸਕਦੇ ਹਨ ਕਿ ਉਹ ਹਰ ਵਾਰ ਉਨ੍ਹਾਂ ਤੋਂ ਚੰਗੇ ਨੰਬਰ ਲਿਆਉਂਦਾ ਹੈ ? ਕੀ ਕੋਈ ਬੱਚਾ ਪ੍ਰੀਖਿਆ ਵਿੱਚ ਟਾਪ ਆਉਣ ਦੇ ਬਾਵਜੂਦ ਆਪਣੀ ਜ਼ਿੰਦਗੀ ਖਤਮ ਕਰਨ ਵਰਗਾ ਕਦਮ ਚੁੱਕ ਸਕਦਾ ਹੈ ? ਇਹ ਉਹ ਸਵਾਲ ਹਨ ਜੋ ਇੱਕ ਸਿੱਖ ਬੱਚੇ ਮਨਜੋਤ ਸਿੰਘ ਛਾਬੜਾ ਦੇ ਪਰਿਵਾਰ ਵਾਲਿਆਂ ਨੂੰ ਪਰੇਸ਼ਾਨ ਕਰ ਰਹੇ ਹਨ । ਮਨਜੋਤ ਸਿੰਘ ਛਾਬੜਾ ਰਾਜਸਥਾਨ ਦੇ ਕੋਟਾ ਵਿੱਚ ਇੰਜੀਨਰਿੰਗ (ਐਨਈਈਟੀ) ਦੀ ਕੋਚਿੰਗ ਲੈ ਰਿਹਾ ਸੀ । ਉਸ ਦਾ ਪਰਿਵਾਰ ਉੱਤਰ ਪ੍ਰਦੇਸ਼ ਦੇ ਰਾਮਪੁਰ ਤੋਂ ਸੀ । ਪਰ 3 ਅਗਸਤ ਦੀ ਸਵੇਰ ਪੁਲਿਸ ਨੇ ਪਰਿਵਾਰ ਨੂੰ ਇਤਲਾਹ ਦਿੱਤੀ ਸੀ ਕਿ ਉਨ੍ਹਾਂ ਦੇ ਪੁੱਤਰ ਮਨਜੋਤ ਸਿੰਘ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ ਹੈ ਅਤੇ ਇੱਕ ਨੋਟ ਵੀ ਛੱਡਿਆ ਹੈ । ਮਾਪਿਆਂ ਨੂੰ ਸ਼ੱਕ ਸੀ ਕਿ ਗੱਲ ਕੁਝ ਹੋਰ ਹੈ ਉਨ੍ਹਾਂ ਦਾ ਬੱਚਾ ਅਜਿਹਾ ਕਦਮ ਨਹੀਂ ਚੁੱਕ ਸਕਦਾ ਸੀ । ਕੋਟਾ ਪਹੁੰਚਕੇ ਮਨਜੋਤ ਸਿੰਘ ਦੇ ਪਿਤਾ ਹਰਜੋਤ ਸਿੰਘ ਨੇ ਦਾਅਵਾ ਕੀਤਾ ਕਿ ਉਸ ਦੇ ਪੁੱਤਰ ਮਨਜੋਤ ਸਿੰਘ ਦਾ ਕਤਲ ਕੀਤਾ ਗਿਆ ਹੈ । ਪਿਤਾ ਹਰਜੋਤ ਸਿੰਘ ਨੇ ਚਾਰ ਲੋਕਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਹੈ । ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ । ਇਸ ਦੇ ਨਾਲ ਹੀ ਪਰਿਵਾਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋ ਵੀ ਮਦਦ ਮੰਗੀ ਹੈ ।