ਭਗਤ ਰਵਿਦਾਸ ਜੀ ਨੂੰ ਯਾਦ ਕਰਦਿਆਂ

ਭਗਤ ਰਵਿਦਾਸ ਜੀ ਨੂੰ ਯਾਦ ਕਰਦਿਆਂ

ਭਗਤ ਰਵਿਦਾਸ ਜੀ ਦਾ ਜਨਮ 14ਵੀਂ ਸਦੀ ਵਿੱਚ ਉੱਤਰਪ੍ਰਦੇਸ਼ ਦੇ ਬਨਾਰਸ ਸ਼ਹਿਰ ਵਿੱਚ ਹੋਇਆ ਹੈ।

ਖੁਦ ਪ੍ਰਮਾਤਮਾ ਦੇ ਨਾਮ ਨਾਲ ਜੁੜਨਾ, ਹੋਰਨਾਂ ਲੋਕਾਂ ਨੂੰ ਸਿੱਧੇ ਰਸਤੇ ਤੇ ਪਾਕੇ ਪ੍ਰਮਾਤਮਾ ਨਾਲ ਜੋੜਨਾ, ਕਿਰਤ ਕਰਦਿਆਂ ਪਰਿਵਾਰ ਵਿੱਚ ਰਹਿੰਦਿਆਂ ਉਨ੍ਹਾਂ ਨੇ ਉੱਚਾ ਜੀਵਨ ਬਤੀਤ ਕੀਤਾ ਅਤੇ ਲੱਖਾਂ ਲੋਕਾਂ ਨੂੰ ਬਾਣੀ ਨਾਲ ਉਪਦੇਸ਼ ਦੇਕੇ ਤਾਰਿਆ। ਉਨ੍ਹਾਂ ਦਾ ਜਨਮ ਸਮਾਜ ਦੇ ਉਨ੍ਹਾਂ ਪਰਿਵਾਰਾਂ ਵਿੱਚ ਹੋਇਆ, ਜਿਨ੍ਹਾਂ ਲਈ ਆਮ ਸਮਾਜ ਦੇ ਮਿਲਵਰਤਣ ਦੇ ਦਰਵਾਜੇ ਤਾਂ ਬੰਦ ਸਨ ਹੀ, ਨਾਲ ਹੀ ਪਰਮਾਤਮਾ ਦਾ ਨਾਮ ਜਪਣ ਉਪਰ ਵੀ ਪਾਬੰਦੀ ਸੀ। ਪਰਿਵਾਰ ਦੀ ਗਰੀਬੀ, ਸਮਾਜਿਕ ਵਿਤਕਰੇ ਦੇ ਬਾਵਜੂਦ ਉਨ੍ਹਾਂ ਨੇ ਪ੍ਰਮਾਤਮਾ ਨੂੰ ਪਾਇਆ। 

