ਹਿੰਦੂ ਮਹਾਪੰਚਾਇਤ ਵਿਚ ਨਫਰਤ ਭਰੇ ਭਾਸ਼ਣ ਤੇ ਮੁਸਲਮਾਨਾਂ ਨੂੰ ਖੁੱਲ੍ਹੇਆਮ ਦਿੱਤੀਆਂ ਧਮਕੀਆਂ

ਹਿੰਦੂ ਮਹਾਪੰਚਾਇਤ ਵਿਚ ਨਫਰਤ ਭਰੇ ਭਾਸ਼ਣ ਤੇ ਮੁਸਲਮਾਨਾਂ  ਨੂੰ ਖੁੱਲ੍ਹੇਆਮ ਦਿੱਤੀਆਂ ਧਮਕੀਆਂ

28 ਅਗਸਤ ਨੂੰ ਭਗਵਿਆਂ ਵਲੋਂ ਫਿਰ ਯਾਤਰਾ ਕਢਣ ਤੇ ਮੁਸਲਮਾਨਾਂ ਨੂੰ ਸਜ਼ਾ ਦੇਣ ਦੀ ਦਿਤੀ ਧਮਕੀ

*ਕਿਸਾਨਾਂ ਤੇ ਸਿਖਾਂ ਨੇ ਦਿਤਾ ਜੁਆਬ ਮੁਸਲਮਾਨਾਂ ਦਾ ਵਾਲ ਵੀ ਵਿੰਗਾ ਨਹੀਂ ਹੋਣ ਦਿਤਾ ਜਾਵੇਗਾ

ਬੀਤੇ ਐਤਵਾਰ, 13 ਅਗਸਤ ਨੂੰ, ਪੁਲਿਸ ਅਫਸਰਾਂ ਨੇ ਨੂਹ ਤੋਂ ਕੁਝ ਕਿਲੋਮੀਟਰ ਦੂਰ ਪਲਵਲ ਦੇ ਪੋਂੰਡੋਰੀ ਪਿੰਡ ਵਿੱਚ ਆਯੋਜਿਤ ਇੱਕ ਹਿੰਦੂ ਮਹਾਪੰਚਾਇਤ ਵਿੱਚ ਨਫ਼ਰਤ ਭਰੇ ਭਾਸ਼ਣ ਦਿਤੇ ਗਏ। ਕਿਸੇ ਸੀਨੀਅਰ ਪੁਲੀਸ ਅਧਿਕਾਰੀ ਦੀ ਹਿੰਮਤ ਨਹੀਂ ਕਿ ਉਹ ਕਿਸੇ ਬੁਲਾਰੇ ਨੂੰ ਚੁੱਪ ਕਰਾ ਸਕੇ। ਸ਼ਾਇਦ ਇਹ ਸਰਕਾਰੀ ਹੁਕਮ ਸਨ।ਹਾਲਾਕਿ ਸੁਪਰੀਮ ਕੋਰਟ ਨੇ ਸਰਕਾਰ ਤੇ ਪੁਲਿਸ ਨੂੰ ਹੁਕਮ ਦਿਤੇ ਸਨ ਕਿ ਹਿੰਦੂ ਰਾਸ਼ਟਰਵਾਦੀਆਂ ਦੇ ਭਾਸ਼ਣ ਉਪਰ ਤਿਖੀ ਨਜ਼ਰ ਰਖੀ ਜਾਵੇ।ਉਹਨਾਂ ਦੇ ਭਾਸ਼ਣਾਂ ਦੀ ਵੀਡਿਓ ਫਿਲਮ ਬਣਾਈ ਜਾਵੇ ,ਕਨੂੰਨੀ ਕਾਰਵਾਈ ਕੀਤੀ ਜਾਵੇ।ਇਹ ਖਤਰਨਾਕ ਫਿਰਕੂ ਹਰਕਤਾਂ ਦੇਸ ਦੀ ਜਮਹੂਰੀਅਤ ਲਈ ਖਤਰਨਾਕ ਹਨ। 

ਪਲਵਲ ਪੁਲਿਸ ਨੇ ਸਰਕਾਰ ਦੇ ਹੁਕਮਾਂ 'ਤੇ ਇਸ ਮਹਾਂਪੰਚਾਇਤ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਇਨਕਾਰ ਕਰ ਦਿੱਤਾ ਸੀ। ਪਰ ਐਤਵਾਰ ਸਵੇਰੇ ਕੁਝ ਸ਼ਰਤਾਂ ਦੇ ਨਾਲ ਇਸ ਦੀ ਇਜਾਜ਼ਤ ਦਿੱਤੀ ਗਈ। ਪਲਵਲ ਦੇ ਐਸਪੀ ਲੋਕੇਂਦਰ ਸਿੰਘ ਨੇ ਏਐਨਆਈ ਨੂੰ ਦਿੱਤੇ ਇੱਕ ਵੀਡੀਓ ਬਿਆਨ ਵਿੱਚ ਕਿਹਾ ਸੀ ਕਿ ਅਸੀਂ ਆਯੋਜਕਾਂ ਨੂੰ ਨਫ਼ਰਤ ਭਰਿਆ ਭਾਸ਼ਣ ਨਾ ਦੇਣ ਅਤੇ 500 ਤੋਂ ਵੱਧ ਭੀੜ ਨਾ ਹੋਣ ਦੀ ਸ਼ਰਤ ਰੱਖੀ ਸੀ। ਪਰ ਮਹਾਪੰਚਾਇਤ ਵਿੱਚ ਕੁੱਝ ਬੁਲਾਰਿਆਂ ਨੇ ਪੁਲਿਸ ਦੀ ਨਿਗਰਾਨੀ ਵਿੱਚ ਸ਼ਰੇਆਮ ਧਮਕੀਆਂ ਦਿੱਤੀਆਂ। ਹਾਲਾਂਕਿ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਬੁਲਾਰਿਆਂ ਨੂੰ ਨਫ਼ਰਤ ਭਰੇ ਭਾਸ਼ਣ ਨਾ ਦੇਣ ਦੀ ਚੇਤਾਵਨੀ ਦਿੱਤੀ ਗਈ ਸੀ, ਪਰ ਕੁਝ ਬੁਲਾਰਿਆਂ ਨੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਇੱਕ ਸਪੀਕਰ ਨੂੰ ਇਹ ਕਹਿੰਦੇ ਸੁਣਿਆ ਗਿਆ, "ਜੇ ਤੁਸੀਂ ਇੱਕ ਉਂਗਲ ਚੁੱਕੋਗੇ, ਅਸੀਂ ਤੁਹਾਡੇ ਹੱਥ ਵੱਢ ਦਿਆਂਗੇ," ਜਦੋਂ ਕਿ ਕੁਝ ਬੁਲਾਰਿਆਂ ਨੇ ਰਾਈਫਲਾਂ ਲਈ ਲਾਇਸੈਂਸ ਦੀ ਮੰਗ ਕੀਤੀ ਤਾਂ ਜੋ ਇਨ੍ਹਾਂ ਰਾਈਫਲਾਂ ਦੀ ਵਰਤੋਂ ਹਿੰਦੂ ਭਾਈਚਾਰੇ ਦੀ ਰੱਖਿਆ ਲਈ ਕੀਤੀ ਜਾ ਸਕੇ।

ਦੋ ਹਫ਼ਤੇ ਪਹਿਲਾਂ ਨੂਹ ਵਿੱਚ ਹੋਈ ਫਿਰਕੂ ਹਿੰਸਾ ਵਿੱਚ ਛੇ ਲੋਕਾਂ ਦੀ ਮੌਤ ਤੋਂ ਬਾਅਦ ਇਸ ਹਿੰਦੂਤਵੀ ਪੰਚਾਇਤ ਦਾ ਆਯੋਜਨ ਕੀਤਾ ਗਿਆ ਸੀ। ਇਹ ਮਹਾਂਪੰਚਾਇਤ ਹਿੰਦੂ ਜਥੇਬੰਦੀਆਂ ਦੁਆਰਾ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਧਾਰਮਿਕ ਯਾਤਰਾ ਦੇ "ਸੰਪੂਰਨ" ਕਰਨ ਬਾਰੇ ਚਰਚਾ ਕਰਨ ਲਈ ਬੁਲਾਈ ਗਈ ਸੀ। ਪ੍ਰਬੰਧਕ ਪਹਿਲਾਂ ਇਸ ਦਾ ਆਯੋਜਨ ਨੂਹ ਵਿਚ ਕਰਨਾ ਚਾਹੁੰਦੇ ਸਨ ਪਰ ਉੱਥੋਂ ਦੇ ਪ੍ਰਸ਼ਾਸਨ ਨੇ ਧਾਰਾ 144 ਦਾ ਹਵਾਲਾ ਦਿੰਦੇ ਹੋਏ ਇਸ 'ਤੇ ਪਾਬੰਦੀ ਲਗਾ ਦਿੱਤੀ ਸੀ। ਫਿਰ ਇਸ ਨੂੰ ਮੇਵਾਤ ਦੇ ਨਾਲ ਲੱਗਦੇ ਪਲਵਲ ਦੇ ਪੰਡੋਰੀ ਪਿੰਡ ਵਿੱਚ ਤਬਦੀਲ ਕਰ ਦਿੱਤਾ ਗਿਆ।

ਇੰਡੀਆ ਟੂਡੇ ਦੇ ਅਨੁਸਾਰ, ਮਹਾਪੰਚਾਇਤ ਵਿੱਚ, ਹਰਿਆਣਾ ਗਊ ਰਖਸ਼ਕ ਦਲ ਦੇ ਅਚਾਰੀਆ ਆਜ਼ਾਦ ਸ਼ਾਸਤਰੀ ਨੇ ਇਸ ਨੂੰ "ਕਰੋ ਜਾਂ ਮਰੋ ਦੀ ਸਥਿਤੀ" ਕਿਹਾ ਅਤੇ ਹਿੰਦੂ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਭੜਕਾਇਆ। ਸ਼ਾਸਤਰੀ ਨੇ ਕਿਹਾ, 'ਸਾਨੂੰ ਮੇਵਾਤ ਵਿਚ ਬੰਦੂਕਾਂ ਦੀ ਨਹੀਂ ਬਲਕਿ ਰਾਈਫਲਾਂ ਦੇ 100 ਹਥਿਆਰਾਂ ਦੇ ਲਾਇਸੈਂਸ ਨੂੰ ਤੁਰੰਤ ਯਕੀਨੀ ਬਣਾਉਣਾ ਚਾਹੀਦਾ ਹੈ, ਕਿਉਂਕਿ ਰਾਈਫਲਾਂ ਲੰਬੀ ਦੂਰੀ ਤੱਕ ਫਾਇਰ ਕਰ ਸਕਦੀਆਂ ਹਨ। ਸ਼ਾਸ਼ਤਰੀ ਦਾ ਕਹਿਣਾ ਸੀ ਕਿ ਇਹ ਕਰੋ ਜਾਂ ਮਰੋ ਦੀ ਸਥਿਤੀ ਹੈ। ਦੇਸ਼ ਦੋ ਹਿੰਦੂ ਮੁਸਲਮਾਨ ਭਾਈਚਾਰਿਆਂ ਦੇ ਆਧਾਰ 'ਤੇ ਵੰਡਿਆ ਗਿਆ ਸੀ। ਗਾਂਧੀ ਦੇ ਕਾਰਨ ਹੀ ਮੁਸਲਮਾਨ ਭਾਈਚਾਰੇ ਦੇ ਲੋਕ ਮੇਵਾਤ ਵਿੱਚ ਰਹਿ ਗਏ।

ਨੂਹ ਹਿੰਸਾ ਤੋਂ ਤੁਰੰਤ ਬਾਅਦ, ਪੁਲਿਸ ਤੋਂ ਇਜਾਜ਼ਤ ਨਾ ਮਿਲਣ ਦੇ ਬਾਵਜੂਦ, ਹਿੰਦੂ ਭਾਈਚਾਰੇ ਨੇ ਧਾਰਾ 144 ਦੀ ਉਲੰਘਣਾ ਕਰਦੇ ਹੋਏ ਗੁੜਗਾਓਂ ਵਿੱਚ ਮਹਾਪੰਚਾਇਤ ਦਾ ਆਯੋਜਨ ਕੀਤਾ ਸੀ। ਜਿੱਥੇ ਹਿੰਦੂ ਸੰਗਠਨਾਂ ਨੇ ਮੁਸਲਮਾਨ ਭਾਈਚਾਰੇ ਨਾਲ ਸਬੰਧਤ ਵਪਾਰੀਆਂ ਦੇ ਬਾਈਕਾਟ ਦਾ ਸੱਦਾ ਦਿੱਤਾ ਸੀ। ਉਥੇ ਕਈ ਹੋਰ ਫਿਰਕੂ ਭਾਸ਼ਣ ਵੀ ਦਿੱਤੇ ਗਏ। ਸੂਤਰਾਂ ਨੇ ਕਿਹਾ ਕਿ ਪੁਲਿਸ ਨੂੰ ਅੰਦਾਜ਼ਾ ਸੀ ਕਿ ਐਤਵਾਰ ਦੀ ਪਲਵਲ ਮਹਾਂਪੰਚਾਇਤ ਪਹਿਲਾਂ ਤੋਂ ਮੌਜੂਦ ਫਿਰਕੂ ਤਣਾਅ ਨੂੰ ਵਧਾ ਸਕਦੀ ਹੈ, ਇਸ ਲਈ ਉਨ੍ਹਾਂ ਨੇ ਪਹਿਲਾਂ ਇਸ ਦੀ ਇਜਾਜ਼ਤ ਨਹੀਂ ਦਿੱਤੀ। ਪਰ ਬਾਅਦ ਵਿੱਚ ਇਸ ਨੂੰ ਮਜਬੂਰੀ ਵਸ ਇਸਦੀ ਇਜਾਜ਼ਤ ਦੇਣੀ ਪਈ।ਵੀਐਚਪੀ ਦੇ ਕਾਰਜਕਾਰੀ ਦੇਵੇਂਦਰ ਸਿੰਘ ਨੇ ਦੱਸਿਆ ਕਿ "ਸਾਰੇ ਹਿੰਦੂ ਜਥੇਬੰਦੀਆਂ ਨੇ ਨੂਹ ਵਿੱਚ 28 ਅਗਸਤ ਨੂੰ ਯਾਤਰਾ ਪੂਰੀ ਕਰਨ ਦਾ ਫੈਸਲਾ ਕੀਤਾ, ਜਿਸ ਦੌਰਾਨ 31 ਜੁਲਾਈ ਨੂੰ ਕਥਿਤ ਤੌਰ 'ਤੇ ਨੂਹ ਵਿੱਚ ਮੁਸਲਮਾਨਾਂ ਵਲੋਂ ਧਾਰਮਿਕ ਯਾਤਰਾ ਦੌਰਾਨ ਹਿੰਸਾ ਕੀਤੀ ਗਈ ਸੀ।" ਉਮੀਦ ਹੈ ਕਿ ਦੌਰਾ ਉਤਸ਼ਾਹ ਨਾਲ ਪੂਰਾ ਹੋਵੇਗਾ।"

ਹੁਣ ਤਕ ਫਿਰਕੂ ਝੜਪਾਂ ਦੇ ਸੰਬੰਧ 'ਚ 393 ਲੋਕਾਂ ਨੂੰ ਗਿ੍ਫ਼ਤਾਰ ਤੇ 118 ਨੂੰ ਅਹਿਤਿਆਤੀ ਹਿਰਾਸਤ ਵਿਚ ਲਿਆ ਗਿਆ ਹੈ ।ਬਹੁਗਿਣਤੀ ਮੁਸਲਮਾਨਾਂ ਦੀ ਹੈ। 

