ਵਿਦੇਸ਼ ਵਿਚ ਸਿੱਖਾਂ ਖਿਲਾਫ ਫੇਰ ਹੋਇਆ ਨਸਲੀ ਨਫਰਤ ਦਾ ਪ੍ਰਗਟਾਵਾ

ਵਿਦੇਸ਼ ਵਿਚ ਸਿੱਖਾਂ ਖਿਲਾਫ ਫੇਰ ਹੋਇਆ ਨਸਲੀ ਨਫਰਤ ਦਾ ਪ੍ਰਗਟਾਵਾ
ਨਸਲੀ ਨਫਰਤ ਖਿਲਾਫ ਸਿੱਖਾਂ ਵੱਲੋਂ ਕੀਤੇ ਇਕ ਪ੍ਰਦਰਸ਼ਨ ਦੀ ਤਸਵੀਰ

ਚੰਡੀਗੜ੍ਹ: ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ 'ਤੇ ਹਾਸਰਸ ਵਾਲੀਆਂ ਵੀਡੀਓ ਪਾਉਣ ਲਈ ਮਸ਼ਹੂਰ ਜੈਸ ਹਿਲਾਰਿਅਸ ਉਰਫ ਜੈਸਿਕਾ ਮੂਰ ਨਾਮੀਂ ਔਰਤ ਵੱਲੋਂ ਇਕ ਹਵਾਈ ਯਾਤਰਾ ਦੀ ਸ਼ੁਰੂਆਤ ਦੌਰਾਨ ਜਹਾਜ਼ ਵਿਚ ਚਾਰ ਦਸਤਾਰਧਾਰੀ ਸਿੱਖਾਂ ਨੂੰ ਦੇਖ ਕੇ ਨਸਲੀ ਨਫਰਤ ਵਾਲੀ ਇਕ ਵੀਡੀਓ ਸਾਂਝੀ ਕਰਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਸ ਖਿਲਾਫ ਲੋਕਾਂ ਵੱਲੋਂ ਆਪਣੀ ਨਰਾਜ਼ਗੀ ਪ੍ਰਗਟ ਕੀਤਾ ਜਾ ਰਹੀ ਹੈ। 

ਜੈਸ ਨੇ ਆਪਣੇ ਇੰਸਟਾਗ੍ਰਾਮ ਖਾਤੇ 'ਤੇ ਇਕ ਵੀਡੀਓ ਸਾਂਝੀ ਕੀਤੀ ਜਿਸ ਵਿਚ ਉਹ ਹਵਾਈ ਜਹਾਜ਼ ਵਿਚ ਚਾਰ ਸਿੱਖਾਂ ਨੂੰ ਦੇਖ ਕੇ ਕਹਿ ਰਹੀ ਹੈ ਕਿ ਉਸਨੂੰ ਡਰ ਲੱਗ ਰਿਹਾ ਹੈ। ਬਾਅਦ ਵਿਚ ਉਸਨੇ ਇਸ ਵੀਡੀਓ ਨੂੰ ਡਿਲੀਟ ਕਰ ਦਿੱਤਾ। 


ਜੈਸ ਹਿਲਾਰਿਅਸ ਦੀ ਵੀਡੀਓ ਵਿਚੋਂ ਲਈ ਗਈ ਤਸਵੀਰ

ਇਸ ਵੀਡੀਓ 'ਤੇ ਲੋਕਾਂ ਦੇ ਨਰਾਜ਼ਗੀ ਵਾਲੇ ਪ੍ਰਤੀਕਰਮ ਤੋਂ ਬਾਅਦ ਜੈਸ ਨੇ ਇਕ ਹੋਰ ਵੀਡੀਓ ਆਪਣੇ ਇੰਸਟਾਗ੍ਰਾਮ ਖਾਤੇ ਤੋਂ ਸਾਂਝੀ ਕਰਦਿਆਂ ਆਪਣੀ ਗੱਲ ਨੂੰ ਵਾਜਿਬ ਦੱਸਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ "ਵੱਖਰੀ ਕਿਸਮ ਦੇ ਮੁਸਲਮਾਨਾਂ" ਬਾਰੇ ਉਸਨੂੰ ਗਿਆਨ ਨਾ ਹੋਣ ਕਾਰਨ ਉਹ ਮੁਆਫੀ ਮੰਗਦੀ ਹੈ। 

ਇਸ ਤੋਂ ਬਾਅਦ ਉਸਨੇ ਹੋਰ ਵੀਡੀਓਜ਼ ਵੀ ਪਾਈਆਂ ਜੋ ਬਾਅਦ ਵਿਚ ਡਿਲੀਟ ਕਰ ਦਿੱਤੀਆਂ ਗਈਆਂ ਜਿਸ ਵਿਚ ਉਹ ਕਹਿ ਰਹੀ ਹੈ ਕਿ ਉਹਨਾਂ ਲੋਕਾਂ ਨੂੰ (ਸਿੱਖਾਂ ਨੂੰ) ਜਹਾਜ਼ ਵਿਚ ਨਾ ਦੇਖ ਕੇ ਉਸਨੂੰ ਲੱਗਦਾ ਹੈ ਕਿ ਉਸਦੀਆਂ ਭਾਵਨਾਵਾਂ ਸਹੀ ਸਨ। 

ਪ੍ਰਾਪਤ ਜਾਣਕਾਰੀ ਮੁਤਾਬਿਕ ਦਸਤਾਰਧਾਰੀ ਸਿੱਖਾਂ ਨੂੰ ਜਹਾਜ਼ ਵਿਚੋਂ ਉਤਾਰ ਦਿੱਤਾ ਗਿਆ ਸੀ। 

ਇਸ ਸਾਰੇ ਘਟਨਾਕ੍ਰਮ ਤੋਂ ਜਿੱਥੇ ਇਹ ਸਾਹਮਣੇ ਆਉਂਦਾ ਹੈ ਕਿ ਪੱਛਮੀ ਦੇਸ਼ਾਂ ਵਿਚ ਨਸਲੀ ਨਫਰਤ ਦਾ ਵਾਧਾ ਹੋ ਰਿਹਾ ਹੈ ਉੱਥੇ ਇਹ ਵੀ ਨਜ਼ਰ ਪੈ ਰਿਹਾ ਹੈ ਕਿ ਬਹੁਤ ਵੱਡਾ ਹਿੱਸਾ ਅੱਜ ਵੀ ਸਿੱਖਾਂ ਦੀ ਪਛਾਣ ਨੂੰ ਮੁਸਲਮਾਨਾਂ ਨਾਲ ਮੇਲ ