ਗੁਰਦੁਆਰਾ ਰਾਜੌਰੀ ਗਾਰਡਨ ਵਿੱਚ ਜਲਦ ਲਗੇਗੀ ਐਮਆਰਆਈ ਮਸ਼ੀਨ

ਗੁਰਦੁਆਰਾ ਰਾਜੌਰੀ ਗਾਰਡਨ ਵਿੱਚ ਜਲਦ ਲਗੇਗੀ ਐਮਆਰਆਈ ਮਸ਼ੀਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 29 ਮਈ (ਮਨਪ੍ਰੀਤ ਸਿੰਘ ਖਾਲਸਾ): ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿੱਚ ਜਲਦ ਹੀ ਐਮ.ਆਰ.ਆਈ ਮਸ਼ੀਨ ਲਗਾਈ ਜਾ ਰਹੀ ਹੈ ਜਿਸ ਵਿੱਚ ਸੰਗਤਾਂ ਨੂੰ ਬਹੁਤ ਹੀ ਘੱਟ ਰੇਟ ‘ਤੇ ਐਮ.ਆਰ.ਆਈ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਸ ਕਾਰਜ ਲਈ ਹਮਦਰਦ ਗਰੁੱਪ, ਸਿਗਮਾ ਗਰੁੱਪ ਅਤੇ ਸਨ ਫਾਊਂਡੇਸ਼ਨ ਤੋਂ ਵੀ ਸਹਿਯੋਗ ਲਿਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਮਨਜੀਤ ਸਿੰਘ ਅਤੇ ਜਨਰਲ ਸਕੱਤਰ ਮਨਜੀਤ ਸਿੰਘ ਖੰਨਾ ਨੇ ਦੱਸਿਆ ਕਿ ਬਹੁਤ ਜਲਦ ਗੁਰਦੁਆਰਾ ਰਾਜੌਰੀ ਗਾਰਡਨ ਵਿਚ ਚੱਲ ਰਹੀ ਡਿਸਪੈਂਸਰੀ ਵਿਚ ਐਮ.ਆਰ.ਈ ਮਸ਼ੀਨ ਲਗਾਈ ਜਾ ਰਹੀ ਹੈ, ਜਿਸ ਲਈ ਹਮਦਰਦ ਗਰੁੱਪ, ਸਿਗਮਾ ਗਰੁੱਪ ਅਤੇ ਸਨ ਫਾਊਂਡੇਸ਼ਨ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਗੁਰਦੁਆਰਾ ਸਾਹਿਬ ਵਿੱਚ ਸੀਟੀ ਸਕੈਨ, ਡੈਂਟਲ ਇੰਪਲਾਂਟ, ਮੋਤੀਆਬਿੰਦ, ਕੀਮੋਥੈਰੇਪੀ, ਮੈਮੋਗ੍ਰਾਫੀ, ਬਲੈਕ ਟੈਸਟ ਆਦਿ ਦੀਆਂ ਆਧੁਨਿਕ ਮਸ਼ੀਨਾਂ ਲਗਾਈਆਂ ਜਾ ਚੁੱਕੀਆਂ ਹਨ, ਜਿਨ੍ਹਾਂ ਦਾ ਸੰਗਤਾਂ ਭਰਪੂਰ ਲਾਭ ਲੈ ਰਹੀਆਂ ਹਨ। ਇਸੇ ਤਰ੍ਹਾਂ ਐਮ.ਆਰ.ਆਈ ਮਸ਼ੀਨ ਲਗਾਉਣ ਨਾਲ ਮਰੀਜਾਂ ਨੂੰ ਬਜ਼ਾਰ ਨਾਲੋਂ ਘੱਟ ਰੇਟ 'ਤੇ ਇੱਕੋ ਥਾਂ 'ਤੇ ਸਾਰੇ ਟੈਸਟਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਹਮਦਰਦ ਗਰੁੱਪ ਦੇ ਕਾਰਜਕਾਰੀ ਸਕੱਤਰ ਸ਼ੌਕਤ ਮੁਫਤੀ ਅਤੇ ਸਕੱਤਰ ਸਾਜਿਦ ਅਹਿਮਦ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।