ਕੈਨੇਡਾ ਵਿਚ ‘ਪੰਜਾਬੀ ਵਿਦਿਆਰਥੀਆਂ ਦੀਆਂ ਮੌਤਾਂ ਪੰਜਾਬੀ ਮਾਪਿਆਂ ਦੀ ਚਿੰਤਾ ਦਾ ਕਾਰਣ ਬਣੀਆਂ

ਕੈਨੇਡਾ ਵਿਚ ‘ਪੰਜਾਬੀ ਵਿਦਿਆਰਥੀਆਂ ਦੀਆਂ ਮੌਤਾਂ ਪੰਜਾਬੀ ਮਾਪਿਆਂ ਦੀ ਚਿੰਤਾ ਦਾ ਕਾਰਣ ਬਣੀਆਂ

ਡੇਢ ਮਹੀਨੇ ਦੇ ਅੰਦਰ ਚਾਰ ਪੰਜਾਬੀ ਵਿਦਿਆਰਥੀਆਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਣ ਹੋਈ

*ਸਟਰੈਸ ,ਫਾਸਟ ਫੂਡ,ਨਸ਼ੇ, ਠੰਡਾ ਮੌਸਮ ਬਣ ਰਿਹਾ ਏ ਸਿਹਤ ਵਿਗੜਨ ਦਾ ਕਾਰਣ

ਭਾਰਤ ਤੋਂ ਨੌਜਵਾਨ ਪੜ੍ਹਨ ਅਤੇ ਰੋਜ਼ਗਾਰ ਦੀ ਤਲਾਸ਼ ਲਈ ਕੈਨੇਡਾ ਜਾਂਦੇ ਹਨ ਅਤੇ ਪੰਜਾਬੀਆਂ ਦੇ ਲਈ ਤਾਂ ਬੀਤੇ ਸਾਲਾ ਦੌਰਾਨ ਇਹ ਸਭ ਤੋਂ ਮਨਪਸੰਦ ਮੁਲਕ ਬਣ ਗਿਆ ਹੈ । ਪਰ ਪਿਛਲੇ ਡੇਢ ਮਹੀਨੇ ਤੋਂ ਜਿਹੜੀਆਂ ਖ਼ਬਰਾਂ ਆ ਰਹੀਆਂ ਹਨ, ਉਹ ਹਰ ਇੱਕ ਮਾਪਿਆਂ ਨੂੰ ਚਿੰਤਾ ਵਿੱਚ ਪਾਉਣ ਵਾਲੀਆਂ ਹਨ । ਤਾਜ਼ਾ ਮਾਮਲੇ ਨਾਲ ਚਿੰਤਾ ਹੋਰ ਵੱਧ ਗਈ ਹੈ । ਟੋਰਾਂਟੋ ਵਿੱਚ 22 ਸਾਲਾ ਮਨਪ੍ਰੀਤ ਕੌਰ ਨੂੰ ਦਿਲ ਦਾ ਦੌਰਾ ਪਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ । ਉਹ 18 ਦਿਨ ਪਹਿਲਾਂ ਹੀ ਕੈਨੇਡਾ ਪਹੁੰਚੀ ਸੀ। ਕੈਨੇਡਾ ਵਿੱਚ ਡੇਢ ਮਹੀਨੇ ਦੇ ਅੰਦਰ ਹੁਣ ਤੱਕ ਚੌਥੇ ਪੰਜਾਬੀ ਨੌਜਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ ।

