ਮੱਧ ਪ੍ਰਦੇਸ਼ ਵਿਚ ਕਾਂਗਰਸ ਨੂੰ ਹਿੰਦੂਤਵ ਦਾ ਬੁਖਾਰ ਚੜ੍ਹਿਆ

ਮੱਧ ਪ੍ਰਦੇਸ਼ ਵਿਚ ਕਾਂਗਰਸ ਨੂੰ ਹਿੰਦੂਤਵ ਦਾ ਬੁਖਾਰ ਚੜ੍ਹਿਆ

ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕਮਲਨਾਥ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦਾ ਚੇਲਾ

*ਰਾਹੁਲ ਗਾਂਧੀ ਸਮੇਤ ਸਾਰੀ ਹਾਈਕਮਾਂਡ ਨੇ ਚੁਪ ਧਾਰੀ

ਰਾਹੁਲ ਗਾਂਧੀ ਭਾਰਤ ਵਿੱਚ ‘ਮੁਹਬਤ ਦੀਆਂ ਦੁਕਾਨਾਂ’ ਖੋਲ੍ਹਣ ਦਾ ਦਾਅਵਾ ਕਰ ਰਹੇ ਹਨ, ਪਰ ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕਮਲਨਾਥ ਭਾਰਤ ਨੂੰ ‘ਹਿੰਦੂ ਰਾਸ਼ਟਰ’ ਦੱਸਦੇ ਹਨ ਅਤੇ ਹਿੰਦੂ ਰਾਸ਼ਟਰਵਾਦੀ ਫਿਰਕੂ ਸਾਧਾਂ ਦੇ ਪੈਰੀਂ ਬੈਠ ਕੇ ਉਨ੍ਹਾਂ ਦੇ ਗੁਣ ਗਾਇਨ ਕਰਦੇ ਹਨ, ਇੱਥੋਂ ਤੱਕ ਕਿ ਉਨ੍ਹਾਂ ਦੀ ਆਰਤੀ ਤਕ ਉਤਾਰਦੇ ਹਨ।ਇਸ ਤਰ੍ਹਾਂ ਕੇਂਦਰ ਅਤੇ ਮੱਧ ਪ੍ਰਦੇਸ਼ ਵਿੱਚ ਕਾਂਗਰਸ ਦੇ ਦੋ ਵੱਖ-ਵੱਖ ਚਿਹਰੇ ਨਜ਼ਰ ਆ ਰਹੇ ਹਨ। ਕੇਂਦਰ ਵਿੱਚ ਕਾਂਗਰਸ ਧਰਮ ਨਿਰਪੱਖਤਾ ਦੀ ਵਕਾਲਤ ਕਰਦੀ ਹੈ ਅਤੇ ਮੌਜੂਦਾ ਮੁਸਲਿਮ ਵਿਰੋਧੀ ਹਿੰਦੂਤਵੀ ਸਿਆਸਤ ਦਾ ਡਟ ਕੇ ਟਾਕਰਾ ਕਰਨ ਦਾ ਦਾਅਵਾ ਕਰਦੀ ਹੈ, ਦੂਜੇ ਪਾਸੇ ਦਿੱਲੀ ਤੋਂ ਥੋੜੀ ਦੂਰੀ ’ਤੇ ਸਥਿਤ ਮੱਧ ਪ੍ਰਦੇਸ਼ ਵਿੱਚ ਵੀ ਆਪਣੇ ਸੀਨੀਅਰ ਆਗੂ ਕਮਲ ਨਾਥ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਹਿੰਦੂ ਰਾਸ਼ਟਰਵਾਦੀਆਂ ਦੇ ਮਹਾਂਰਥੀਆਂ ਦਾ ਸਨਮਾਨ ਕਰਦੀ ਹੈ।

