ਅਮਰੀਕੀ ਸੰਸਦ ਵਿਚ 14 ਅਪ੍ਰੈਲ ਨੂੰ ‘ਕੌਮੀ ਸਿੱਖ ਦਿਵਸ ਵਜੋਂ ਮਨਾਉਣ ਦਾ ਪ੍ਰਸਤਾਵ ,ਵਧੇਗੀ ਖਾਲਸਾ ਜੀ ਦੀ ਸ਼ਾਨ

ਅਮਰੀਕੀ ਸੰਸਦ ਵਿਚ 14 ਅਪ੍ਰੈਲ ਨੂੰ ‘ਕੌਮੀ ਸਿੱਖ ਦਿਵਸ ਵਜੋਂ ਮਨਾਉਣ ਦਾ ਪ੍ਰਸਤਾਵ ,ਵਧੇਗੀ ਖਾਲਸਾ ਜੀ ਦੀ ਸ਼ਾਨ

ਪੰਜਾਬੀ ਲਗਪਗ 122 ਸਾਲ ਪਹਿਲਾਂ ਤੋਂ ਅਮਰੀਕਾ ਆ-ਜਾ ਰਹੇ ਹਨ

ਅਮਰੀਕੀ ਸੰਸਦ ਵਿਚ 14 ਅਪ੍ਰੈਲ ਨੂੰ ‘ਕੌਮੀ ਸਿੱਖ ਦਿਵਸ’ ਵਜੋਂ ਮਨਾਉਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਕੈਨੇਡਾ ਦੇ ਸੂਬੇ ਉਂਟਾਰੀਓ ਵਿਚ ਸਾਲ 2013 ਤੋਂ ਅਪ੍ਰੈਲ ਦਾ ਸਾਰਾ ਮਹੀਨਾ ਹੀ ਸਿੱਖ ਵਿਰਾਸਤ ਨੂੰ ਸਮਰਪਿਤ ਕਰਨ ਦਾ ਐਲਾਨ ਕੀਤਾ ਗਿਆ ਸੀ। ਫਿਰ ਦੋ ਸਾਲਾਂ ਬਾਅਦ 2015 ਤੋਂ ਸਮੁੱਚੇ ਕੈਨੇਡਾ ਵਿਚ ਹੀ ‘ਸਿੱਖ ਵਿਰਾਸਤ ਮਹੀਨਾ’ ਮਨਾਇਆ ਜਾਣ ਲੱਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਹੇਠਲੀ ਲਿਬਰਲ ਪਾਰਟੀ ਦੀ ਸਰਕਾਰ ਨੇ ਇਹ ਪਹਿਲਕਦਮੀ ਕੀਤੀ ਸੀ। 