ਮਨਪ੍ਰੀਤ ਕੌਰ ਬਰਨਾਲਾ ਦੀ ਰਹਿਣ ਵਾਲੀ ਸੀ। ਮਨਪ੍ਰੀਤ ਦੇ ਪਿਤਾ ਕੇਵਲ ਸਿੰਘ ਨੇ ਦੱਸਿਆ ਕਿ ਰਾਤ 3 ਵਜੇ ਡਾਕਟਰ ਦਾ ਫ਼ੋਨ ਆਇਆ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਧੀ ਦੇ ਨਾਲ ਰਹਿਣ ਵਾਲੀਆਂ ਕੁੜੀਆਂ ਨੇ ਦੱਸਿਆ ਕਿ ਮਨਪ੍ਰੀਤ ਨੂੰ ਉਲਟੀ ਆਈ ਸੀ ਅਤੇ ਫਿਰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ । ਪਿਤਾ ਮੁਤਾਬਕ ਉਸ ਦੇ ਦੋਸਤਾਂ ਨੇ ਹੀ ਮਨਪ੍ਰੀਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ । ਪਰ ਉੱਥੇ ਕੁਝ ਦੇਰ ਬਾਅਦ ਸਾਹ ਰੁਕ ਗਏ ਡਾਕਟਰਾਂ ਨੇ ਉੱਥੇ ਮਨਪ੍ਰੀਤ ਨੂੰ ਮ੍ਰਿਤਕ ਐਲਾਨ ਦਿੱਤਾ । ਘਰ ਵਾਲਿਆਂ ਦੀ ਭਾਰਤ ਸਰਕਾਰ ਨੂੰ ਅਪੀਲ ਹੈ ਕਿ ਉਹ ਮਨਪ੍ਰੀਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਮਦਦ ਕਰਨ।

22 ਸਾਲਾ ਮਨਪ੍ਰੀਤ ਕੌਰ ਤੋਂ ਪਹਿਲਾਂ ਪਿਛਲੇ ਮਹੀਨੇ ਵਿੱਚ 3 ਪੰਜਾਬੀ ਨੌਜਵਾਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ । 26 ਜੁਲਾਈ ਨੂੰ ਭਦੌੜ ਦੇ ਪਿੰਡ ਸੰਧੂ ਕਲਾਂ ਦੇ 17 ਸਾਲ ਦੇ ਨੌਜਵਾਨ ਜਗਜੀਤ ਸਿੰਘ ਦੀ ਕੈਨੇਡਾ ਵਿੱਚ ਮੌਤ ਦੀ ਖ਼ਬਰ ਆਈ ਸੀ । 10 ਦਿਨ ਪਹਿਲਾਂ ਹੀ ਉਹ ਪੜ੍ਹਾਈ ਅਤੇ ਰੋਜ਼ਗਾਰ ਦੇ ਲਈ ਕੈਨੇਡਾ ਗਿਆ ਸੀ। ਕੈਨੇਡਾ ਵਿੱਚ ਉਸ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ ਸੀ । ਜਗਜੀਤ ਸਿੰਘ 14 ਜੁਲਾਈ ਨੂੰ ਕੈਨੇਡਾ ਗਿਆ ਸੀ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਕੈਨੇਡਾ ਵਿੱਚ ਉਸ ਦੀ ਮੌਤ ਇੰਤਜ਼ਾਰ ਕਰ ਰਹੀ ਸੀ । 4 ਮਹੀਨੇ ਪਹਿਲਾਂ ਹੀ ਮ੍ਰਿਤਕ ਜਗਜੀਤ ਦੀ ਭੈਣ ਕੈਨੇਡਾ ਪੜ੍ਹਾਈ ਕਰਨ ਗਈ ਸੀ ।

 

20 ਜੁਲਾਈ ਨੂੰ ਗੁਰਦਾਸਪੁਰ ਦੇ ਰਜਤ ਮਹਿਰਾ ਦੀ ਮੌਤ ਦੀ ਖ਼ਬਰ ਨੇ ਪੂਰੇ ਪਰਿਵਾਰ ਨੂੰ ਹੈਰਾਨ ਕਰ ਦਿੱਤਾ ਸੀ । ਰਜਤ 21 ਦਿਨ ਪਹਿਲਾਂ ਕੈਨੇਡਾ ਪੜ੍ਹਨ ਦੇ ਲਈ ਗਿਆ ਸੀ । ਉਸ ਦੀ ਮੌਤ ਦੇ ਪਿੱਛੇ ਵੀ ਦਿਲ ਦਾ ਦੌਰਾ ਪੈਣ ਨੂੰ ਕਾਰਨ ਦੱਸਿਆ ਗਿਆ ਸੀ । ਰਜਤ ਮਹਿਰਾ ਦੇ ਵੱਡੇ ਭਰਾ ਅਤੁੱਲ ਮਹਿਰਾ ਅਤੇ ਪਿਤਾ ਅਸ਼ਵਨੀ ਮਹਿਰਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਐਮਬੀਏ ਦੀ ਪੜ੍ਹਾਈ ਕਰਨ ਦੇ ਲਈ ਕੈਨੇਡਾ ਗਿਆ ਸੀ ।

