ਕਨੇਡਾ ਦੇ ਨਾਮਵਰ ਪੰਜਾਬੀ ਪੱਤਰਕਾਰ ਡਾ. ਗੁਰਵਿੰਦਰ ਸਿੰਘ 'ਹਿਊਮਨ ਰਾਈਟਸ ਜਰਨਲਿਜ਼ਮ ਐਵਾਰਡ' ਨਾਲ ਸਨਮਾਨਿਤ

ਕਨੇਡਾ ਦੇ ਨਾਮਵਰ ਪੰਜਾਬੀ ਪੱਤਰਕਾਰ ਡਾ. ਗੁਰਵਿੰਦਰ ਸਿੰਘ 'ਹਿਊਮਨ ਰਾਈਟਸ ਜਰਨਲਿਜ਼ਮ ਐਵਾਰਡ' ਨਾਲ ਸਨਮਾਨਿਤ
ਤਸਵੀਰ : ਰੈਡੀਕਲ ਦੇਸੀ ਵਲੋਂ ਡਾ. ਗੁਰਵਿੰਦਰ ਸਿੰਘ ਨੂੰ 'ਹਿਊਮਨ ਰਾਈਟਸ ਜਰਨਲਿਜ਼ਮ ਐਵਾਰਡ' ਨਾਲ ਸਨਮਾਨਤ ਕੀਤੇ ਜਾਣ ਦਾ ਦ੍ਰਿਸ਼।

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਿਊ ਵੈਸਟਮਿਨਸਟਰ : ਕੈਨੇਡਾ ਦੇ ਨਾਮਵਰ ਪੰਜਾਬੀ ਪੱਤਰਕਾਰ ਅਤੇ ਚੈਨਲ ਪੰਜਾਬੀ ਦੇ ਪ੍ਰੋਗਰਾਮ 'ਆਵਾਜ਼-ਏ-ਪੰਜਾਬ' ਦੇ ਮੇਜ਼ਬਾਨ ਡਾ. ਗੁਰਵਿੰਦਰ ਸਿੰਘ ਨੂੰ 'ਹਿਊਮਨ ਰਾਈਟਸ ਜਰਨਲਿਜ਼ਮ ਐਵਾਰਡ' ਨਾਲ ਸਨਮਾਨਤ ਕੀਤਾ ਗਿਆ ਹੈ। ਇਹ ਅਵਾਰਡ ਅਦਾਰਾ 'ਰੈਡੀਕਲ ਦੇਸੀ' ਵੱਲੋਂ ਡਾ. ਗੁਰਵਿੰਦਰ ਸਿੰਘ ਦੀ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਪੱਤਰਕਾਰੀ ਦੇ ਮੱਦੇ-ਨਜ਼ਰ ਦਿੱਤਾ ਗਿਆ ਹੈ। ਗੁਰਦੁਆਰਾ ਸੁਖ ਸਾਗਰ ਖਾਲਸਾ ਦੀਵਾਨ ਸੁਸਾਇਟੀ ਨਿਊਵੈਸਟਮਨਿਸਟਰ ਵੱਲੋਂ ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦੌਰਾਨ ਵਿਚਾਰ ਸਾਂਝੇ ਕਰਦਿਆਂ ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਸਾਨੂੰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਖੁਰਦਪੁਰ ਸਮੇਤ, ਸਮੂਹ ਗਦਰੀ ਬਾਬਿਆਂ ਅਤੇ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦੀ ਲੋੜ ਹੈ, ਜਿਨ੍ਹਾਂ ਨੇ ਸਮੇਂ ਦੀਆਂ ਸਰਕਾਰਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਅਤੇ ਮਨੁੱਖੀ ਹੱਕਾਂ ਲਈ ਜਾਨਾਂ ਕੁਰਬਾਨ ਕੀਤੀਆਂ।ਅਦਾਰਾ 'ਰੈਡੀਕਲ ਦੇਸੀ' ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਜਦੋਂ ਸੈਂਸਰਸ਼ਿਪ ਅਤੇ ਸਰਕਾਰੀ ਧੱਕੇਸ਼ਾਹੀ ਰਾਹੀਂ ਪੱਤਰਕਾਰੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਜਿਹੇ ਸਮੇਂ ਡਾ. ਗੁਰਵਿੰਦਰ ਸਿੰਘ ਵਰਗੀਆਂ ਸ਼ਖਸੀਅਤਾਂ ਦਾ, ਸਥਾਪਤੀ ਨੂੰ ਜਵਾਬਦੇਹ ਬਣਾਉਣ ਲਈ ਸਨਮਾਨਿਤ ਕੀਤਾ ਜਾਣਾ ਬਣਦਾ ਹੈ। ਇਸ ਮੌਕੇ 'ਤੇ ਖਾਲਸਾ ਦੀਵਾਨ ਸੁਸਾਇਟੀ ਸੁਖਸਾਗਰ ਨਿਊ ਵੈਸਟ ਮਿਨਸਟਰ ਵੱਲੋਂ ਸ਼ਹੀਦ ਗਿਆਨੀ ਬਲਵੰਤ ਸਿੰਘ ਖੁਰਦਪੁਰ ਦੇ ਇਤਿਹਾਸਕ ਦਿਨ 'ਤੇ ਵਿਸਤਾਰ ਪੂਰਵਕ ਵਿਚਾਰ ਚਰਚਾ ਹੋਈ, ਜਿਸ ਵਿਚ ਡਾ. ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਤੋਂ ਇਲਾਵਾ ਭਾਈ ਹਰਦੀਪ ਸਿੰਘ ਨਾਗਰਾ ਅਤੇ ਭਾਈ ਸੁਲੱਖਣ ਸਿੰਘ ਸੋਢੀ ਨੇ ਵਿਚਾਰ ਸਾਂਝੇ ਕੀਤੇ। ਸੁਸਾਇਟੀ ਵੱਲੋਂ ਗੁਰਪ੍ਰੀਤ ਸਿੰਘ ਨੂੰ ਬੁਲਾਰੇ ਵਜੋਂ ਸ਼ਾਮਲ ਹੋਣ 'ਤੇ ਸਨਮਾਨ ਚਿੰਨ ਭੇਂਟ ਕੀਤਾ ਗਿਆ। ਸਮਾਗਮ ਵਿੱਚ ਕੈਨੇਡੀਅਨ ਜੰਮਪਲ ਸਿੱਖ ਬੱਚਿਆਂ ਦੀ ਹਾਜ਼ਰੀ ਉਤਸ਼ਾਹ ਪੂਰਨ ਰਹੀ, ਜਿਨ੍ਹਾਂ ਨੇ ਸ਼ਬਦ ਕੀਰਤਨ ਤੋਂ ਇਲਾਵਾ ਇਤਿਹਾਸ ਅਤੇ ਪੰਜਾਬੀ ਬੋਲੀ ਨੂੰ ਸਮਰਪਿਤ ਵਿਚਾਰਾਂ ਦੀ ਸਾਂਝ ਪਾਈ।