ਮਨਜੋਤ ਦੇ ਪਿਤਾ ਹਰਜੋਤ ਸਿੰਘ ਨੇ ਹੌਸਟਲ ਦੇ ਮਾਲਕ, ਮੈਨੇਜਰ ਅਤੇ ਮਨਜੋਤ ਦੇ ਨਾਲ ਕਮਰੇ ਵਿੱਚ ਰਹਿਣ ਵਾਲੇ ਨਾਬਾਲਗ ਸਮੇਤ ਚਾਰ ਖਿਲਾਫ ਆਈਪੀਸੀ ਦੀ ਧਾਰਾ 302 ਦੇ ਤਹਿਤ ਐਫ ਆਈ ਆਰ ਦਰਜ ਕਰਵਾਈ ਹੈ । ਮਾਮਲੇ ਦੀ ਜਾਂਚ ਕਰ ਰਹੇ ਡੀਐੱਸਪੀ ਧਰਮਵੀਰ ਨੇ ਦੱਸਿਆ ਹੈ ਕਿ ਉਹ ਜਾਂਚ ਕਰ ਰਹੇ ਹਨ । ਜਿਸ ਨਾਬਾਲਗ ਖਿਲਾਫ ਪਿਤਾ ਹਰਜੋਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਉਹ ਅਤੇ ਮਨਜੋਤ ਇੱਕੋ ਸਕੂਲ ਵਿੱਚ ਪੜ੍ਹਦੇ ਹਨ ਅਤੇ ਕੋਟਾ ਵਿੱਚ ਵੀ ਉਹ ਇਕੱਠੇ ਹੀ ਆਏ ਸਨ ।

ਉਧਰ ਮਨਜੋਤ ਸਿੰਘ ਦੇ ਪਿਤਾ ਹਰਜੋਤ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਪੜ੍ਹਾਈ ਵਿੱਚ ਹੁਸ਼ਿਆਰ ਸੀ । 12ਵੀਂ ਵਿੱਚ ਉਸ ਦੇ 94 ਫੀਸਦੀ ਨੰਬਰ ਆਏ ਸਨ ਉਸ ਨੇ ਕੋਟਾ ਵਿੱਚ ਕੋਚਿੰਗ ਇੰਸਟੀਚਿਊਟ ਵਿੱਚ ਵੀ 570 ਅਤੇ 520 ਨੰਬਰ ਹਾਸਲ ਕੀਤੇ ਸਨ ਅਤੇ ਉਹ ਟਾਪਰ ਸੀ । ਇਸੇ ਸਾਲ 15 ਅਪ੍ਰੈਲ ਨੂੰ ਉਹ ਕੋਟਾ ਆਇਆ ਸੀ । ਜਦੋਂ ਪਿਤਾ ਹਰਜੋਤ ਸਿੰਘ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਜਿਹੜੀ ਪੁਲਿਸ ਨੇ ਕਮਰੇ ਦੀ ਸੀਸੀਟੀਵੀ ਸੌਂਪੀ ਹੈ ਉਸ ਨੂੰ ਵੇਖ ਕੇ ਉਨ੍ਹਾਂ ਨੂੰ ਕੀ ਸ਼ੱਕ ਹੋਇਆ ? ਤਾਂ ਉਨ੍ਹਾਂ ਨੇ ਦੱਸਿਆ ਕਿ ਮਨਜੋਤ ਦੇ ਨਾਲ ਜਿਹੜਾ ਉਸ ਦੇ ਸਕੂਲ ਦਾ ਸਾਥੀ ਸੀ ਉਸ ਦੇ ਕਮਰੇ ਦੇ ਨਜ਼ਦੀਕ ਹੀ ਰਹਿੰਦਾ ਸੀ । ਉਸ ਦੀ ਮਾਂ ਨੇ ਕਿਹਾ ਸੀ ਕਿ ਉਸ ਦੇ ਪੁੱਤਰ ਨੂੰ ਡਰ ਲੱਗਦਾ ਹੈ । ਇਸ ਲਈ ਦੋਵੇ ਇੱਕ ਦੂਜੇ ਦੇ ਕਮਰੇ ਵਿੱਚ ਸੌਂਦੇ ਸਨ । ਦੋਵੇ 11ਵੀਂ ਅਤੇ 12ਵੀਂ ਵਿੱਚ ਵੀ ਇਕੱਠੇ ਪੜ੍ਹਦੇ ਸਨ ।