ਇਸ ਦੀ ਤਾਜ਼ਾ ਮਿਸਾਲ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਵਿੱਚ ਦੇਖਣ ਨੂੰ ਮਿਲੀ। 'ਹਿੰਦੂ ਰਾਸ਼ਟਰ' ਦੇ ਕੱਟੜ ਸਮਰਥਕ ਤੇ ਮੁਸਲਮਾਨਾਂ ਦੀਆਂ ਜਾਇਦਾਦਾਂ ਉਪਰ ਸਰਕਾਰੀ ਬੁਲਡੋਜ਼ਰ ਚਲਾਉਣ ਦੀ ਵਕਾਲਤ ਕਰਨ ਵਾਲੇ ਬਾਗੇਸ਼ਵਰ ਧਾਮ ਦੇ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਕਥਾ ਕਰਨ ਲਈ ਛਿੰਦਵਾੜਾ ਪਹੁੰਚੇ ਤਾਂ ਉਨ੍ਹਾਂ ਦੇ ਗ੍ਰਹਿ ਜ਼ਿਲ੍ਹੇ ਵਿੱਚ ਕਮਲਨਾਥ ਅਤੇ ਉਨ੍ਹਾਂ ਦੇ ਪੁੱਤਰ ਸੰਸਦ ਮੈਂਬਰ ਨਕੁਲ ਨਾਥ ਨੇ ਪੈਰੀਂ ਬੈਠ ਕੇ ਮੱਥਾ ਟੇਕਿਆ ,ਉਨ੍ਹਾਂ ਦੀ ਆਰਤੀ ਕੀਤੀ ਅਤੇ ਉਨ੍ਹਾਂ ਦੀ ਉਸਤਤ ਵਿੱਚ ਭਾਸ਼ਣ ਦਿੱਤੇ। ਕਮਲਨਾਥ ਨੇ ਇਹ ਵੀ ਕਿਹਾ ਕਿ, 'ਭਾਰਤ ਦੀ ਸਭ ਤੋਂ ਵੱਡੀ ਅਧਿਆਤਮਕ ਸ਼ਕਤੀ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਮਹਾਰਾਜ ਹਨ।

ਪਿਛਲੇ ਸਾਲ ਜਦੋਂ ਜੂਨ ਵਿੱਚ ਕਮਲਨਾਥ ਦੀ ਮੌਜੂਦਗੀ ਵਿੱਚ ਬਜਰੰਗ ਸੈਨਾ ਦਾ ਕਾਂਗਰਸ ਵਿੱਚ ਰਲੇਵਾਂ ਹੋਇਆ ਸੀ ਤਾਂ ਕਾਂਗਰਸੀ ਆਗੂਆਂ ਨੇ ਦਾਅਵਾ ਕੀਤਾ ਸੀ ਕਿ ਬਜਰੰਗ ਸੈਨਾ ਦੇ ਮੈਂਬਰਾਂ ਨੇ ਕਾਂਗਰਸ ਦੀ ਵਿਚਾਰਧਾਰਾ ਅਪਣਾ ਲਈ ਹੈ, ਪਰ ਬਜਰੰਗ ਸੈਨਾ ਦੇ ਕੌਮੀ ਪ੍ਰਧਾਨ ਰਣਵੀਰ ਪਟੇਰੀਆ ਦਾ ਕਹਿਣਾ ਸੀ ਕਿ ਉਹ 'ਹਿੰਦੂ ਰਾਸ਼ਟਰ' ਦੀ ਆਪਣੀ ਮੰਗ 'ਤੇ ਕਾਇਮ ਹਨ ਅਤੇ ਕਾਂਗਰਸ ਨੇ ਭਰੋਸਾ ਦਿੱਤਾ ਸੀ ਕਿ ਜੇਕਰ ਉਹ ਕੇਂਦਰ ਵਿਚ ਸਰਕਾਰ ਬਣਾਉਂਦੀ ਹੈ ਤਾਂ ਭਾਰਤ ਨੂੰ 'ਹਿੰਦੂ ਰਾਸ਼ਟਰ' ਬਣਾਉਣ ਦੇ ਯਤਨ ਕੀਤੇ ਜਾਣਗੇ।

ਕਾਂਗਰਸੀ ਹੁਣ ਇਸ ਬਿਆਨ ਤੋਂ ਕੰਨੀ ਕਤਰਾਉਂਦੇ ਨਜ਼ਰ ਆ ਰਹੇ ਸਨ, ਪਰ ਹੁਣ ਜਦ ਕਮਲਨਾਥ ਤੇ ਪੰਡਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦੀ ਨੇੜਤਾ ਹੈ ਤਾਂ ਉਹ ਕਿਵੇਂ ਦਾਅਵਾ ਕਰ ਸਕਦੇ ਹਨ ਕਿ ਉਹ ‘ਹਿੰਦੂ ਰਾਸ਼ਟਰ’ ਦੇ ਸਮਰਥਕ ਨਹੀਂ ਹਨ ।ਸਚੀ ਗੱਲ ਇਹ ਹੈ ਕਿ ਕਮਲਨਾਥ ਸੱਤਾ ਦੀ ਰਾਜਨੀਤੀ ਲਈ ਸੰਘ ਦੀ ਵਿਚਾਰਧਾਰਾ ਨੂੰ ਅਪਣਾਉਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ।

ਕਾਂਗਰਸ ਦੇ ਕਰੀਬੀ ਮੰਨੇ ਜਾਣ ਵਾਲੇ ਅਚਾਰੀਆ ਪ੍ਰਮੋਦ ਕ੍ਰਿਸ਼ਨਨ ਨੇ ਕਮਲਨਾਥ ਦੇ ਇਸ ਕਦਮ ਦੀ ਆਲੋਚਨਾ ਕੀਤੀ।ਉਨ੍ਹਾਂ ਕਿਹਾ ਕਿ ''ਭਾਜਪਾ ਦੇ ਸਟਾਰ ਪ੍ਰਚਾਰਕ ਸਾਧ ਸ਼ਾਸ਼ਤਰੀ ਦੀ ਆਰਤੀ ਕਰਨਾ ਕਾਂਗਰਸ ਦੇ ਸੀਨੀਅਰ ਨੇਤਾਵਾਂ ਲਈ ਠੀਕ ਨਹੀਂ , ਜਿਸ ਨੇ ਆਰਐਸਐਸ ਦੇ ਏਜੰਡੇ ਹਿੰਦੂ ਰਾਸ਼ਟਰ' ਦੀ ਖੁੱਲ੍ਹ ਕੇ ਵਕਾਲਤ ਕਰਕੇ ਮੁਸਲਮਾਨਾਂ ਨੂੰ ਜ਼ਲੀਲ ਕਰਕੇ 'ਸੰਵਿਧਾਨ' ਦੀ ਉਲੰਘਣਾ ਕੀਤੀ ਹੈ।ਜਦੋਂ, ਸੂਬਾ ਪ੍ਰਧਾਨ ਕਮਲਨਾਥ ਨੂੰ ਧੀਰੇਂਦਰ ਸ਼ਾਸਤਰੀ ਦੀ ਹਿੰਦੂ ਰਾਸ਼ਟਰ’ ਦੀ ਮੰਗ ਬਾਰੇ ਪੱਤਰਕਾਰਾਂ ਵਲੋਂ ਪੁੱਛਿਆ ਤਾਂ ਉਨ੍ਹਾਂ ਕਿਹਾ, ‘ਪੰਡਤ ਧੀਰੇਂਦਰ ਨੇ ਛਿੰਦਵਾੜਾ ਵਿੱਚ ਅਜਿਹੀ ਕੋਈ ਮੰਗ ਨਹੀਂ ਕੀਤੀ।ਉਨ੍ਹਾਂ ਕਿਹਾ ਕਿ ਅੱਜ ਸਾਡੇ ਦੇਸ਼ ਵਿੱਚ 82 ਫੀਸਦੀ ਹਿੰਦੂ ਹਨ ਤਾਂ ਇਹ ਫਿਰ ਭਾਰਤ ਕਿਹੜਾ ਰਾਸ਼ਟਰ ਹੈ?'

