ਭਾਜਪਾ ਹਕੂਮਤ ਵਾਲੇ ਰਾਜਾਂ ਵਿਚ ਔਰਤਾਂ ਉਪਰ ਸਭ ਤੋਂ ਵੱਧ ਹੋ ਰਹੇ ਨੇ ਅਪਰਾਧ

ਭਾਜਪਾ ਹਕੂਮਤ ਵਾਲੇ ਰਾਜਾਂ ਵਿਚ ਔਰਤਾਂ ਉਪਰ ਸਭ ਤੋਂ ਵੱਧ ਹੋ ਰਹੇ ਨੇ ਅਪਰਾਧ

2017 ਤੋਂ 2021 ਤੱਕ ਭਾਰਤ ਦੇ 18 ਰਾਜਾਂ ਵਿਚ ਔਰਤਾਂ ਨਾਲ ਬਲਾਤਕਾਰ ਤੇ ਕਤਲਾਂ ਦੇ 1278 ਮਾਮਲੇ ਦਰਜ ਹੋਏ

ਪ੍ਰਧਾਨ ਮੰਤਰੀ ਨੇ ਮਨੀਪੁਰ ਵਿਚ ਔਰਤਾਂ ਨੂੰ ਨਿਰਵਸਤਰ ਘੁਮਾਉਣ, ਬਲਾਤਕਾਰ ਕਰਨ ਤੇ ਕਤਲ ਤੱਕ ਕਰ ਦੇਣ ਦੀ ਘਟਨਾ ਦੀ ਵੀਡੀਓ ਵਾਇਰਲ ਹੋਣ ’ਤੇ ਸੂਬੇ ਵਿਚ ਤਿੰਨ ਮਈ ਤੋਂ ਚਲ ਰਹੀ ਹਿੰਸਾ ਬਾਰੇ ਪਿਛਲੇ ਦਿਨੀਂ ਪਹਿਲੀ ਵਾਰ ਖਾਮੋਸ਼ੀ ਤੋੜਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨੀਪੁਰ ਦੀ ਘਟਨਾ ’ਤੇ ਦੁੱਖ ਪ੍ਰਗਟਾਉਣ ਦੇ ਨਾਲ-ਨਾਲ ਕਾਂਗਰਸ ਹਕੂਮਤਾਂ ਵਾਲੇ ਰਾਜਸਥਾਨ ਤੇ ਛੱਤੀਸਗੜ੍ਹ ਵਿਚ ਔਰਤਾਂ ’ਤੇ ਹਿੰਸਾ ਦਾ ਜ਼ਿਕਰ ਉਘਾੜ ਕੇ ਕੀਤਾ ਸੀ। ਭਾਜਪਾ ਦੀ ਹਕੂਮਤ ਵਾਲੀਆਂ ਸਰਕਾਰਾਂ ਵਿਚ ਔਰਤਾਂ ਦੀ ਦਸ਼ਾ ਬਾਰੇ ਕੁਝ ਨਹੀਂ ਸੀ ਕਿਹਾ। ਭਾਜਪਾਈਆਂ ਦੀ ਖਾਸੀਅਤ ਹੈ ਕਿ ਆਪਣੀ ਗਲਤੀ ਮੰਨਣ ਦੀ ਥਾਂ ਦੂਜੇ ਨੂੰ ਗਲਤ ਸਾਬਤ ਕਰਨ ਲਈ ਟਿੱਲ ਲਾ ਦਿੰਦੇ ਹਨ। ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਅਦ ਭਾਜਪਾ ਆਗੂਆਂ ਨੇ ਵੀ ਹੁਸ਼ਿਆਰੀ ਫੜਦਿਆਂ ਰਾਜਸਥਾਨ ਤੇ ਛੱਤੀਸਗੜ੍ਹ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਸੰਸਦ ਵਿਚ ਮਨੀਪੁਰ ਹਿੰਸਾ ’ਤੇ ਬਹਿਸ ਦੇ ਨਾਲ-ਨਾਲ ਰਾਜਸਥਾਨ ਤੇ ਛੱਤੀਸਗੜ੍ਹ ਦੀ ਸਥਿਤੀ ’ਤੇ ਬਹਿਸ ਨੂੰ ਵੀ ਨੱਥੀ ਕਰਨ ਦੀ ਮੰਗ ਕਰਨ ਲੱਗ ਪਏ। ਇਸੇ ਦਰਮਿਆਨ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਨੇ ਇਸ ਸਵਾਲ ਕਿ ਕੀ ਦੇਸ਼ ਵਿਚ ਔਰਤਾਂ ਨਾਲ ਬਲਾਤਕਾਰ ਤੇ ਉਨ੍ਹਾਂ ਦੇ ਕਤਲਾਂ ਦੇ ਮਾਮਲੇ ਵਧੇ ਹਨ, ਦਾ ਜਵਾਬ ਦਿੰਦਿਆਂ ਲੋਕ ਸਭਾ ਵਿਚ ਜਿਹੜੇ ਅੰਕੜੇ ਪੇਸ਼ ਕੀਤੇ ਹਨ, ਉਹ ਪ੍ਰਧਾਨ ਮੰਤਰੀ ਤੇ ਹੋਰਨਾਂ ਭਾਜਪਾ ਆਗੂਆਂ ਨੂੰ ਮੂੰਹ ਚਿੜਾਉਣ ਵਾਲੇ ਹਨ। ਮਿਸ਼ਰਾ ਮੁਤਾਬਕ 2017 ਤੋਂ 2021 ਤੱਕ ਦੇਸ਼ ਦੇ 18 ਰਾਜਾਂ ਵਿਚ ਔਰਤਾਂ ਨਾਲ ਬਲਾਤਕਾਰ ਤੇ ਕਤਲਾਂ ਦੇ 1278 ਮਾਮਲੇ ਦਰਜ ਕੀਤੇ ਗਏ। 218 ਮਾਮਲਿਆਂ ਨਾਲ ਯੂ ਪੀ ਟਾਪ ’ਤੇ ਸੀ। ਉਸ ਤੋਂ ਬਾਅਦ ਆਸਾਮ (191), ਮੱਧ ਪ੍ਰਦੇਸ਼ (166) ਤੇ ਮਹਾਰਾਸ਼ਟਰ (133) ਸਨ। ਪਹਿਲੇ ਤਿੰਨ ਰਾਜਾਂ ਵਿਚ ਭਾਜਪਾ ਦੀਆਂ ਸਰਕਾਰਾਂ ਹਨ ਤੇ ਚੌਥੇ ਵਿਚ ਭਾਜਪਾ ਦੇ ਗੱਠਜੋੜ ਵਾਲੀ। ਕਾਂਗਰਸ ਦੀਆਂ ਹਕੂਮਤਾਂ ਵਾਲੇ ਰਾਜਸਥਾਨ ਤੇ ਛੱਤੀਸਗੜ੍ਹ ਵਿਚ ਕ੍ਰਮਵਾਰ 39 ਤੇ 32 ਮਾਮਲੇ ਦਰਜ ਹੋਏ ਸਨ ਜਦਕਿ ਤਿ੍ਰਣਮੂਲ ਕਾਂਗਰਸ ਦੀ ਹਕੂਮਤ ਵਾਲੇ ਪੱਛਮੀ ਬੰਗਾਲ ਵਿਚ 30 ਮਾਮਲੇ।

ਅਜੈ ਕੁਮਾਰ ਮਿਸ਼ਰਾ ਵੱਲੋਂ 2017 ਤੋਂ 2021 ਤੱਕ ਔਰਤਾਂ ਵਿਰੁੱਧ ਜੁਰਮਾਂ ਬਾਰੇ ਪੇਸ਼ ਅੰਕੜੇ ਦੱਸਦੇ ਹਨ ਕਿ ਉਨ੍ਹਾਂ ਦੀ ਸਭ ਤੋਂ ਮਾੜੀ ਹਾਲਤ ਭਾਜਪਾ ਦੀਆਂ ਹਕੂਮਤਾਂ ਵਾਲੇ ਰਾਜਾਂ ਵਿਚ ਹੈ। 