ਭਗਤ ਰਵਿਦਾਸ ਜੀ ਦੇ ਬਚਪਨ ਬਾਰੇ ਭਾਵੇਂ ਜਿਆਦਾ ਸਾਖੀਆਂ ਨਹੀਂ ਮਿਲਦੀਆਂ, ਪਰ ਭਗਤ ਰਵਿਦਾਸ ਜੀ ਦੀ ਭਗਤ ਰਾਮਾਨੰਦ ਜੀ ਨਾਲ ਭੇਟ ਅਤੇ ਉਨ੍ਹਾਂ ਦੀ ਸੰਗਤ ਕਰਨ ਦਾ ਜ਼ਿਕਰ ਮਿਲਦਾ ਹੈ। ਭਗਤ ਰਵਿਦਾਸ ਜੀ ਦੇ ਸਮਕਾਲੀ ਭਗਤ ਕਬੀਰ, ਭਗਤ ਸੈਣ, ਭਗਤ ਸਧਨਾ ਜੀ ਹੋਏ ਹਨ। ਭਗਤ ਰਵਿਦਾਸ ਜੀ ਨੇ ਸਾਰਿਆਂ ਭਗਤਾਂ ਨੂੰ ਸਤਿਕਾਰ ਦਿੱਤਾ, ਆਪਣੇ ਗੁਰ ਭਾਈ ਦੱਸਿਆ। ਦੂਸਰੇ ਭਗਤ ਭਾਵੇਂ ਉਹ ਕਿਸੇ ਵੀ ਖਿੱਤੇ ਜਾਂ ਧਰਮ ਨਾਲ ਸਬੰਧ ਰੱਖਦੇ ਸਨ, ਸਾਰੇ ਭਗਤ ਰਵਿਦਾਸ ਜੀ ਦਾ ਸਤਿਕਾਰ ਕਰਦੇ ਹਨ। ਇਸ ਤਰ੍ਹਾਂ ਉਨ੍ਹਾਂ ਨੇ ਸਮਾਜਿਕ ਅਤੇ ਸਭਿਆਚਾਰਿਕ ਵਖਰੇਵਿਆਂ ਦੇ ਬਾਵਜੂਦ ਆਪਸੀ ਮਿਲਵਰਤਣ ਅਤੇ ਭਰੱਪਣ ਦਾ ਸੱਦਾ ਦਿੱਤਾ। ਉਹਨਾਂ ਦੀ ਬਾਣੀ ਅਤੇ ਉਹਨਾਂ ਦੇ ਅਨੁਭਵ ਰੂਹਾਨੀ ਤਲ ਤੇ ਬਾਕੀ ਭਗਤਾਂ ਅਤੇ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਅਤੇ ਉਨ੍ਹਾਂ ਦੀ ਅਵਸਥਾ ਨਾਲ ਮੇਲ ਖਾਂਦੇ ਸਨ। ਭਗਤ ਸਾਹਿਬਾਨ ਜੀ ਦੀ ਬਾਣੀ ਨੂੰ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ, ਜਿਹੜੀ ਬਾਣੀ ਗੁਰੂ ਨਾਨਕ ਸਾਹਿਬ ਜੀ ਨੇ ਖੁਦ ਭਗਤ ਸਾਹਿਬਾਨ ਤੋਂ ਪ੍ਰਾਪਤ ਕੀਤੀ ਸੀ। 