ਹਾਲਾਂਕਿ, ਕਈ ਕਿਸਾਨ ਸੰਗਠਨਾਂ ਅਤੇ ਖਾਪ ਪੰਚਾਇਤਾਂ ਨੇ ਸ਼ਾਂਤੀ ਦੀ ਅਪੀਲ ਕੀਤੀ ਹੈ ਅਤੇ ਗਊ ਰੱਖਿਅਕ ਮੋਨੂੰ ਮਾਨੇਸਰ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ, ਜਿਸ ਦੇ 31 ਜੁਲਾਈ ਦੇ ਜਲੂਸ ਵਿੱਚ ਸ਼ਾਮਲ ਹੋਣ ਦੇ ਕਥਿਤ ਐਲਾਨ ਨਾਲ ਖੇਤਰ ਵਿੱਚ ਹਿੰਸਾ ਹੋਈ ਸੀ। ਸਮਝਿਆ ਜਾਂਦਾ ਹੈ ਕਿ ਕਿਸਾਨਾਂ ਅਤੇ ਖਾਪ ਪੰਚਾਇਤਾਂ ਦੀਆਂ ਅਪੀਲਾਂ ਅਤੇ ਮੋਨੂੰ ਮਾਨੇਸਰ ਦੀ ਗ੍ਰਿਫਤਾਰੀ ਦੀ ਮੰਗ ਦੇ ਜਵਾਬ ਵਿਚ ਸੰਘ ਪਰਿਵਾਰ ਨਾਲ ਸਬੰਧਤ ਸੰਗਠਨਾਂ ਨੇ ਬੀਤੇ ਐਤਵਾਰ ਨੂੰ ਪਲਵਲ ਵਿਚ ਇਸ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ।

ਇਸ ਤੋਂ ਪਹਿਲਾਂ ਹਿਸਾਰ ਜ਼ਿਲ੍ਹੇ ਦੇ ਪਿੰਡ ਬਾਸ ਵਿਚ ਇਕੱਠ ਕਰਕੇ ਕਿਸਾਨਾਂ ਤੇ ਖਾਪਾਂ ਦੇ ਆਗੂਆਂ ਨੇ ਐਲਾਨਿਆ ਕਿ ਕਿਸੇ ਨੂੰ ਵੀ ਮੁਸਲਮਾਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਕੱਠ ਵਿਚ ਹਿੰਦੂ, ਮੁਸਲਿਮ ਤੇ ਸਿੱਖ ਭਾਈਚਾਰੇ ਦੇ ਲੱਗਭੱਗ 2000 ਕਿਸਾਨਾਂ ਨੇ ਹਿੱਸਾ ਲਿਆ। ਨੂਹ ਹਿੰਸਾ ਦੇ ਬਾਅਦ ਮੁਸਲਮਾਨਾਂ ਨੂੰ ਮਿਲ ਰਹੀਆਂ ਧਮਕੀਆਂ ਤੇ ਕੁਝ ਪੰਚਾਇਤਾਂ ਵੱਲੋਂ ਪਿੰਡਾਂ ਵਿਚ ਮੁਸਲਮਾਨਾਂ ਦੇ ਬਾਈਕਾਟ ਦੇ ਐਲਾਨ ਦੇ ਪਿਛੋਕੜ ਵਿਚ ਇਹ ਇਕੱਠ ਕਾਫੀ ਅਹਿਮ ਸੀ। ਇਸ ਤੋਂ ਪਹਿਲਾਂ ਵੀ ਹਰਿਆਣਾ ਦੇ ਜਾਟ ਤੇ ਗੁਰਜਰ ਜਾਤੀ ਦੇ ਆਗੂਆਂ ਨੇ ਆਪਣੇ ਸਮਾਜ ਨੂੰ ਨੂਹ ਹਿੰਸਾ ਤੋਂ ਦੂਰ ਰਹਿਣ ਲਈ ਕਿਹਾ ਸੀ। ਕਿਸਾਨ ਆਗੂ ਸੁਰੇਸ਼ ਕੋਥ ਨੇ ਇਕੱਠ ਵਿਚ ਵੰਗਾਰਿਆ ਕਿ ਇਹ ਖੜ੍ਹੇ ਹਨ ਮੁਸਲਮਾਨ, ਹੱਥ ਲਾ ਕੇ ਦਿਖਾਓ, ਸਾਰੀਆਂ ਖਾਪਾਂ ਇਨ੍ਹਾਂ ਦੀ ਰਾਖੀ ਲਈ ਖੜ੍ਹੀਆਂ ਹਨ। ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਵਿਚ ਅਹਿਮ ਰੋਲ ਨਿਭਾਉਣ ਵਾਲੇ ਕੋਥ ਨੇ ਇਹ ਵੀ ਕਿਹਾ ਕਿ ਮੁਸਲਮਾਨਾਂ ਦਾ ਬਾਈਕਾਟ ਨਹੀਂ ਹੋਣ ਦੇਵਾਂਗੇ। ਇਕੱਠ ਵਿਚ ਪ੍ਰਣ ਕੀਤਾ ਗਿਆ ਕਿ ਨੂਹ ਵਿਚ ਅਮਨ ਬਹਾਲੀ ਲਈ ਹਰ ਸੰਭਵ ਯਤਨ ਕੀਤੇ ਜਾਣਗੇ। 

