ਕੇਜਰੀਵਾਲ ਦਾ ਦਿੱਲੀ ਵਾਲਾ ਸਿੱਖਿਆ ਮਾਡਲ ਨਿਘਾਰ ਦੀ ਸਥਿਤੀ ਵਲ
ਵਧੀਆ ਕਲਾਸ ਰੂਮ, ਅਧਿਆਪਕ, ਪ੍ਰਯੋਗਸ਼ਾਲਾਵਾਂ ਤੇ ਸਕੂਲ ਲਈ ਲੋੜੀਂਦਾ ਸਾਮਾਨ ਹਾਲੇ ਤੱਕ ਨਹੀਂ ਮਿਲਿਆ
ਅੰਮ੍ਰਿਤਸਰ ਟਾਈਮਜ਼ ਬਿਊਰੋ
ਫ਼ਾਜ਼ਿਲਕਾ-ਦਿੱਲੀ ਵਾਲੇ ਸਕੂਲ ਆਫ਼ ਐਕਸੀਲੈਂਸ ਦੀ ਤਰਜ਼ 'ਤੇ ਪੰਜਾਬ ਵਿਚ ਉਸਾਰਿਆ ਜਾ ਰਿਹਾ ਸਕੂਲ ਆਫ਼ ਐਮੀਨੈਂਸ ਸ਼ੁਰੂਆਤੀ ਦੌਰ ਵਿਚ ਹੀ ਡਿੱਗੂ-ਡਿੱਗੂ ਕਰਦਾ ਡਾਵਾਂ-ਡੋਲ ਸਥਿਤੀ ਵਿਚ ਚੱਲ ਰਿਹਾ ਹੈ । 9ਵੀਂ ਅਤੇ 11ਵੀਂ ਜਮਾਤ ਵਿਚ ਦਾਖ਼ਲਿਆਂ ਲਈ 8ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਦਾਖਲਾ ਪ੍ਰੀਖਿਆ ਕਰਵਾਈ ਗਈ ਸੀ, ਜਿਸ ਦੇ ਨਤੀਜੇ ਆ ਚੁੱਕੇ ਹਨ ਅਤੇ ਰਾਜ ਭਰ ਦੇ 117 ਸਕੂਲ ਆਫ਼ ਐਮੀਨੈਂਸ ਵਿਚ ਦਾਖਲਾ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਪਰ ਪੰਜਾਬ ਸਰਕਾਰ ਵਲੋਂ ਜੋ ਦਿੱਲੀ ਮਾਡਲ ਅਤੇ ਸਿੰਘਾਪੁਰੀ ਸੋਹਲੇ ਟੀ.ਵੀ ਰਾਹੀਂ ਪਰੋਸੇ ਗਏ ਉਹ ਹੁਣ ਜ਼ਮੀਨੀ ਪੱਧਰ 'ਤੇ ਉੱਭਰਦੇ ਵਿਖਾਈ ਨਹੀਂ ਦੇ ਰਹੇ ।
ਵਧੀਆ ਕਲਾਸ ਰੂਮ, ਵਧੀਆ ਅਧਿਆਪਕ, ਪ੍ਰਯੋਗਸ਼ਾਲਾਵਾਂ, ਸਾਫ਼ ਸੁਥਰਾ ਵਾਤਾਵਰਨ ਅਤੇ ਸਕੂਲ ਲਈ ਲੋੜੀਂਦਾ ਸਾਜੋ-ਸਾਮਾਨ ਹਾਲੇ ਤੱਕ ਪੰਜਾਬ ਦੇ ਕਿਸੇ ਸਕੂਲ ਨੂੰ ਪ੍ਰਾਪਤ ਨਹੀਂ ਹੋਇਆ।