2017 ਵਿਚ ਯੂ ਪੀ ਵਿਚ ਔਰਤਾਂ ਵਿਰੁੱਧ ਹਿੰਸਾ ਦੇ 56011 ਮਾਮਲੇ ਦਰਜ ਹੋਏ। ਉਸ ਤੋਂ ਬਾਅਦ ਮਹਾਰਾਸ਼ਟਰ (31979), ਬੰਗਾਲ (30992), ਮੱਧ ਪ੍ਰਦੇਸ਼ (29788), ਰਾਜਸਥਾਨ (25993) ਅਤੇ ਆਸਾਮ (23082) ਦਾ ਨੰਬਰ ਸੀ। ਛੱਤੀਸਗੜ੍ਹ ਵਿਚ 7996 ਮਾਮਲੇ ਦਰਜ ਹੋਏ ਸਨ। 2018 ਵਿਚ ਵੀ ਯੂ ਪੀ ਨੰਬਰ ਇਕ ’ਤੇ ਸੀ, ਜਿੱਥੇ 59445 ਮਾਮਲੇ ਦਰਜ ਹੋਏ। ਉਸ ਤੋਂ ਬਾਅਦ ਮਹਾਰਾਸ਼ਟਰ (35497), ਬੰਗਾਲ (30394), ਰਾਜਸਥਾਨ (27866) ਅਤੇ ਆਸਾਮ (27687) ਸਨ ਜਦਕਿ ਛੱਤੀਸਗੜ੍ਹ ਵਿਚ 8587 ਮਾਮਲੇ ਦਰਜ ਹੋਏ ਸਨ। 2019 ਵਿਚ ਵੀ ਯੂ ਪੀ 59853 ਮਾਮਲਿਆਂ ਨਾਲ ਅੱਵਲ ਸੀ। ਉਸ ਤੋਂ ਬਾਅਦ ਰਾਜਸਥਾਨ (41550), ਮਹਾਰਾਸ਼ਟਰ (37144), ਬੰਗਾਲ (29859) ਤੇ ਆਸਾਮ (30025) ਸਨ। ਛੱਤੀਸਗੜ੍ਹ ਵਿਚ 7689 ਮਾਮਲੇ ਦਰਜ ਹੋਏ ਸਨ। 2020 ਵਿਚ ਵੀ ਯੂ ਪੀ 49385 ਮਾਮਲਿਆਂ ਨਾਲ ਅੱਵਲ ਸੀ। ਉਸ ਤੋਂ ਬਾਅਦ ਬੰਗਾਲ (36439), ਰਾਜਸਥਾਨ (34535), ਮਹਾਰਾਸ਼ਟਰ (31954) ਆਸਾਮ (26352) ਸਨ, ਜਦਕਿ ਛੱਤੀਸਗੜ੍ਹ ਵਿਚ 7385 ਮਾਮਲੇ ਦਰਜ ਹੋਏ ਸਨ। 2021 ਵਿਚ ਵੀ ਯੂ ਪੀ ਵਿਚ ਸਭ ਤੋਂ ਵੱਧ 56083 ਮਾਮਲੇ ਦਰਜ ਹੋਏ। ਉਸ ਤੋਂ ਬਾਅਦ ਰਾਜਸਥਾਨ (40738), ਮਹਾਰਾਸ਼ਟਰ (39526), ਬੰਗਾਲ (35884), ਓਡੀਸ਼ਾ (31352) ਅਤੇ ਆਸਾਮ (29046) ਦਾ ਨੰਬਰ ਸੀ ਜਦਕਿ ਛੱਤੀਸਗੜ੍ਹ ਵਿਚ 7344 ਮਾਮਲੇ ਦਰਜ ਹੋਏ ਸਨ। ਅੰਕੜੇ ਸਾਫ ਹਨ ਕਿ ਔਰਤਾਂ ’ਤੇ ਸਭ ਤੋਂ ਵੱਧ ਜੁਰਮ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਅਰੇ ਲਾਉਣ ਵਾਲਿਆਂ ਦੇ ਰਾਜਾਂ ਵਿਚ ਹੋ ਰਹੇ ਹਨ।