ਸਾਖੀਆਂ ਵਿੱਚ ਭਗਤ ਜੀ ਬਾਰੇ ਕਿਧਰੇ ਇਹ ਜ਼ਿਕਰ ਨਹੀਂ ਮਿਲਦਾ ਕਿ ਉਨ੍ਹਾਂ ਨੇ ਕਿਰਤ ਛੱਡ ਕੇ ਕਿਤੇ ਬੈਠਕੇ ਭਗਤੀ ਜਾਂ ਸਿਮਰਨ ਕੀਤਾ ਹੋਵੇ। ਜਿਵੇਂ ਉਨ੍ਹਾਂ ਦੇ ਸਮਕਾਲੀ ਭਗਤ ਕਬੀਰ ਜੀ ਦੀ ਬਾਣੀ ਵਿੱਚੋਂ ਸਪਸ਼ਟ ਹੁੰਦਾ ਹੈ, ਭਗਤ ਰਵਿਦਾਸ ਜੀ ਵੀ ਆਪਣੀ ਕਿਰਤ ਕਰਦਿਆਂ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਧਿਆਉਂਦੇ ਰਹਿੰਦੇ ਸਨ। ਉਨ੍ਹਾਂ ਦੀ ਕਿਰਤ ਜੁੱਤੀਆਂ ਬਣਾਉਣ ਦੀ ਸੀ, ਜਿਸ ਵਿੱਚ ਉਨ੍ਹਾਂ ਨੇ ਸਦਾਚਾਰ, ਇਮਾਨਦਾਰੀ ਨੂੰ ਵੱਡੀ ਥਾਂ ਦਿੱਤੀ ਹੋਈ ਸੀ। ਇਸ ਕਿਰਤ ਵਿਚੋਂ ਭਾਵੇਂ ਉਹ ਗੁਜ਼ਾਰੇ ਜੋਗੀ ਆਮਦਨ ਬੜੀ ਮੁਸ਼ਕਿਲ ਨਾਲ ਇਕੱਠੀ ਕਰਦੇ ਸਨ, ਤਾਂ ਵੀ ਵੰਡ ਛਕਣ ਦੀ ਉਨ੍ਹਾਂ ਦੀ ਬਿਰਤੀ ਸੀ। ਆਪਣੀ ਕਿਰਤ ਵਿਚੋਂ ਪੈਦਾ ਹੋ ਰਹੀ ਆਮਦਨ ਨਾਲ ਉਹ ਸੰਤੁਸ਼ਟ ਅਤੇ ਖੇੜੇ ਵਿੱਚ ਸਨ। ਇਸ ਗੱਲ ਦੀ ਗਵਾਹੀ ਵਾਰ ਵਾਰ ਮਿਲਦੀ ਹੈ ਕਿ ਉਨ੍ਹਾਂ ਨੂੰ ਕਿੰਨੀ ਵਾਰ ਸਾਧੂਆਂ ਫ਼ਕੀਰਾਂ ਨੇ ਉਨ੍ਹਾਂ ਦਾ ਨਿੱਘਾ ਸੁਭਾਅ ਅਤੇ ਸੇਵਾ ਭਾਵਨਾ ਜਾਣ ਕੇ ਕਦੇ ਉਨ੍ਹਾਂ ਨੂੰ ਬਹੁਤ ਸਾਰਾ ਧਨ, ਕਦੇ ਵਡਮੁੱਲੇ ਪਦਾਰਥ ਅਰਪਣ ਕਰਨ ਦੀ ਕੋਸ਼ਿਸ ਕੀਤੀ, ਪਰ ਭਗਤ ਜੀ ਉਨ੍ਹਾਂ ਦੀ ਪੇਸ਼ਕਸ ਇਸ ਦਲੀਲ ਨਾਲ ਮਨ੍ਹਾਂ ਕਰ ਦਿੰਦੇ ਸਨ ਕਿ ਉਹ ਇਨ੍ਹਾਂ ਪਦਾਰਥਾਂ ਦੇ ਮੋਹ ਤੋਂ ਉਪਰ ਉਠ ਗਏ ਹਨ ਅਤੇ ਇੱਕ ਸੱਚਾ ਧਨ ਪ੍ਰਾਪਤ ਕਰਕੇ ਉਨ੍ਹਾਂ ਨੂੰ ਹੋਰ ਦੁਨਿਆਵੀ ਪਦਾਰਥਾਂ ਦੀ ਝਾਕ ਨਹੀਂ ਰਹੀ। ਉਹ ਲੋਕਾਂ ਵਲੋਂ ਮਾਇਆ ਦੇ ਵੱਸ ਪੈਕੇ ਨੱਚਣ ਦਾ ਬਕਮਾਲ ਦ੍ਰਿਸਟਾਂਤ ਦਿੰਦੇ ਹਨ। ਜਿਥੋਂ ਉਨ੍ਹਾਂ ਦੀ ਅਗੰਮੀ ਅਵਸਥਾ ਦੇ ਝਲਕਾਰੇ ਪ੍ਰਗਟ ਹੁੰਦੇ ਹਨ। 

ਭਗਤ ਰਵਿਦਾਸ ਜੀ ਬਾਣੀ ਰਾਹੀਂ ਮਨੁੱਖਾਂ ਨੂੰ ਨਾਮ ਜਪਣ ਦੀ ਪ੍ਰੇਰਣਾ ਅਤੇ ਸਮਾਜਿਕ ਸੁਧਾਰਾਂ ਦਾ ਸੱਦਾ ਦਿੰਦੇ ਹਨ। ਉਨ੍ਹਾਂ ਦੇ ਵਿਚਾਰ ਉਸ ਜ਼ਮਾਨੇ ਦੇ ਹਿਸਾਬ ਨਾਲ ਬੇਹੱਦ ਇਨਕਲਾਬੀ ਸਨ, ਸਮਾਜ ਅੰਦਰ ਬਿਪਰ ਧਿਰਾਂ ਦੁਆਰਾ ਲੋਕਾਈ ਦੀ ਕੀਤੀ ਜਾਂਦੀ ਖੁਆਰੀ ਦੇ ਵਿਰੋਧ ਵਿੱਚ ਉਨ੍ਹਾਂ ਨੇ ਲੋਕਾਈ ਨੂੰ ਜਾਗਰੂਕ ਕੀਤਾ ਅਤੇ ਬਿਪਰਾਂ ਦੇ ਝੂਠ ਨੂੰ ਬੇਪਰਦ ਕੀਤਾ। ਉਨ੍ਹਾਂ ਨੇ ਸਭ ਲੋਕਾਈ ਨੂੰ ਇੱਕ ਬਰਾਬਰ ਸਮਝਣ ਅਤੇ ਸਭ ਦੇ ਇੱਕੋ ਜਿਹੇ ਅਖ਼ਤਿਆਰਾਂ ਦੀ ਗਵਾਹੀ ਭਰੀ। ਉਨ੍ਹਾਂ ਨੇ ਆਪਣੀ ਬਾਣੀ ਰਾਹੀਂ ਇੱਕ ਅਜਿਹੇ ਸਮਾਜ ਦੀ ਸਿਰਜਣਾ ਦਾ ਸੁਪਨਾ ਪ੍ਰਗਟ ਕੀਤਾ, ਜਿੱਥੇ ਕੋਈ ਗਮ ਜਾਂ ਦੁੱਖ ਨਾ ਹੋਵੇ। 

