ਰਾਮ ਰਹੀਮ ਨੂੰ ਕੱਤਲ ਕੇਸ ਵਿੱਚੋਂ ਬਰੀ ਕਰਨਾ ਮੰਦਭਾਗਾ, ਪੰਥ ਬਾਕੀ ਕੇਸਾਂ ਤੇ ਰਖੇ ਬਾਜ਼ ਨਜ਼ਰ: ਅਖੰਡ ਕੀਰਤਨੀ ਜੱਥਾ ਦਿੱਲੀ

ਰਾਮ ਰਹੀਮ ਨੂੰ ਕੱਤਲ ਕੇਸ ਵਿੱਚੋਂ ਬਰੀ ਕਰਨਾ ਮੰਦਭਾਗਾ, ਪੰਥ ਬਾਕੀ ਕੇਸਾਂ ਤੇ ਰਖੇ ਬਾਜ਼ ਨਜ਼ਰ: ਅਖੰਡ ਕੀਰਤਨੀ ਜੱਥਾ ਦਿੱਲੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 29 ਮਈ (ਮਨਪ੍ਰੀਤ ਸਿੰਘ ਖਾਲਸਾ):-ਬਹੁਚਰਚਿਤ ਰਣਜੀਤ ਸਿੰਘ ਕਤਲ ਕੇਸ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਾਮ ਰਹੀਮ ਨੂੰ ਵੱਡੀ ਰਾਹਤ ਦਿੰਦਿਆਂ ਉਸਨੂੰ ਬੇਕਸੂਰ ਕਰਾਰ ਦਿੱਤਾ ਹੈ, ਮਤਲਬ ਕਿ ਰਾਮ ਰਹੀਮ ਨੂੰ ਉਕਤ ਕੇਸ ਵਿਚੋਂ ਬਰੀ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਸੀਬੀਆਈ ਅਦਾਲਤ ਨੇ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ । ਅਖੰਡ ਕੀਰਤਨੀ ਜੱਥਾ ਦਿੱਲੀ ਇਕਾਈ ਦੇ ਸੇਵਾਦਾਰ ਭਾਈ ਹਰਜਿੰਦਰ ਸਿੰਘ, ਭਾਈ ਅਰਵਿੰਦਰ ਸਿੰਘ ਰਾਜਾ ਅਤੇ ਭਾਈ ਅਰੁਣਪਾਲ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕਈ ਸੰਗੀਨ ਮਾਮਲੇਆਂ ਦੇ ਮੁੱਖ ਦੋਸ਼ੀ ਗੁਰਮੀਤ ਰਾਮ ਰਾਹੀਮ ’ਤੇ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਨਿਯਮਾਂ ਨੂੰ ਨਜ਼ਰਅੰਦਾਜ਼ ਕਰਕੇ ਪੂਰੀ ਤਰ੍ਹਾਂ ਮਿਹਰਬਾਨ ਹੈ । ਅਦਾਲਤ ਓਸ ਨੂੰ ਬਾਰ ਬਾਰ ਪੈਰੋਲ ਫਰਲੋ ਦੇਂਦੀ ਰਹਿੰਦੀ ਹੈ ਅਤੇ ਹੁਣ ਓਸ ਦੇ ਇਕ ਨਜ਼ਦੀਕੀ ਰਿਸ਼ਤੇਦਾਰ ਵਲੋਂ ਭਾਜਪਾਈ ਬਣਨ ਉਪਰੰਤ ਓਸ ਨੂੰ ਬਰੀ ਕੀਤਾ ਗਿਆ ਹੈ ਜੋ ਕਿ ਰਣਜੀਤ ਸਿੰਘ ਕਤਲ ਕੇਸ ਵਿੱਚ ਆਇਆ ਅਸੰਤੁਸ਼ਟੀਜਨਕ ਅਦਾਲਤੀ ਫੈਸਲਾ ਹੈ।

ਉਨ੍ਹਾਂ ਨੇ ਕਿਹਾ ਕਿ ਰਾਮ ਰਹੀਮ ਕਈ ਸੰਗੀਨ ਅਪਰਾਧਾਂ ਤਹਿਤ ਸਜ਼ਾ ਕੱਟ ਰਿਹਾ ਹੈ ਓਸ ਦੀ ਕੀਤੀ ਜਾ ਰਹੀ ਪੈਰਵਾਈ ਸੰਤੋਸ਼ਜਨਕ ਨਹੀਂ ਹੈ ਜਿਸ ਨੂੰ ਸੀ ਬੀ ਆਈ ਵਲੋਂ ਯਕੀਨੀ ਬਣਾਇਆ ਜਾਣਾ ਜਰੂਰੀ ਹੈ ਨਹੀਂ ਤਾਂ ਦੇਸ਼ ਦੀ ਜਾਂਚ ਪ੍ਰਣਾਲੀ ਤੋਂ ਲੋਕਾਂ ਦਾ ਭਰੋਸਾ ਟੁੱਟ ਸਕਦਾ ਹੈ । 

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਾਧ ਉਪਰ ਮਿਹਰਬਾਨੀਆਂ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਨੂੰ ਦੇਖ ਕੇ ਲੱਗ ਰਿਹਾ ਕਿ ਉਸਦੇ ਬਾਕੀ ਮਾਮਲੇ ਵੀਂ ਸਰਕਾਰੀ ਸਰਪ੍ਰਸਤੀ ਹੇਠ ਜਲਦ ਖ਼ਤਮ ਹੋ ਜਾਣਗੇ ਤੇ ਓਹ ਮੁੜ ਆਪਣੇ ਡੇਰਿਆਂ ਨੂੰ ਸੰਭਾਲਦਾ ਨਜਰੀ ਪੈ ਸਕਦਾ ਹੈ ਇਸ ਲਈ ਸਿੱਖ ਪੰਥ ਦੀ ਧਾਰਮਿਕ ਅਤੇ ਰਾਜਸੀ ਜਥੇਬੰਦੀਆਂ ਨੂੰ ਸਾਧ ਤੇ ਬਾਕੀ ਮਾਮਲਿਆ ਉਪਰ ਬਾਜ਼ ਨਜ਼ਰ ਰੱਖਣ ਦੀ ਸਖ਼ਤ ਲੋੜ ਹੈ ਤੇ ਜਰੂਰਤ ਪੈਣ ਤੇ ਅਦਾਲਤੀ ਕਾਰਵਾਈ ਕਰਣ ਵਿਚ ਸੰਕੋਚ ਨਹੀਂ ਕਰਣਾ ਚਾਹੀਦਾ ਹੈ ।