ਹੁਣੇ ਜਿਹੇ ਭਾਰਤੀ ਮੂਲ ਦੇ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਸਮੇਤ ਪ੍ਰਤੀਨਿਧ ਸਦਨ ਦੇ ਇਕ ਦਰਜਨ ਮੈਂਬਰਾਂ ਨੇ ਬੀਤੇ ਦਿਨੀਂ ਅਮਰੀਕਾ ਵਿਚ ਹਰ ਸਾਲ 14 ਅਪ੍ਰੈਲ ਨੂੰ ‘ਕੌਮੀ ਸਿੱਖ ਦਿਵਸ’ ਵਜੋਂ ਮਨਾਉਣ ਦਾ ਮਤਾ ਪੇਸ਼ ਕੀਤਾ ਸੀ। ਇਸ ਮਾਮਲੇ ਦਾ ਵਧੀਆ ਪੱਖ ਇਹ ਹੈ ਕਿ ਦੇਸ਼ ਦੀ ਸੰਸਦ ਵਿਚ ਸਿੱਖ ਧਰਮ ਦੇ ਹੱਕ ਵਿਚ ਡਟਣ ਵਾਲੇ 11 ਮੈਂਬਰ ਗੋਰੇ ਈਸਾਈ ਹਨ। ਵੱਖੋ-ਵੱਖਰੇ ਵਰਗਾਂ ਦੇ ਇਸ ਤਾਲਮੇਲ ਤੇ ਸੁਮੇਲ ਦਾ ਯਕੀਨੀ ਤੌਰ ’ਤੇ ਸਵਾਗਤ ਕਰਨਾ ਬਣਦਾ ਹੈ। ਪੱਛਮੀ ਦੇਸ਼ਾਂ ’ਚ ਅਕਸਰ ਸਿੱਖ ਦਸਤਾਰ, ਕੜੇ, ਕੇਸ ਜਾਂ ਕ੍ਰਿਪਾਨ ਨੂੰ ਲੈ ਕੇ ਸਿੱਖਾਂ ਨਾਲ ਵਧੀਕੀਆਂ ਹੁੰਦੀਆਂ ਰਹਿੰਦੀਆਂ ਹਨ। ਅਮਰੀਕਾ ਵਰਗਾ ਦੇਸ਼ ਜੇ ‘ਸਿੱਖ ਦਿਵਸ’ ਮਨਾਉਂਦਾ ਹੈ ਤਾਂ ਇਸ ਦਾ ਹਾਂ-ਪੱਖੀ ਸੁਨੇਹਾ ਦੁਨੀਆ ਦੇ ਸਿਰਫ਼ ਵਿਕਸਤ ਦੇਸ਼ਾਂ ਤਕ ਹੀ ਨਹੀਂ ਸਗੋਂ ਹੋਰ ਵੀ ਸਾਰੇ ਦੇਸ਼ਾਂ ਤਕ ਜਾਵੇਗਾ। ਇਨ੍ਹਾਂ ਦੇਸ਼ਾਂ ਵਿਚ ਅਜੇ ਸਿੱਖ ਧਰਮ, ਵਿਰਸੇ ਤੇ ਸੱਭਿਆਚਾਰ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਆਮ ਤੌਰ ’ਤੇ ਵੇਖਿਆ ਗਿਆ ਹੈ ਕਿ ਜ਼ਿਆਦਾਤਰ ਪੱਛਮੀ ਦੇਸ਼ਾਂ ਦੇ ਸੁਰੱਖਿਆ ਗਾਰਡਾਂ ਨੂੰ ਸਿੱਖ ਕ੍ਰਿਪਾਨ ਤੇ ਦਸਤਾਰ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ। ਇਸੇ ਲਈ ਉਹ ਹਵਾਈ ਅੱਡਿਆਂ, ਬੰਦਰਗਾਹਾਂ ਅਤੇ ਕੌਮਾਂਤਰੀ ਸਰਹੱਦਾਂ ’ਤੇ ਸੁਰੱਖਿਆ ਦੀ ਆੜ ਹੇਠ ਸਿੱਖ ਯਾਤਰੂਆਂ ਨੂੰ ਪਰੇਸ਼ਾਨ ਕਰਦੇ ਹਨ। ਇਸ ਨਾਲ ਸਿਖ ਜਗਤ ਵਿਚ ਬੇਵਜ੍ਹਾ ਰੋਸ ਪੈਦਾ ਹੁੰਦਾ ਹੈ।

ਪੰਜਾਬੀ ਲਗਪਗ 122 ਸਾਲ ਪਹਿਲਾਂ ਤੋਂ ਅਮਰੀਕਾ ਆ-ਜਾ ਰਹੇ ਹਨ। ਉਨ੍ਹਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। 9/11 ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਅਮਰੀਕਾ ਵਿਚਚ ਸਿੱਖਾਂ ’ਤੇ ਭੁਲੇਖੇ ਨਾਲ ਕਈ ਹਮਲੇ ਹੋ ਚੁੱਕੇ ਹਨ। ਦਰਅਸਲ, ਸਿੱਖ ਦਸਤਾਰ ਨੂੰ ਮੁਸਲਿਮ ਪਗੜੀ ਸਮਝ ਲਿਆ ਜਾਂਦਾ ਹੈ। 