ਭਗਤ ਰਵਿਦਾਸ ਜੀ ਜਿਹੜੇ ਪਰਿਵਾਰਾਂ ਨਾਲ ਸਬੰਧ ਰੱਖਦੇ ਸਨ, ਬ੍ਰਾਹਮਣ ਨੇ ਉਨ੍ਹਾਂ ਪਰਿਵਾਰਾਂ ਨੂੰ ਇੱਕ ਜਾਤ ਵਿੱਚ ਬੰਨ੍ਹਿਆ ਹੋਇਆ ਸੀ, ਜਿਨ੍ਹਾਂ ਨੂੰ ਸਮਾਜ ਵਿੱਚ ਇੱਜ਼ਤਸਾਰ ਨਿਗ੍ਹਾ ਨਾਲ ਨਹੀਂ ਦੇਖਿਆ ਜਾਂਦਾ ਸੀ। ਉਨ੍ਹਾਂ ਨੂੰ ਧਾਰਮਿਕ ਅਤੇ ਸਮਾਜਿਕ ਤੌਰ ਤੇ ਇਜ਼ਤ ਨਾਲ ਵਿਚਰਦਿਆਂ ਬ੍ਰਾਹਮਣਾਂ ਦੀ ਈਰਖਾ ਅਤੇ ਵਿਰੋਧ ਸਹਿਣਾ ਪਿਆ। ਬ੍ਰਾਹਮਣਾਂ ਦਾ ਵਿਰੋਧ ਸੀ ਕਿ ਪ੍ਰਮਾਤਮਾ ਨੇ ਹਰ ਮਨੁੱਖ ਨੂੰ ਨਾ-ਬਰਾਬਰ ਅਤੇ ਇੱਕ ਦੂਜੇ ਤੋਂ ਉੱਚਾ ਨੀਵਾਂ ਬਣਾਕੇ ਉਸਦੇ ਚੰਗੇ ਮਾੜੇ ਕਰਮਾਂ ਅਨੁਸਾਰ ਉੱਚੀ ਨੀਵੀਂ ਜਾਤ ਵਿੱਚ ਜਨਮ ਦਿੱਤਾ ਹੈ। ਉਨ੍ਹਾਂ ਮੁਤਾਬਿਕ ਸ਼ੂਦਰ ਨੂੰ ਤਿੰਨੇ ਜਾਤਾਂ ਬ੍ਰਾਹਮਣ, ਵੈਸ਼ ਅਤੇ ਖੱਤਰੀ ਦਾ ਗੁਲਾਮ ਬਣਾਇਆ ਹੈ। ਉਸ ਨੂੰ ਕੋਈ ਵਿਦਿਆ ਦਾ ਹੱਕ ਨਹੀਂ, ਪੂਜਾ ਕਰਨ, ਨਾਮ ਜਪਣ ਦਾ ਵੀ ਕੋਈ ਹੱਕ ਨਹੀਂ ਹੈ। ਜਦਕਿ ਭਗਤ ਰਵਿਦਾਸ ਜੀ ਸਾਰੇ ਮਨੁੱਖਾਂ ਨੂੰ ਬਰਾਬਰ ਹੋਣ ਦਾ ਉਪਦੇਸ਼ ਦਿੰਦੇ ਹਨ, ਉਨ੍ਹਾਂ ਨੇ ਦੱਸਿਆ ਕਿ ਜਿਹੜਾ ਪ੍ਰਮਾਤਮਾ ਉਨ੍ਹਾਂ ਦੇ ਹਿਰਦੇ ਵਿੱਚ ਵਸਿਆ ਹੈ, ਉਸਨੇ ਕਿਸੇ ਨੂੰ ਉੱਚਾ ਨੀਵਾਂ ਨਹੀਂ ਬਣਾਇਆ ਜਦਕਿ ਬਿਪਰ ਝੂਠ ਬੋਲ ਰਿਹਾ ਹੈ। ਸੰਸਕ੍ਰਿਤ ਬੋਲੀ ਉਪਰ ਬਿਪਰਾਂ ਦਾ ਕਬਜ਼ਾ ਹੋਣ ਕਾਰਨ ਕੋਈ ਵੀ ਆਪਣੀ ਮਰਜ਼ੀ ਨਾਲ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਨਹੀਂ ਸੀ ਸਕਦਾ। ਤਾਂ ਤੇ ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਲੋਕ ਬੋਲੀ ਵਿੱਚ ਉਚਾਰਨ ਕੀਤੀ ਅਤੇ ਹਰ ਕਿਸੇ ਦੀ ਜ਼ੁਬਾਨ ਤੇ ਆ ਗਈ। ਉਨ੍ਹਾਂ ਨੇ ਬਿਪਰ ਸੰਸਕਾਰ ਉਪਰ ਐਲਾਨੀਆ ਫਤਿਹ ਪ੍ਰਾਪਤ ਕੀਤੀ, ਬਿਪਰ ਦੁਆਰਾ ਘੜੇ ਗਏ ਸਾਰੇ ਬਿਰਤਾਂਤ ਨੂੰ ਭੰਨ ਦਿੱਤਾ। ਉਹਨਾਂ ਦੀ ਬਾਣੀ ਅਤੇ ਉਨ੍ਹਾਂ ਦੇ ਜੀਵਨ ਤੋਂ ਇਹ ਗੱਲ ਝਲਕਦੀ ਹੈ, ਕਿ ਨਾ ਉਨ੍ਹਾਂ ਨੇ ਖੁਦ ਨੂੰ ਬ੍ਰਾਹਮਣਾਂ ਦੁਆਰਾ ਸ਼ੂਦਰ ਕਹੇ ਜਾਣ ਦੀ ਕੋਈ ਪ੍ਰਵਾਹ ਕੀਤੀ ਅਤੇ ਨਾ ਹੀ ਆਪਣੀ ਕਿਰਤ ਨੂੰ ਨੀਵਾਂ ਜਾਂ ਛੋਟਾ ਸਮਝਿਆ। ਉਨ੍ਹਾਂ ਦੀ ਬਾਣੀ ਤੋਂ ਉਹਨਾਂ ਦੇ ਚੜਦੀਕਲਾ ਨਾਲ ਵਿਚਰਨ ਅਤੇ ਬ੍ਰਾਹਮਣਾਂ ਦੀ ਢਹਿੰਦੀਕਲਾ ਦਾ ਪੱਖ ਉਜਾਗਰ ਹੁੰਦਾ ਹੈ। 