ਅਜਿਹਾ ਸੰਬੋਧਨ ਕਰਨ ਤੋਂ ਬਾਅਦ ਵੀ ਕਮਲਨਾਥ ‘ਧਰਮ ਨਿਰਪੱਖ’ ਹੋਣ ਦੀ ਗੱਲ ਸ਼ੁਰੂ ਕਰ ਦਿੰਦੇ ਹਨ, ਪਰ ਕਮਲਨਾਥ ਤੋਂ ਸੁਆਲ ਪੁਛਣਾ ਬਣਦਾ ਹੈ ਕਿ ਕੀ ਭਾਰਤ ਨੂੰ ‘ਹਿੰਦੂ ਬਹੁਗਿਣਤੀ’ ਕਾਰਨ ਸੰਵਿਧਾਨ ਵਿੱਚ ‘ਹਿੰਦੂ ਰਾਸ਼ਟਰ’ ਕਿਹਾ ਗਿਆ ਹੈ? ਅਤੇ ਕੀ ਇੱਕ ਕੱਟੜ ਫਿਰਕੂ ਵਿਅਕਤੀ ਜੇਕਰ ਤੁਹਾਡੇ ਸਾਹਮਣੇ ਫਿਰਕਾਪ੍ਰਸਤੀ ਦੀ ਗੱਲ ਨਹੀਂ ਕਰਦਾ ਤਾਂ ਉਹ ‘ਧਰਮ ਨਿਰਪੱਖ’ ਬਣ ਜਾਂਦਾ ਹੈ?

ਇਸ ਤੋਂ ਪਹਿਲਾਂ ਜਦੋਂ ਸੁਪਰੀਮ ਕੋਰਟ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ ਤਾਂ ਮੱਧ ਪ੍ਰਦੇਸ਼ ਕਾਂਗਰਸ ਕਮੇਟੀ ਦਾ ਦਫ਼ਤਰ ਭਗਵਾਂ ਹੋ ਗਿਆ ਸੀ। ਕਈ ਮੌਕਿਆਂ 'ਤੇ ਕਾਂਗਰਸ ਨੇਤਾਵਾਂ ਨੇ ਮਾਣ ਨਾਲ ਕਿਹਾ ਸੀ ਕਿ 'ਰਾਮ ਮੰਦਰ ਦੇ ਨਿਰਮਾਣ ਦਾ ਸਿਹਰਾ ਸਾਡੇ ਸਿਰ ਜਾਂਦਾ ਹੈ ,ਕਿਉਂਕਿ ਇਹ ਰਾਜੀਵ ਗਾਂਧੀ ਨੇ ਰਾਮ ਮੰਦਰ ਦੇ ਦਰਵਾਜ਼ੇ ਖੋਲ੍ਹੇ ਸਨ'।

ਇੱਥੇ ਉਹ ਭੁੱਲ ਜਾਂਦੇ ਹਨ ਕਿ ਉਸ ਤੋਂ ਬਾਅਦ ਹੋਈ ਫਿਰਕੂ ਹਿੰਸਾ ਵਿੱਚ ਕਿੰਨੇ ਮੁਸਲਮਾਨ ਪਰਿਵਾਰਾਂ ਨੇ ਸੋਗ ਦੇ ਹੰਝੂ ਵਹਾਏ ਸਨ।