ਬਾਸ ਪਿੰਡ ਵਿਚ ਇਕੱਠ ਖੇਤੀ ਨਾਲ ਜੁੜੇ ਮੁੱਦਿਆਂ ’ਤੇ ਵਿਚਾਰ ਕਰਨ ਲਈ ਸੱਦਿਆ ਗਿਆ ਸੀ, ਪਰ ਇੱਥੇ ਫਿਰਕੂ ਏਕਤਾ ਦਾ ਮੁੱਦਾ ਪ੍ਰਮੁੱਖ ਬਣ ਗਿਆ। 2020-21 ਦੇ ਕਿਸਾਨ ਅੰਦੋਲਨ ਨੂੰ ਮੁਸਲਮਾਨਾਂ ਸਣੇ ਸਾਰੇ ਭਾਈਚਾਰਿਆਂ ਦੀ ਹਮਾਇਤ ਮਿਲੀ ਸੀ। ਉਸ ਹਮਾਇਤ ਨੂੰ ਧਿਆਨ ਵਿਚ ਰੱਖਦਿਆਂ ਇਸ ਇਕੱਠ ’ਚ ਮੁਸਲਮਾਨਾਂ ’ਤੇ ਜ਼ੁਲਮ ਖਿਲਾਫ ਖੜ੍ਹੇ ਹੋਣ ਦਾ ਐਲਾਨ ਕੀਤਾ ਗਿਆ। 

ਜੀਂਦ ਵਿਚ ਹਿੰਦੂ-ਮੁਸਲਿਮ-ਸਿੱਖ-ਈਸਾਈ ਦੇ ਨਾਅਰੇ ਲਾਉਦਿਆਂ ਵੱਡਾ ਜਲੂਸ ਕੱਢਿਆ। ਸ਼ਨੀਵਾਰ ਜੀਂਦ ਦੇ ਉਚਾਨਾ ਸ਼ਹਿਰ ਵਿਚ ਸਰਬ ਧਰਮ ਸੰਮੇਲਨ ਕਰਕੇ ਭਾਈਚਾਰਕ ਏਕਤਾ ਦੀ ਮਜ਼ਬੂਤੀ ਲਈ ਮਤਾ ਪਾਸ ਕੀਤਾ ਗਿਆ। ਕਿਸਾਨਾਂ ਵੱਲੋਂ ਮੁਸਲਮਾਨਾਂ ਦੇ ਹੱਕ ਵਿਚ ਡਟਣ ਦਾ ਹੀ ਨਤੀਜਾ ਹੈ ਕਿ ਮੁਸਲਮਾਨਾਂ ਦੇ ਬਾਈਕਾਟ ਦਾ ਸੱਦਾ ਦੇਣ ਵਾਲੀਆਂ ਪੰਚਾਇਤਾਂ ਆਪਣੇ ਐਲਾਨ ਵਾਪਸ ਲੈਣ ਲੱਗ ਗਈਆਂ ਹਨ।