ਅਮਰੀਕਾ ਦਾ ਬਾਇਡਨ ਪ੍ਰਸ਼ਾਸਨ ਜੇ 14 ਅਪ੍ਰੈਲ ਨੂੰ ‘ਕੌਮੀ ਸਿੱਖ ਦਿਵਸ’ ਮਨਾਉਣ ਦਾ ਐਲਾਨ ਕਰ ਦਿੰਦਾ ਹੈ ਤਾਂ ਪੂਰੀ ਦੁਨੀਆ ’ਚ ਸਿੱਖਾਂ ਬਾਰੇ ਵੱਧ ਤੋਂ ਵੱਧ ਜਾਣਨ ਦੀ ਉਤਸੁਕਤਾ ਆਪਣੇ-ਆਪ ਉਪਜੇਗੀ। ਉਂਜ ਬਹੁਤ ਸਾਰੀਆਂ ਗ਼ੈਰ-ਸਰਕਾਰੀ ਜੱਥੇਬੰਦੀਆਂ ਇਸ ਵੇਲੇ ਸਿੱਖ ਧਰਮ ਤੇ ਫ਼ਲਸਫ਼ੇ ਪ੍ਰਤੀ ਜਾਗਰੂਕਤਾ ਵਿਚ ਵਾਧਾ ਕਰਨ ਵਿਚ ਲੱਗੀਆਂ ਹੋਈਆਂ ਹਨ। ਇਸ ਲਈ ਨਿੱਕੀਆਂ ਦਸਤਾਵੇਜ਼ੀ ਫਿਲਮਾਂ ਬਣਾਈਆਂ ਜਾ ਰਹੀਆਂ ਹਨ, ਕਾਰਟੂਨ ਫਿਲਮਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਅਮਰੀਕਾ ਦੇ ਨਿਊਯਾਰਕ, ਇਦਾਹੋ, ਟੇਨੈਸੀ, ਓਕਲਾਹੋਮਾ, ਮਿਸ਼ੀਗਨ, ਕੈਲੀਫੋਰਨੀਆ, ਨਿਊ ਜਰਸੀ, ਟੈਕਸਾਸ, ਕੋਲੋਰਾਡੋ, ਏਰੀਜ਼ੋਨਾ, ਨਾਰਥ ਡਕੋਟਾ ਤੇ ਨੇਬਰਾਸਕਾ ਜਿਹੇ ਰਾਜਾਂ ਦੇ ਸਕੂਲੀ ਸਿਲੇਬਸ ਵਿਚ ਸਿੱਖ ਗੁਰੂ ਸਾਹਿਬਾਨ ਨਾਲ ਸਬੰਧਤ ਪਾਠ ਪਹਿਲਾਂ ਤੋਂ ਹੀ ਪੜ੍ਹਾਏ ਜਾ ਰਹੇ ਹਨ। ਆਸ ਹੈ ਕਿ ਇਹ ਸਿਲਸਿਲਾ ਹੋਰਨਾਂ ਦੇਸ਼ਾਂ ਵਿਚ ਵੀ ਵਧਦਾ ਜਾਵੇਗਾ।

ਅਮਰੀਕੀ ਸੰਸਦ ਵਿਚ ਪੇਸ਼ ਪ੍ਰਸਤਾਵ ਵਿੱਚ ਲਿਖਿਆ ਗਿਆ ਹੈ ਕਿ ਸਿੱਖ 14 ਅਪ੍ਰੈਲ ਨੂੰ ਵਿਸਾਖੀ ਵਜੋਂ ਮਨਾਉਣ। ਵਿਸ਼ੇਸ਼ ਮੌਕਿਆਂ 'ਤੇ ਉਹ 1699 ਵਿਚ ਸਥਾਪਿਤ ਕੀਤੇ ਗਏ ਖ਼ਾਲਸਾ ਹੁਕਮ ਨੂੰ ਯਾਦ ਕਰਦਾ ਹੈ। ਵਿਸਾਖੀ ਦਾ ਤਿਉਹਾਰ ਧਰਮ ਦੇ ਇਤਿਹਾਸ ਅਤੇ ਸਿੱਖਾਂ ਦੀ ਪਛਾਣ ਨੂੰ ਕਾਇਮ ਰੱਖਣ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਸੰਸਦ ਮੈਂਬਰ ਮੈਰੀ ਗੇ ਸਕੈਨਲਨ ਨੇ ਮਤਾ ਪੇਸ਼ ਕਰਦਿਆਂ ਕਿਹਾ ਸੀ ਕਿ ਸਿੱਖ ਭਾਈਚਾਰਾ ਅਮਰੀਕਾ ਦੇ ਸਿਧਾਂਤਾਂ ਵਾਂਗ ਧਾਰਮਿਕ ਪ੍ਰੋਗਰਾਮਾਂ ਰਾਹੀਂ ਲੋਕ ਸੇਵਾ ਕਰਦਾ ਹੈ।