ਭਗਤ ਰਵਿਦਾਸ ਜੀ ਦੀਆਂ ਸਿਖਿਆਵਾਂ ਤੋਂ ਸਾਨੂੰ ਸਿੱਖਣ ਦੀ ਲੋੜ ਹੈ। ਖੁਦ ਨੂੰ ਭਗਤ ਰਵਿਦਾਸ ਜੀ ਦੇ ਵਾਰਸ ਸਮਝਦਿਆਂ ਸਾਨੂੰ ਆਪਣੀ ਜਿੰਦਗੀ ਨੂੰ ਗੁਰਬਾਣੀ ਅਨੁਸਾਰ ਜੀਣ, ਨਾਮ ਜਪਣ ਅਤੇ ਕਿਰਤ ਕਰਨ, ਮੂਰਤੀਪੂਜਾ/ਤਸਵੀਰਪੂਜਾ ਤੋਂ ਬਚਣ, ਜਾਤ ਨੂੰ ਵਾਰ ਵਾਰ ਚਿਤਾਰਨ ਵਾਲੀਆਂ ਗੱਲ੍ਹਾਂ ਤੋਂ ਕਿਨਾਰਾ ਕਰਨ ਦੀ ਲੋੜ ਹੈ। 

ਭਾਈ ਮਲਕੀਤ ਸਿੰਘ 

ਸੰਪਾਦਕ