 

ਇਸ ਤੋਂ ਪਹਿਲਾਂ 13 ਜੁਲਾਈ ਨੂੰ ਜਲਾਲਾਬਾਦ ਦੇ ਸੰਜੇ ਦੀ ਵੀ ਇਸੇ ਤਰ੍ਹਾਂ ਮੌਤ ਦੀ ਖ਼ਬਰ ਨੇ ਪਰਿਵਾਰ ਨੂੰ ਹੈਰਾਨ ਕਰ ਦਿੱਤਾ ਸੀ। 26 ਸਾਲ ਦਾ ਸੰਜੇ ਕੈਨੇਡਾ ਦੇ ਬ੍ਰਿਮਟਨ ਸ਼ਹਿਰ ਵਿੱਚ ਰਹਿੰਦਾ ਸੀ ਅਤੇ ਉਸ ਨੂੰ ਵੀ ਦਿਲ ਦਾ ਦੌਰਾ ਪਿਆ ਸੀ । ਸੰਜੇ ਕੰਮ ਤੋਂ ਪਰਤ ਕੇ ਘਰ ਸੁੱਤਾ ਹੋਇਆ ਸੀ । ਪਰ ਸਵੇਰੇ ਉਸ ਦੇ ਸਾਹ ਨਹੀਂ ਚੱਲ ਰਹੇ ਸਨ । ਸੰਜੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਕੈਨੇਡਾ ਵਿੱਚ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਸੀ ।

ਡੇਢ ਮਹੀਨੇ ਦੇ ਅੰਦਰ ਦਿਲ ਦਾ ਦੌਰਾ ਪੈਣ ਨਾਲ ਇਹ ਉਨ੍ਹਾਂ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹਨ ਜੋ ਸਾਹਮਣੇ ਆਈਆਂ ਹਨ । ਇਹ ਗਿਣਤੀ ਇਸ ਤੋਂ ਜ਼ਿਆਦਾ ਵੀ ਹੋ ਸਕਦੀ ਹੈ। ਸੁਆਲ ਇਹ ਕਿ ਇਸ ਦੇ ਪਿੱਛੇ ਕਾਰਨ ਕੀ ਹੋ ਸਕਦੇ ਹਨ ? 

ਵੈਨਕੂਵਰ ਦੇ ਸੀਨੀਅਰ ਪੱਤਰਕਾਰ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਕੈਨੇਡਾ ਗਏ ਨੌਜਵਾਨ ‘ਤੇ ਨਵੇਂ ਮੁਲਕ ਪਹੁੰਚ ਕੇ ਵੱਡੀ ਚੁਣੋਤੀ ਹੁੰਦੀ ਹੈ ਉੱਥੇ ਦੇ ਵਾਤਾਵਰਣ ਨੂੰ ਆਪਣੇ ਸਰੀਰ ਦੇ ਨਾਲ ਢਾਲਣਾ । ਕੈਨੇਡਾ ਦੇ ਕਈ ਇਲਾਕੇ ਅਜਿਹੇ ਹਨ ਜਿੱਥੇ 12 ਮਹੀਨੇ ਠੰਢ ਹੁੰਦੀ ਹੈ ਅਤੇ ਤਾਪਮਾਨ – 20 ਤੱਕ ਜਾਂਦਾ ਹੈ । ਇਹ ਵੀ ਦਿਲ ਦਾ ਦੌਰਾ ਪੈਣ ਦਾ ਵੱਡਾ ਕਾਰਨ ਹੋ ਸਕਦਾ ਹੈ । ਇਸ ਤੋਂ ਇਲਾਵਾ ਪੜ੍ਹਾਈ ਦਾ ਪ੍ਰੈਸ਼ਰ ਉਸ ਦੇ ਨਾਲ ਕੰਮ ਦੀ ਤਲਾਸ਼ ਕਰਨੀ,ਦੋਵਾਂ ਨੂੰ ਬੈਲੰਸ ਕਰਨਾ ।