ਹਾਲਾਂਕਿ ਆਚਾਰੀਆ ਪ੍ਰਮੋਦ ਕ੍ਰਿਸ਼ਨਨ ਨੇ ਸੀਨੀਅਰ ਕਾਂਗਰਸੀ ਨੇਤਾਵਾਂ 'ਤੇ ਚੁਟਕੀ ਲੈਂਦਿਆਂ ਲਿਖਿਆ, 'ਅੱਜ (ਮਹਾਤਮਾ) ਗਾਂਧੀ ਦੀ ਆਤਮਾ ਰੋ ਰਹੀ ਹੋਵੇਗੀ ਅਤੇ ਪੰਡਿਤ ਨਹਿਰੂ ਅਤੇ ਭਗਤ ਸਿੰਘ ਦੁਖੀ ਹੋਣਗੇ, ਪਰ ਧਰਮ ਨਿਰਪੱਖਤਾ ਦੇ ਝੰਡਾਬਰਦਾਰ ਜੈਰਾਮ ਰਮੇਸ਼, ਦਿਗਵਿਜੇ ਸਿੰਘ ਅਤੇ ( ਕਾਂਗਰਸ ਪ੍ਰਧਾਨ) ਮਲਿਕਾਰਜੁਨ ਖੜਗੇ ਸਾਰੇ ਚੁੱਪ ਹਨ।ਉਨ੍ਹਾਂ ਟਵੀਟ ਵਿੱਚ ‘ਮੁਹੱਬਤ ਦੀ ਦੁਕਾਨ’ ਖੋਲ੍ਹਣ ਵਾਲੇ ਰਾਹੁਲ ਗਾਂਧੀ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੂੰ ਵੀ ਟੈਗ ਕੀਤਾ, ਪਰ ਦੋਵਾਂ ਨੇ ਕੋਈ ਜਵਾਬ ਨਹੀਂ ਦਿੱਤਾ।ਇਸ ਗੱਲ ਦੀ ਦੁਹਾਈ ਦੇਣ ਵਾਲੀ ਕਾਂਗਰਸ ਅਤੇ ਇਸ ਦੀ ਕੇਂਦਰੀ ਲੀਡਰਸ਼ਿਪ ਮੱਧ ਪ੍ਰਦੇਸ਼ ਵਿੱਚ ਹੋ ਰਹੀਆਂ ਉਲੰਘਣਾਵਾਂ ‘ਤੇ ਚੁੱਪ ਵੱਟੀ ਬੈਠੀ ਹੈ।

ਇਸ ਤੋਂ ਪਹਿਲਾਂ ਜਦੋਂ ਕਮਲਨਾਥ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਗਾਂਧੀ ਦੇ ਕਾਤਲ ‘ਨੱਥੂਰਾਮ ਗੋਡਸੇ’ ਦੇ ਮੰਦਰ ਦੇ ਸੰਸਥਾਪਕ ਬਾਬੂ ਲਾਲ ਚੌਰਸੀਆ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਸੀ, ਉਦੋਂ ਵੀ ਕੇਂਦਰੀ ਲੀਡਰਸ਼ਿਪ ਚੁੱਪ ਰਹੀ ਸੀ।

ਸ਼ਾਇਦ ਇਸ ਚੁੱਪ ਦਾ ਕਾਰਨ ਕਾਂਗਰਸ ਦੀ ਸੱਤਾ ਤੋਂ ਲੰਮੀ ਦੂਰੀ ਹੈ, ਜਿਸ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਰਾਹੁਲ ਗਾਂਧੀ ਨੂੰ 'ਸ਼ਿਵ ਭਗਤ' ਕਹਿਣ ਵਾਲੇ ਹੋਰਡਿੰਗਾਂ/ਪੋਸਟਰਾਂ ਨਾਲ ਪੂਰੇ ਸੂਬੇ ਨੂੰ ਢੱਕ ਦਿਤਾ ਸੀ ਅਤੇ ਦਿਗਵਿਜੇ ਸਿੰਘ ਨੂੰ ਕੰਪਿਊਟਰ ਬਾਬਾ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿਚ ਜੇਲ੍ਹ ਬੰਦ ਮਿਰਚੀ ਬਾਬੇ ਦੀ ਸ਼ਰਨ ਵਿੱਚ ਜਾਣਾ ਪਿਆ ਸੀ। ਇਹੀ ਕਾਂਗਰਸ ਦਾ 'ਸਾਫਟ ਹਿੰਦੂਤਵ' ਸੀ, ਜੋ ਹੁਣ 'ਕੱਟੜ ਹਿੰਦੂਤਵ' ਵਿਚ ਪ੍ਰਫੁੱਲਤ ਹੁੰਦਾ ਨਜ਼ਰ ਆ ਰਿਹਾ ਹੈ।