ਮੈਰੀ ਨੇ ਕਿਹਾ ਸੀ ਕਿ ਅਮਰੀਕਾ ਦੇ ਲੋਕ ਦੇਸ਼ ਨੂੰ ਖੁਸ਼ਹਾਲ ਬਣਾਉਣ ਲਈ ਸਿੱਖ ਭਾਈਚਾਰੇ ਦਾ ਸਤਿਕਾਰ ਕਰਦੇ ਹਨ। ਮਤੇ ਵਿੱਚ ਕਿਹਾ ਗਿਆ ਹੈ ਕਿ ਵਿਸਾਖੀ ਵਾਲੇ ਦਿਨ ਸਿੱਖ 1699 ਦੇ ਖਾਲਸਾਈ ਹੁਕਮਨਾਮੇ ਨੂੰ ਯਾਦ ਕਰਦੇ ਹਨ। ਜ਼ੁਲਮ ਵਿਰੁੱਧ ਲੜਨ ਲਈ 10ਵੇਂ ਸਿੱਖ ਗੁਰੂਦੁਆਰਾ ਸ਼ਰਧਾਲੂ ਸੰਤ-ਸਿਪਾਹੀ ਸਿੱਖਾਂ ਨੂੰ ਯਾਦ ਕਰਦਾ ਹੈ। ਸੰਸਦ ਮੈਂਬਰ ਨੇ ਕਿਹਾ ਕਿ ਇਹ ਮਤਾ ਵਿਸ਼ਵ ਭਰ ਦੇ ਸਿੱਖਾਂ ਨਾਲ ਵਿਸਾਖੀ ਮਨਾਉਣ ਅਤੇ ਅਮਰੀਕਾ ਵਿੱਚ ਸਿੱਖਾਂ ਵੱਲੋਂ ਪਾਏ ਯੋਗਦਾਨ ਦਾ ਸਨਮਾਨ ਕਰਨ ਲਈ ਢੁਕਵਾਂ ਹੈ।