ਸਰਕਾਰ ਵਲੋਂ ਦਿਖਾਈ ਚਕਾ-ਚੌਂਧ ਅਤੇ ਝੂਠੇ ਸਬਜਬਾਗਾਂ ਕਰ ਕੇ ਮਾਪਿਆਂ ਨੇ ਇਕ ਵਾਰ 9ਵੀਂ ਜਮਾਤ 'ਚ ਦਾਖ਼ਲੇ ਤਾਂ ਕਰਵਾਏੇ ਪਰ ਜਦੋਂ 10-15 ਦਿਨ ਬੱਚੇ ਮਾੜੇ ਹਲਾਤ ਵਿਚ ਰੁਲਦੇ ਰਹੇ ਤਾਂ ਕੁਝ ਵਿਦਿਆਰਥੀ ਆਪਣੇ ਪੁਰਾਣੇ ਸਕੂਲਾਂ ਵੱਲ ਰੁੱਖ ਕਰਨ ਲੱਗੇ ।ਸਿੱਖਿਆ ਸੂਤਰਾਂ ਅਨੁਸਾਰ ਹੁਣ ਜਦੋਂ 11ਵੀਂ ਜਮਾਤ ਵਿਚ ਦਾਖ਼ਲੇ ਸ਼ੁਰੂ ਹੋਏ ਹਨ ਤਾਂ 117 ਸਕੂਲਾਂ ਤੋਂ ਮਾਪਿਆਂ ਅਤੇ ਵਿਦਿਆਰਥੀਆਂ ਦਾ ਮੋਹ ਭੰਗ ਹੋ ਗਿਆ ਹੈ | ਬਹੁ-ਗਿਣਤੀ ਵਿਦਿਆਰਥੀ ਇਨ੍ਹਾਂ ਸਕੂਲਾਂ ਵਿਚ ਦਾਖ਼ਲਾ ਲੈਣ ਤੋਂ ਟਾਲਾ ਵੱਟ ਰਹੇ ਹਨ ।ਟੈੱਸਟ ਪਾਸ ਦਾਖ਼ਲੇ ਲਈ ਯੋਗ ਵਿਦਿਆਰਥੀਆਂ ਨੇ ਦੱਸਿਆ ਕਿ 11ਵੀਂ ਜਮਾਤ ਲਈ ਮੈਡੀਕਲ, ਨਾਨ ਮੈਡੀਕਲ, ਕਮਰਸ ਅਤੇ ਹਿਊਮਨਿਟੀਜ਼ ਗਰੁੱਪਾਂ ਲਈ ਦਾਖ਼ਲਾ ਹੋਣਾ ਹੈ, ਪ੍ਰਤੀ ਕਲਾਸ 35 ਵਿਦਿਆਰਥੀ ਦਾਖ਼ਲ ਹੋਣੇ ਹਨ ਪਰ ਕਿਸੇ ਵੀ ਸਟਰੀਮ ਲਈ ਪੂਰੇ ਲੈਕਚਰਾਰ ਹੀ ਨਹੀਂ ਹਨ। ਦੂਰ ਦੁਰਾਡੇ ਪਿੰਡਾਂ ਤੋਂ 20-20 ਕਿੱਲੋਮੀਟਰ ਵਾਟ ਮਾਰ ਕੇ ਸਕੂਲ ਜਾਣਾ ਵੀ ਔਖਾ ਕੰਮ ਹੈ।ਇਸ ਕਰ ਕੇ ਵਿਦਿਆਰਥੀ ਐਮੀਨੈਂਸ ਸਕੂਲ 'ਚ ਦਾਖ਼ਲ ਨਹੀਂ ਹੋ ਰਹੇ ।ਐਮੀਨੈਂਸ ਸਕੂਲਾਂ ਪ੍ਰਤੀ ਮਾਪਿਆਂ ਨੇ ਭੜਾਸ ਕੱਢਦਿਆਂ ਕਿਹਾ ਕਿ ਨਾ ਸਟਾਫ਼ ਪੂਰਾ ਹੈ, ਨਾ ਕੋਈ ਢੰਗ ਦੀ ਇਮਾਰਤ ਹੈ, ਕੋਈ ਵੀ ਬੁਨਿਆਦੀ ਸਹੂਲਤ ਨਹੀਂ। ਸੂਤਰਾਂ ਅਨੁਸਾਰ ਘੱਟ ਰਹੇ ਦਾਖ਼ਲਿਆਂ ਤੋਂ 'ਮੰਤਰੀ ਸਾਹਿਬ' ਨੇ ਆਪਣਾ ਗ਼ੁੱਸਾ ਸੀਨੀਅਰ ਅਧਿਕਾਰੀਆਂ ਤੇ ਕੱਢਿਆ ਹੈ ਅਤੇ ਉਨ੍ਹਾਂ ਵੀ ਅੱਗੇ ਪੱਤਰ ਜਾਰੀ ਕਰ ਕੇ ਅਤੇ ਫੋਨਾਂ ਰਾਹੀਂ ਵੱਖ-ਵੱਖ ਜ਼ਿਲ੍ਹਿਆਂ ਤੇ ਦਬਾਅ ਬਣਾਇਆ ਹੈ ਕਿ ਜਿਵੇਂ ਮਰਜ਼ੀ ਕਰੋ ਟੈੱਸਟ ਪਾਸ ਵਿਦਿਆਰਥੀਆਂ ਨੂੰ ਹਰ ਹਾਲਤ ਐਮੀਨੈਂਸ ਸਕੂਲਾਂ ਵਿਚ ਦਾਖ਼ਲ ਕਰਵਾਓ ।ਇਸ ਸਥਿਤੀ ਦੇ ਚੱਲਦਿਆਂ ਮੁੱਖ ਅਧਿਆਪਕ ਅਤੇ ਪਿ੍ੰਸੀਪਲ ਪੂਰੀ ਤਰ੍ਹਾਂ ਫਸ ਗਏ ਹਨ ਕਿਉਂਕਿ ਮਾਪੇ ਅਤੇ ਵਿਦਿਆਰਥੀ ਦਾਖ਼ਲੇ ਲਈ ਰਾਜ਼ੀ ਨਹੀਂ ਹੋ ਰਹੇ।ਦੂਸਰੇ ਪਾਸੇ ਅਧਿਕਾਰੀਆਂ ਦਾ ਦਬਾਅ ਵੱਧ ਰਿਹਾ ਹੈ |
ਸਿੱਖਿਆ ਵਿਭਾਗ ਦੇ ਕੁੱਝ ਸੀਨੀਅਰ ਅਧਿਕਾਰੀਆਂ ਨਾਲ ਸੰਪਰਕ 'ਤੇ ਸਾਹਮਣੇ ਆਇਆ ਹੈ ਕਿ 117 ਸਕੂਲਾਂ ਵਿਚ ਬਹੁ-ਗਿਣਤੀ ਸਕੂਲਾਂ ਅੰਦਰ ਹਰ ਵਿਸ਼ੇ ਦੇ ਲੈਕਚਰਾਰ ਹਾਲੇ ਤਾਇਨਾਤ ਨਹੀਂ ਕੀਤੇ ਗਏ, ਬੁਨਿਆਦੀ ਸਹੂਲਤਾਂ ਲਈ ਇਕ ਧੇਲੀ ਗਰਾਂਟ ਵੀ ਕਿਸੇ ਸਕੂਲ ਨੂੰ ਜਾਰੀ ਨਹੀਂ ਕੀਤੀ ਗਈ ਪਰ ਸਰਕਾਰੀ ਪੱਖ ਇਹ ਵੀ ਹੈ ਕਿ 200 ਕਰੋੜ ਜਲਦੀ ਜਾਰੀ ਹੋਵੇਗਾ ।ਬਹੁਤ ਸਾਰੇ ਸੀਨੀਅਰ ਅਧਿਕਾਰੀ ਇਸ ਪ੍ਰਾਜੈਕਟ 'ਤੇ ਕੰਮ ਕਰਨ ਨੂੰ ਤਿਆਰ ਨਹੀਂ | ਇਸ ਕਰ ਕੇ ਤਬਾਦਲੇ 'ਤੇ ਤਬਾਦਲੇ ਜਾਰੀ ਹਨ ।ਲੋਕਾਂ ਨੂੰ ਸਕੂਲ ਆਫ਼ ਐਮੀਨੈਂਸ ਖੋਲ੍ਹਣ 'ਤੇ ਇਤਰਾਜ਼ ਨਹੀਂ ਹੈ ਪਰ ਬਿਨਾਂ ਤਿਆਰੀ ਕੀਤੇ ਹੀ ਕਰੋੜਾਂ ਰੁਪਏ ਇਸ਼ਤਿਹਾਰਬਾਜ਼ੀ 'ਤੇ ਖ਼ਰਚਣੇ ਅਤੇ ਵਿਦਿਆਰਥੀਆਂ ਦੇ ਪੱਲੇ ਕੱਖ ਨਾ ਪਾਉਣਾ ਚਰਚਾ ਦਾ ਵਿਸ਼ਾ ਹੈ।
Comments (0)