ਵੈਸੇ, ਕਮਲਨਾਥ ਦੀ ਮੰਨੀਏ ਤਾਂ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਵੀ ਧੀਰੇਂਦਰ ਸ਼ਾਸਤਰੀ ਦੇ ਦਰਬਾਰ ਵਿੱਚ ਹਾਜ਼ਰੀ ਭਰ ਚੁੱਕੇ ਹਨ। ਹਾਂ, ਉਹ ਗੱਲ ਵੱਖਰੀ ਹੈ ਕਿ ਜਨਤਕ ਤੌਰ 'ਤੇ ਦਿਗਵਿਜੇ ਸਿੰਘ ਨੂੰ ਹਿੰਦੂ ਰਾਸ਼ਟਰ, ਲਵ ਜਿਹਾਦ, ਬੁਲਡੋਜ਼ਰ ਇਨਸਾਫ਼ ਆਦਿ ਵਿਰੁੱਧ ਸੰਘ ਅਤੇ ਭਾਜਪਾ ਨੂੰ ਘੇਰਦੇ ਦੇਖਿਆ ਜਾ ਸਕਦਾ ਹੈ।

ਹਾਲਾਂਕਿ ਕਮਲਨਾਥ ਆਪਣੀ ਸਫ਼ਾਈ ਵਿੱਚ ਇਹ ਕਹਿੰਦੇ ਰਹੇ ਕਿ ਪੰਡਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੇ ਛਿੰਦਵਾੜਾ ਵਿੱਚ ਕੋਈ ਫਿਰਕੂ ਜ਼ਹਿਰ ਨਹੀਂ ਉਗਲਿਆ, ਪਰ ਉਨ੍ਹਾਂ ਨੇ ਇਹ ਜ਼ਰੂਰ ਕਿਹਾ, 'ਗਿਆਨਵਾਪੀ ਕੋਈ ਮਸਜਿਦ ਨਹੀਂ, ਇਹ ਭਗਵਾਨ ਸ਼ੰਕਰ ਦਾ ਮੰਦਰ ਹੈ।' ਇਸ ਬਿਆਨ ਦੇ ਸੰਦਰਭ ਵਿੱਚ ਕਾਂਗਰਸ ਦੀ ਸਿਆਸਤ ਨੂੰ ਸਮਝੋ ਕਿ ਪਾਰਟੀ ਦੇ ਸੀਨੀਅਰ ਆਗੂ ਪੀ.ਚਿਦੰਬਰਮ ਅਤੇ ਸਲਮਾਨ ਖੁਰਸ਼ੀਦ ਕੇਂਦਰ ਵਿੱਚ ਵਾਰਾਣਸੀ ਵਿੱਚ ਗਿਆਨਵਾਪੀ ਮਸਜਿਦ ਵਿਵਾਦ ਨੂੰ ਲੈ ਕੇ ਉਲਟ ਭਾਜਪਾ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਹਨ।

ਇਸ ਨੂੰ ਕੀ ਕਹੀਏ, ਸੱਤਾ ਦੀ ਲਾਲਸਾ ਵਿਚ ਸਸਤੀ ਸਿਆਸਤ ਦਾ ਉਹ ਵਿਰੋਧਾਭਾਸ ਹੈ,ਦੋਗਲਾ ਚਿਹਰਾ ਹੈ ,ਜਿਸ ਤਹਿਤ ਕੇਂਦਰ ਵਿਚ ਖੁੱਲ੍ਹਣ ਵਾਲੀ 'ਮੁਹਬਤ ਦੀ ਦੁਕਾਨ ਦਾ ਸ਼ਟਰ ਮੱਧ ਪ੍ਰਦੇਸ਼ ਵਿਚ ਫਿਰਕੂ ਸੋਚ ਵਾਲੇ ਲੋਕਾਂ ਕਾਰਣ ਬੰਦ ਹੋ ਜਾਂਦਾ ਹੈ।