ਡਾਕਟਰ ਧਾਲੀਵਾਲ ਆਖਦੇ ਹਨ ਕੀ ਕਈ ਵਿਦਿਆਰਥੀ ਫ਼ੀਸ ਭਰਨ ਦੇ ਲਈ ਵੱਧ ਤੋਂ ਵੱਧ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂਕਿ ਘਰ ਵਾਲਿਆਂ ‘ਤੇ ਫ਼ੀਸ ਭਰਨ ਦਾ ਦਬਾਅ ਘੱਟ ਹੋਵੇ। ਕੈਨੇਡਾ ਵਿੱਚ ਵਿਦਿਆਰਥੀਆਂ ਦੀ ਵੱਧ ਰਹੀ ਦਿਲਚਸਪੀ ਦੀ ਵਜ੍ਹਾ ਕਰਕੇ ਘਰ ਦਾ ਕਿਰਾਇਆ ਬਹੁਤ ਜ਼ਿਆਦਾ ਹੋ ਗਿਆ ਹੈ। ਕੁਝ ਲੋਕਾਂ ਨੇ ਬੇਸਮੈਂਟ ਵਿੱਚ ਪੰਜਾਬ ਵਿਦਿਆਰਥੀਆਂ ਨੂੰ ਮਕਾਨ ਦਿੱਤੇ ਹਨ । ਉੱਥੇ ਆਕਸੀਜਨ ਦੀ ਕਮੀ ਹੁੰਦੀ ਹੈ ਪਰ ਸਸਤੇ ਮਕਾਨ ਦੇ ਚੱਕਰ ਵਿੱਚ ਇੱਕ-ਇੱਕ ਕਮਰੇ ਵਿੱਚ ਕਈ ਵਿਦਿਆਰਥੀ ਰਹਿਣ ਨੂੰ ਮਜਬੂਰ ਹਨ । ਇਸ ਦਾ ਅਸਰ ਵੀ ਸਿਹਤ ‘ਤੇ ਬਹੁਤ ਹੀ ਮਾੜਾ ਪੈਂਦਾ ਹੈ ।ਇੱਕ ਦਮ ਘਰ ਤੋਂ ਦੂਰ ਹੋਣਾ ਅਤੇ ਆਲ਼ੇ ਦੁਆਲੇ ਕਿਸੇ ਆਪਣੇ ਦਾ ਨਾ ਹੋਣਾ ਵੱਡੇ ਡਿਪਰੈਸ਼ਨ ਦਾ ਕਾਰਨ ਹੈ,ਅੰਦਰ ਹੀ ਅੰਦਰ ਕੁਝ ਵਿਦਿਆਰਥੀ ਘੁਟਨ ਮਹਿਸੂਸ ਕਰਦੇ ਹਨ ਕਿਧਰੇ ਨਾ ਕਿਧਰੇ ਇਹ ਵੀ ਦਿਲ ਦਾ ਦੌਰਾ ਪੈਣ ਦਾ ਵੱਡਾ ਕਾਰਨ ਹੋ ਸਕਦਾ ਹੈ ਟਰਾਂਟੋ ਤੋਂ ਬੁਧੀਜੀਵੀ ਗੁਰਲਾਲ ਸਿੰਘ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਇਸ ਵਕਤ ਨੌਕਰੀਆਂ ਨੂੰ ਲੈ ਕੇ ਰੀਸੈਸ਼ਨ ਵਰਗਾ ਮਾਹੌਲ ਹੈ। ਕਈ ਵਿਦਿਆਰਥੀ ਇਸ ਉਮੀਦ ਨਾਲ ਕੈਨੇਡਾ ਆਏ ਸਨ ਕਿ ਉਹ ਪੜ੍ਹਾਈ ਦੇ ਨਾਲ ਕੰਮ ਕਰਨਗੇ ਪਰ ਨੌਕਰੀ ਦੀ ਇੱਕ ਦਮ ਕਮੀ ਨੇ ਉਨ੍ਹਾਂ ਦੀ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ। ਇਸ ਨੇ ਵੀ ਵਿਦਿਆਰਥੀਆਂ ਦੀ ਚਿੰਤਾ ਵਧਾਈ ਹੈ । ਸਭ ਤੋਂ ਵੱਡਾ ਕਾਰਨ ਤਾਂ ਕੈਨੇਡਾ ਦਾ ਮੈਡੀਕਲ ਸਿਸਟਮ ਹੈ । ਜਿੱਥੇ ਤੁਹਾਨੂੰ ਇਲਾਜ ਦੇ ਲਈ ਲੰਮਾ-ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ । ਕਈ ਵਾਰ ਦਾ ਇਹ ਇੰਤਜ਼ਾਰ ਮਹੀਨਿਆਂ ਤੱਕ ਪਹੁੰਚ ਜਾਂਦਾ ਹੈ।