ਗੱਲ ਇੱਥੇ ਹੀ ਰੁਕੀ ਨਹੀਂ, ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਦੰਗਿਆਂ ਪਿੱਛੇ ਕਿਸੇ ਸਾਜ਼ਿਸ਼ ਦੇ ਬਿਆਨ ਤੋਂ ਬਾਅਦ ਭਾਜਪਾ ਦੀ ਸੋਸ਼ਲ ਮੀਡੀਆ ਆਰਮੀ ਨੇ ਇਸ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਦੀਆਂ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਗ੍ਰਹਿ ਮੰਤਰੀ ਅਨਿਲ ਵਿੱਜ ਦੇ ਮੰਦਰ ਵਿੱਚ ਬੰਧਕਾਂ ਵਾਲੇ ਬਿਆਨ ਦਾ ਪੁਜਾਰੀ ਵੱਲੋਂ ਖੰਡਨ ਕੀਤੇ ਜਾਣ ਦੇ ਬਾਵਜੂਦ ਹਿੰਦੂਤਵੀ ਫਸਾਦੀਆਂ ਨੇ ਸੋਸ਼ਲ ਮੀਡੀਆ ਉੱਤੇ ਇਹ ਪੋਸਟ ਪਾ ਦਿੱਤੀ ਕਿ ਮੰਦਰ ਵਿੱਚ ਬੰਧਕ ਬਣਾਈਆਂ ਗਈਆਂ ਔਰਤਾਂ ਨਾਲ ਬਲਾਤਕਾਰ ਕੀਤਾ ਗਿਆ ਸੀ।

ਹੁਣੇ ਜਿਹੇ ਏ ਡੀ ਜੀ ਪੀ ਮਮਤਾ ਸਿੰਘ ਦਾ ਬਿਆਨ ਆਇਆ ਸੀ, ‘‘ਮੈਂ ਪੂਰਾ ਸਮਾਂ ਮੰਦਰ ਵਿੱਚ ਰਹੀ ਹਾਂ, ਬਲਾਤਕਾਰ ਦੀ ਗੱਲ ਨਿਰਾ ਝੂਠ ਤੇ ਅਫ਼ਵਾਹ ਹੈ।’’ ਇਸ ਦੇ ਨਾਲ ਹੀ ਹਰਿਆਣਾ ਦੇ ਡੀ ਜੀ ਪੀ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਦੰਗਿਆਂ ਨਾਲ ਪਾਕਿਸਤਾਨ ਦਾ ਕੋਈ ਸੰਬੰਧ ਨਹੀਂ ਹੈ।

ਏਨਾ ਕੁਝ ਕੀਤੇ ਜਾਣ ਦੇ ਬਾਵਜੂਦ ਹਿੰਦੂਤਵੀਆਂ ਨੇ ਕੁਝ ਮਸਜਿਦਾਂ ਤੇ ਦੁਕਾਨਾਂ ਨੂੰ ਤਾਂ ਭਾਵੇਂ ਸਾੜ ਦਿੱਤਾ, ਪਰ ਉਹ ਲੋਕ ਮਨਾਂ ਵਿੱਚ ਨਫ਼ਰਤ ਦੀ ਅੱਗ ਭੜਕਾਉਣ ਵਿੱਚ ਕਾਮਯਾਬ ਨਹੀਂ ਹੋ ਸਕੇ। ਭਾਵੇਂ ਸਰਕਾਰ ਦੰਗੇ ਭੜਕਾਉਣ ਵਾਲੇ ਹਿੰਦੂ ਰਾਸ਼ਟਰਵਾਦੀਆਂ ਉਪਰ ਕੇਸ ਦਰਜ ਕਰਨ ਦੀ ਥਾਂ ਮੁਸਲਮਾਨਾਂ ਦੀ ਫੜੋ ਫੜੀ ਕਰ ਰਹੀ ਹੈ।ਕਈ ਮੁਸਲਮਾਨ ਪੁਲੀਸ ਦੀ ਦਹਿਸ਼ਤ ਕਾਰਣ ਪਿੰਡ ਛਡ ਚੁਕੇ ਹਨ।ਪਰ ਹਿੰਦੂਤਵੀ ਜਾਟਾਂ ਤੇ ਸਿਖਾਂ ਦੀ ਏਕਤਾ ਕਾਰਣ ਕਮਜ਼ੋਰ ਪਏ ਹਨ।ਉਹਨਾਂ ਦੀ ਹਿੰਸਾ ਫੈਲਾਉਣ ਦੀ ਦਾਲ ਹਰਿਆਣਾ, ਯੂ ਪੀ, ਦਿੱਲੀ ਤੇ ਰਾਜਸਥਾਨ ਵਿੱਚ ਨਹੀਂ ਗਲ ਰਹੀ ਤੇ ਲੋਕਾਂ ਨੇ ਉਨ੍ਹਾਂ ਨੂੰ ਮੂੰਹ ਨਹੀਂ ਲਾਇਆ।