ਪਿਤਾ ਨੇ ਦੱਸਿਆ ਕਿ ਰਾਤ 12:15 ਮਿੰਟ ਤੇ ਮਨਜੋਤ ਨੇ ਆਪਣੇ ਕਮਰੇ ਦਾ ਗੇਟ ਖੋਲ੍ਹਿਆ ਅਤੇ ਉਸ ਨੇ ਸਾਥੀ ਦੇ ਕਮਰੇ ਵੱਲ ਝਾਤ ਮਾਰੀ ਅਤੇ ਦਰਵਾਜ਼ਾ ਬੰਦ ਕਰਕੇ ਕਮਰੇ ਵਿੱਚ ਹੀ ਬੈਠ ਗਿਆ । ਪਿਤਾ ਨੇ ਦੱਸਿਆ ਕਿ ਮਨਜੋਤ ਨੇ ਦੇਰ ਰਾਤ ਤੱਕ ਪੜ੍ਹਾਈ ਵੀ ਕੀਤੀ ਅਤੇ ਸਵਾ ਇੱਕ ਵਜੇ ਉਸ ਨੇ ਦੋਸਤ ਨੂੰ ਮੈਸੇਜ ਕੀਤਾ ਕਿ ਉਹ ਸੌਣ ਜਾ ਰਿਹਾ ਹੈ । ਦੋਵੇ ਕਾਫੀ ਦੇਰ ਹਾਸਾ ਮਜ਼ਾਕ ਕਰਦੇ ਰਹੇ । ਜੇਕਰ ਉਸ ਦਾ ਖੁਦਕੁਸ਼ੀ ਦਾ ਕੋਈ ਇਰਾਦਾ ਹੁੰਦਾ ਤਾਂ ਉਹ ਆਪਣੇ ਦੋਸਤ ਨਾਲ ਗੱਲ ਕਿਉਂ ਕਰਦਾ ।ਮਨਜੋਤ ਦੇ ਪਿਤਾ ਹਰਜੋਤ ਸਿੰਘ ਦਾ ਇਲਜ਼ਾਮ ਹੈ ਕਿ ਮਨਜੋਤ ਦੇ ਨਾਲ ਪੜ੍ਹਨ ਵਾਲਾ ਉਸ ਦਾ ਦੋਸਤ ਉਸ ਤੋਂ ਚੰਗੇ ਨੰਬਰ ਲੈਣ ਲਈ ਨਫਰਤ ਕਰਦਾ ਸੀ । ਇਸੇ ਲਈ ਉਸ ਨੇ ਕੁਝ ਹੋਰ ਲੋਕਾਂ ਨਾਲ ਮਿਲਕੇ ਮੇਰੇ ਪੁੱਤਰ ਦਾ ਕਤਲ ਕਰ ਦਿੱਤਾ । ਕੋਟਾ ਵਿੱਚ ਕੋਚਿੰਗ ਦੌਰਾਨ ਵਿਦਿਆਰਥੀਆਂ ਦੀ ਮੌਤ ਦੇ ਅਜਿਹੇ ਕਈ ਮਾਮਲੇ ਆ ਚੁੱਕੇ ਹਨ ਕਿ ਇਸ ‘ਤੇ ਵੈੱਬ ਸੀਰੀਜ਼ ਅਤੇ ਫਿਲਮ ਵੀ ਬਣ ਚੁੱਕੀ ਹੈ । ਅਜਿਹੇ ਵਿੱਚ ਮਨਜੋਤ ਦੇ ਪਿਤਾ ਨੇ ਜਿਹੜੇ ਸਬੂਤਾਂ ਵੱਲ ਇਸ਼ਾਰਾ ਕੀਤਾ ਹੈ ਉਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ।

ਮਨਜੋਤ ਸਿੰਘ ਦੇ ਪਿਤਾ ਹਰਜੋਤ ਸਿੰਘ ਦਾ ਕਹਿਣਾ ਕਿ ਜਦੋਂ ਉਨ੍ਹਾਂ ਨੂੰ 3 ਅਗਸਤ ਪੁੱਤਰ ਦੀ ਮੌਤ ਬਾਰੇ ਜਾਣਕਾਰੀ ਮਿਲੀ ਤਾਂ ਉਹ ਫੌਰਨ ਕੋਟਾ ਪਹੁੰਚੇ ਜਿੱਥੇ ਉਨ੍ਹਾਂ ਨੇ ਵੇਖਿਆ ਕਿ ਪੁੱਤਰ ਦਾ ਮੂੰਹ ਪੋਲੀਥੀਨ ਨਾਲ ਲਪੇਟਿਆ ਸੀ ਗਲ ਵਿੱਚ ਰੱਸੀ ਸੀ ਅਤੇ ਹੱਥ ਪਿੱਛੇ ਬੰਨ੍ਹੇ ਹੋਏ ਸਨ । ਉਸ ਦੇ ਕਮਰੇ ਦੀਆ ਖਿੜਕੀਆਂ ਦੇ ਦੋਵੇਂ ਦਰਵਾਜ਼ੇ ਵੀ ਟੁੱਟੇ ਸਨ । ਇਹ ਸਾਰੀਆਂ ਚੀਜ਼ਾ ਮਨਜੋਤ ਦੇ ਕਤਲ ਵੱਲ ਇਸ਼ਾਰਾ ਕਰ ਰਹੀਆਂ ਹਨ । ਪਰ ਪੁਲਿਸ ਨੂੰ ਇਹ ਨਜ਼ਰ ਨਹੀਂ ਆ ਰਿਹਾ ਹੈ । ਉਸ ਦੇ ਪਿਤਾ ਮੁਤਾਬਿਕ ਪੁਲਿਸ ਮਨਜੋਤ ਦੀ ਜਿਹੜੀ ਅਖੀਰਲੀ ਚਿੱਠੀ ਬਾਰੇ ਦਾਅਵਾ ਕਰ ਰਹੀ ਹੈ ਉਹ ਤਾਂ ਤੁਸੀਂ ਗਲੇ ‘ਤੇ ਚਾਕੂ ਰੱਖ ਕੇ ਕੁਝ ਵੀ ਲਿਖਵਾ ਸਕਦੇ ਹੋ। ਉਨ੍ਹਾਂ ਕਿਹਾ ਮੇਰੇ ਪੁੱਤਰ ਨੂੰ ਕਈ ਲੋਕਾਂ ਨੇ ਮਿਲਕੇ ਮਾਰਿਆ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ । ਪਿਤਾ ਨੇ ਕਿਹਾ ਉਨ੍ਹਾਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਵੀ ਚਿੱਠੀ ਲਿਖ ਕੇ ਇਸ ਦੀ ਜਾਂਚ ਕਿਸੇ ਚੰਗੀ ਏਜੰਸੀ ਕੋਲੋ ਕਰਵਾਉਣ ਦੀ ਮੰਗ ਕੀਤੀ ਹੈ ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਨਜੋਤ ਦੇ ਮਾਪਿਆਂ ਨੂੰ ਹਰ ਤਰ੍ਹਾਂ ਮਦਦ ਦੇਣ ਦਾ ਭਰੋਸਾ ਦਿੱਤਾ ਹੈ । ਉਨ੍ਹਾਂ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਮਨਜੋਤ ਦੇ ਮਾਮਲੇ ਦੀ ਜਾਂਚ ਉੱਚ ਪੱਧਰੀ ਕਰਵਾਉਣ ਦੀ ਮੰਗ ਕੀਤੀ ਹੈ । ਕਮੇਟੀ ਨੇ ਕਿਹਾ ਪਰਿਵਾਰ ਦੇ ਦਬਾਅ ਤੋਂ ਬਾਅਦ ਪੁਲਿਸ ਨੇ 4 ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ । ਪਰ ਇਸ ਦੀ ਤੈਅ ਤੱਕ ਜਾਣ ਦੇ ਲਈ ਸਿਟ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ ਅਤੇ ਮਾਪਿਆਂ ਦੇ ਹਰ ਸਵਾਲ ਦਾ ਜਵਾਬ ਉਨ੍ਹਾਂ ਨੂੰ ਦੇਣਾ ਚਾਹੀਦਾ ਹੈ।