ਪਿ੍ੰਸੀਪਲ ਵਿਜੈ ਕੁਮਾਰ ਦਾ ਕਹਿਣਾ ਹੈ ਕਿ ਜੇਕਰ ਤੁਹਾਡੇ ਕੋਲ ਪੀਆਰ ਨਹੀਂ ਹੈ ਤਾਂ ਇਹ ਤੁਹਾਡੇ ਲਈ ਕਿਸੇ ਡਰਾਉਣ ਵਾਲੇ ਸੁਪਨੇ ਤੋਂ ਘੱਟ ਨਹੀਂ ਹੈ ।ਹੁਣ ਇਸ ਮੁਲਕ ਵਿਚ ਆਉਣ ਵਾਲੇ ਨੌਜਵਾਨ ਮੁੰਡੇ ਅਤੇ ਕੁੜੀਆਂ ਨੂੰ ਇਕੱਲੇ ਆਈਲਟਸ ਦੀ ਪ੍ਰੀਖਿਆ ਪਾਸ ਕਰ ਕੇ ਕਦੇ ਵੀ ਨਹੀਂ ਆਉਣਾ ਚਾਹੀਦਾ। ਇਸ ਮੁਲਕ ਵਿਚ ਪਲੰਬਰ, ਬਿਜਲੀ, ਮਿਸਤਰੀ, ਡਰਾਈਵਰੀ, ਸੈਲੂਨ, ਸਿਕਿਉਰਟੀ ਅਤੇ ਬੀਮੇ ਦੇ ਖੇਤਰ ਵਿਚ ਰੁਜ਼ਗਾਰ ਛੇਤੀ ਮਿਲ ਜਾਂਦਾ ਹੈ। ਬਹੁਤ ਚੰਗਾ ਹੋਵੇ ਜੇਕਰ ਤੁਸੀਂ ਇਸ ਮੁਲਕ ਵਿਚ ਆਉਣ ਤੋਂ ਪਹਿਲਾਂ ਆਪਣੇ ਹੱਥ ਵਿਚ ਕੋਈ ਨਾ ਕੋਈ ਹੁਨਰ ਲੈ ਕੇ ਆਓ। ਹੱਥ ਦਾ ਕੰਮ ਸਿੱਖ ਕੇ ਆਓ। ਵੋਕੇਸ਼ਨਲ ਦਾ ਕੋਈ ਨਾ ਕੋਈ ਡਿਪਲੋਮਾ ਕਰਕੇ ਆਓ।

ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦੇ ਧਿਆਨ ਰੱਖਣ ਵਾਲੀ ਸਭ ਤੋਂ ਜ਼ਰੂਰੀ ਗੱਲ ਇਹ ਵੀ ਹੈ ਕਿ ਜੇਕਰ ਤੁਸੀਂ ਇਹ ਸੋਚ ਕੇ ਇਸ ਮੁਲਕ ਵਿਚ ਆਉਣਾ ਚਾਹੁੰਦੇ ਹੋ ਕਿ ਕਿਸੇ ਨਾ ਕਿਸੇ ਤਰ੍ਹਾਂ ਕੈਨੇਡਾ ਪਹੁੰਚ ਜਾਓ, ਪੜ੍ਹਾਈ ਦੀਆਂ ਫ਼ੀਸਾਂ, ਰਹਿਣ-ਸਹਿਣ, ਖਾਣ-ਪੀਣ, ਕਿਰਾਇਆ ਤੇ ਹੋਰ ਖ਼ਰਚੇ ਜਾਂਦਿਆਂ ਹੀ ਨੌਕਰੀ ਤੋਂ ਮਿਲਣ ਵਾਲੇ ਡਾਲਰਾਂ ਤੋਂ ਨਿਕਲ ਜਾਣਗੇ ਤਾਂ ਉਹ ਭੁਲੇਖੇ ਵਿਚ ਹਨ। ਇਸ ਮੁਲਕ ਵਿਚ ਇਸ ਵਿਉਂਤਬੰਦੀ ਨਾਲ ਆਓ ਕਿ ਜੇਕਰ ਸਾਲ-ਛੇ ਮਹੀਨੇ ਕੋਈ ਰੁਜ਼ਗਾਰ ਨਾ ਮਿਲਿਆ ਤਾਂ ਉਹ ਆਪਣੀਆਂ ਫ਼ੀਸਾਂ ਦੇ ਲੈਣਗੇ ਤੇ ਬਾਕੀ ਖ਼ਰਚਾ ਕਰ ਲੈਣਗੇ। ਕਰਜ਼ਾ ਚੁੱਕ ਕੇ ਅਤੇ ਜ਼ਮੀਨਾਂ ਵੇਚ ਕੇ ਬਿਲਕੁੱਲ ਨਾ ਆਓ। ਏਜੰਟਾਂ ਦੇ ਦਿਖਾਏ ਹੋਏ ਸਬਜ਼-ਬਾਗ਼ ਵਿਚ ਫਸ ਕੇ ਨਾ ਆਓ।