ਪਿਛਲੇ ਸਵਾ ਸੌ ਸਾਲਾਂ ਤੋਂ ਸਿਖ ਅਮਰੀਕੀ ਉਪ-ਮਹਾਦੀਪ ਨੂੰ ਆਪਣੀ ਕਰਮ-ਭੂਮੀ ਬਣਾਉਂਦੇ ਆ ਰਹੇ ਹਨ। ਖਾਲਸਾ ਜੀ ਨੇ ਅਮਰੀਕਾ ਤੇ ਕੈਨੇਡਾ ਹੀ ਨਹੀਂ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹੋਰ ਬਹੁਤ ਸਾਰੇ ਪੱਛਮੀ ਦੇਸ਼ਾਂ ’ਵਿਚ ਬੁਨਿਆਦੀ ਢਾਂਚੇ ਦਾ ਤਾਣਾ-ਬਾਣਾ ਵਿਛਾਉਣ ਵਿਚ ਮਹਾਨ ਭੂਮਿਕਾ ਨਿਭਾਈ ਹੈ। ਦਿਨ-ਰਾਤ ਇਕ ਕਰ ਕੇ ਸਖ਼ਤ ਮਿਹਨਤ ਨਾਲ ਉਨ੍ਹਾਂ ਰੇਲ-ਪਟੜੀਆਂ, ਸੜਕਾਂ ਦੇ ਜਾਲ਼ ਵਿਛਾਏ ਹਨ ਅਤੇ ਖ਼ੂਬਸੂਰਤ ਬਹੁ-ਮੰਜ਼ਿਲਾ ਇਮਾਰਤਾਂ ਦੇ ਉੱਚੇ-ਉੱਚੇ ਟਾਵਰ ਖੜ੍ਹੇ ਕਰਨ ਵਿਚ ਵੱਡਾ ਯੋਗਦਾਨ ਪਾਇਆ ਹੈ। ਇਹ ਵਿਰਾਸਤੀ ਦਿਵਸ ਤੇ ਮਹੀਨੇ ਮਨਾਉਣ ਦੀਆਂ ਪ੍ਰਵਾਨਗੀਆਂ ਮਹਿਜ਼ ਇਕ ਦਿਨ ਵਿਚ ਹੀ ਨਹੀਂ ਮਿਲ ਜਾਂਦੀਆਂ ਸਗੋਂ ਇਹ ਤਾਂ ਪ੍ਰਵਾਸੀ ਸਿਖਾਂ ਵੱਲੋਂ ਡੋਲ੍ਹੇ ਗਏ ਖ਼ੂਨ-ਪਸੀਨੇ ਬਦਲੇ ਮੋੜੀ ਗਈ ਭਾਜੀ ਹੈ। ਇਸ ਵੇਲੇ ਕੈਨੇਡਾ ਵਿਚ ਅੱਠ ਲੱਖ ਅਤੇ ਅਮਰੀਕਾ ਵਿਚ ਪੰਜ ਲੱਖ ਸਿੱਖ ਵਸਦੇ ਹਨ ਤੇ ਉੱਥੇ ਉਨ੍ਹਾਂ ਦਾ ਆਪਣਾ ਇਕ ਵੱਖਰਾ ਇਤਿਹਾਸ ਤੇ ਸੱਭਿਆਚਾਰ ਬਣ ਗਿਆ ਹੈ। ਤੇਰਾਂ ਅਪ੍ਰੈਲ ਨੂੰ ਖ਼ਾਲਸਾ ਪੰਥ ਦਾ ਸਾਜਨਾ ਦਿਵਸ ਹੈ ਤੇ ਪੰਜਾਬ ਵਿਚ ਇਸ ਮੌਕੇ ਵਿਸਾਖੀ ਦਾ ਤਿਉਹਾਰ ਰਵਾਇਤੀ ਜੋਸ਼ੋ-ਖ਼ਰੋਸ਼ ਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਅਮਰੀਕਾ ਵਿਚ ਸਾਲ 1900 ਤੇ ਉਸ ਤੋਂ ਬਾਅਦ ਦੇ ਕੁਝ ਸਾਲਾਂ ਦੌਰਾਨ ਬਹੁਤ ਸਾਰੇ ਸਿੱਖ ਵਾਸ਼ਿੰਗਟਨ ਸੂਬੇ ਦੇ ਬੇਲਿੰਘਮ ਸਥਿਤ ਲੱਕੜ ਤੇ ਆਰਾ ਮਿੱਲਾਂ ਵਿਚ ਆਉਣੇ ਸ਼ੁਰੂ ਹੋ ਗਏ ਸਨ। ਓਰੇਗੌਨ ਸੂਬੇ ਵਿਚ ਵੀ ਉਨ੍ਹਾਂ ਦੀ ਆਮਦ ਹੋਣ ਲੱਗੀ ਸੀ। ਹੁਣ ਅਮਰੀਕੀ ਸੂਬੇ ਕੈਲੀਫੋਰਨੀਆ ਨੂੰ ਤਾਂ ਬਹੁਤੇ ਪੰਜਾਬੀ ਆਪਣਾ ਦੂਜਾ ਘਰ ਮੰਨਦੇ ਹਨ। ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਅਤੇ ਉਂਟਾਰੀਓ ਦੇ ਬਰੈਂਪਟਨ ਤੇ ਮਿਸੀਸਾਗਾ ਸਿਖਾਂ ਤੇ ਪੰਜਾਬੀਆਂ ਦੇ ਨਗਰ ਬਣ ਚੁਕੇ ਹਨ। ਖਾਲਸਾ ਜੀ ਦੀ ਸ਼ਾਨ ਨੂੰ ਸੱਤ ਸਮੁੰਦਰ ਪਾਰ ਸੰਭਾਲ ਕੇ ਰੱਖਣਾ ਤੇ ਉਸ ਆਨ, ਬਾਨ ਤੇ ਸ਼ਾਨ ਨੂੰ ਨਿੱਤ ਨਵੇਂ ਸਿਖ਼ਰਾਂ ਤਕ ਲਿਜਾਣਾ ਸਿਖ ਪੰਥ ਦੇ ਆਪਣੇ ਹੱਥ ਹੈ। ਇਸ ਵਿੱਚ ਸਿਖ ਸਫਲਤਾ ਵਲ ਵਧ ਰਹੇ ਹਨ।