ਪਰੂਥੀ ਹਸਪਤਾਲ ਜਲੰਧਰ ਦੇ ਡਾ: ਚਰਨਜੀਤ ਸਿੰਘ ਪਰੂਥੀ ਦਾ ਕਹਿਣਾ ਹੈ ਕਿ ਅਚਾਨਕ ਕਾਰਡੀਅਕ ਅਰੇਸਟ ਦੌਰਾਨ ਵਿਅਕਤੀ ਦਾ ਦਿਲ, ਖ਼ੂਨ ਨੂੰ ਪੰਪ ਕਰਨਾ ਬੰਦ ਕਰ ਦਿੰਦਾ ਹੈ ਅਤੇ ਦਿਲ ਸਟੈਂਡ ਸਟਿਲ ਸਥਿਤੀ ਵਿੱਚ ਚਲਾ ਜਾਂਦਾ ਹੈ। ਇਸ ਕਾਰਨ ਦਿਮਾਗ਼ ਅਤੇ ਸਰੀਰ ਦੇ ਹੋਰ ਹਿੱਸਿਆਂ ਨੂੰ ਖ਼ੂਨ ਦੀ ਸਪਲਾਈ ਬੰਦ ਹੋ ਜਾਂਦੀ ਹੈ ਅਤੇ ਵਿਅਕਤੀ ਅਚਾਨਕ ਬੇਹੋਸ਼ ਹੋ ਜਾਂਦਾ ਹੈ। ਇਸ ਦੌਰਾਨ ਦਿਲ ਦੀ ਧੜਕਣ ਅਸਧਾਰਨ ਹੋ ਜਾਂਦੀ ਹੈ। ਸਾਧਾਰਨ ਦਿਲ ਦੀ ਧੜਕਣ 60-90 ਬੀਪੀਅਐਮ ਹੁੰਦੀ ਹੈ, ਜੋ ਕਿ ਦਿਲ ਦੇ ਦੌਰੇ ਵਿੱਚ 250-350 ਬੀਪੀਅਐਮ ਤੱਕ ਜਾਂਦੀ ਹੈ।ਡਾਕਟਰ ਪਰੂਥੀ ਦਾ ਕਹਿਣਾ ਹੈ ਕਿ ਜੇਕਰ ਦਿਲ ਦਾ ਦੌਰਾ ਪੈਣ ਤੋਂ ਬਾਅਦ ਕੁਝ ਮਿੰਟਾਂ ਦੇ ਅੰਦਰ ਇਲਾਜ ਨਹੀਂ ਮਿਲਦਾ, ਤਾਂ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਅਜਿਹੇ ‘ਚ ਜ਼ਿਆਦਾਤਰ ਲੋਕ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਆਪਣੀ ਜਾਨ ਗੁਆ ਲੈਂਦੇ ਹਨ। ਡਾਕਟਰ ਪਰੂਥੀ ਅਨੁਸਾਰ ਅੱਜ ਦੇ ਯੁੱਗ ਵਿੱਚ ਨੌਜਵਾਨਾਂ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਅਤੇ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਖ਼ਰਾਬ ਜੀਵਨ ਸ਼ੈਲੀ,ਫਾਸਟ ਫੂਡ,ਬਰਗਰ,ਪੀਜੇ ,ਕੋਲਡ ਡਰਿੰਕ ਖਾਣ-ਪੀਣ ਦੀਆਂ ਗ਼ਲਤ ਆਦਤਾਂ,ਸ਼ਰਾਬ, ਜ਼ਿਆਦਾ ਤਣਾਅ ਅਤੇ ਸਿਗਰਟਨੋਸ਼ੀ ਹੈ। ਡਾਕਟਰ ਪਰੂਥੀ ਦਾ ਕਹਿਣਾ ਹੈ ਕਿ ਕੋਵਿਡ -19 ਤੋਂ ਬਾਅਦ, ਲੋਕਾਂ ਦੀਆਂ ਕੋਰੋਨਰੀ ਆਰਟਰੀਜ ਵਿੱਚ ਕਲੋਟ ਬਣਨ ਦੇ ਮਾਮਲੇ ਵੱਧ ਗਏ ਹਨ, ਜਿਸ ਕਾਰਨ ਅਚਾਨਕ ਦਿਲ ਦਾ ਦੌਰਾ ਪੈਣ ਤੇ ਦਿਲ ਦੀਆਂ ਹੋਰ ਬਿਮਾਰੀਆਂ ਦਾ ਖ਼ਤਰਾ ਕਾਫ਼ੀ ਵੱਧ ਗਿਆ ਹੈ। ਡਾਕਟਰ ਪਰੂਥੀ ਅਨੁਸਾਰ ਅੱਜ ਦੇ ਦੌਰ ਵਿੱਚ ਤਣਾਅ ਦਿਲ ਦੀ ਸਿਹਤ ਲਈ ਸਭ ਤੋਂ ਵੱਡਾ ਖ਼ਤਰਾ ਬਣ ਰਿਹਾ ਹੈ। ਜੇਕਰ ਤੁਹਾਡੀ ਮਾਨਸਿਕ ਸਿਹਤ ਠੀਕ ਰਹੇਗੀ ਤਾਂ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਹੋ ਜਾਵੇਗਾ। ਅਜਿਹੇ ਵਿਚ ਹਰ ਕਿਸੇ ਨੂੰ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਦਿਲ ਨੂੰ ਸਿਹਤਮੰਦ ਰੱਖਿਆ ਜਾ ਸਕੇ।ਡਾਕਟਰ ਪਰੂਥੀ ਆਖਦੇ ਹਨ ਕਿ ਹਰ ਰੋਜ਼ ਕਸਰਤ ਕਰੋ,ਸਿਹਤਮੰਦ ਖ਼ੁਰਾਕ ਲਵੋ,ਸਿਗਰਟਨੋਸ਼ੀ ਤੇ ਹਰੇਕ ਤਰ੍ਹਾਂ ਦੇ ਨਸ਼ਿਆਂ ਤੋਂ ਤੁਰੰਤ ਪਰਹੇਜ਼ ਕਰੋ,ਆਪਣੇ ਆਪ ਨੂੰ ਸਰੀਰਕ ਤੌਰ ‘ਤੇ ਸਰਗਰਮ ਰੱਖੋ,ਸਮੇਂ-ਸਮੇਂ ‘ਤੇ ਸਿਹਤ ਜਾਂਚ ਕਰਵਾਓ, ਆਪਣੇ ਭਾਰ ‘ਤੇ ਕਾਬੂ ਰੱਖੋ,ਸ਼ੂਗਰ, ਬੀਪੀ, ਕੋਲੈਸਟ੍ਰੋਲ ਨੂੰ ਕੰਟਰੋਲ ਕਰੋ,ਕਿਸੇ ਵੀ ਸਮੱਸਿਆ ਦੀ ਸਥਿਤੀ ਵਿੱਚ, ਤੁਰੰਤ ਕਾਰਡੀਓਲੋਜਿਸਟ ਨਾਲ ਸੰਪਰਕ ਕਰੋ।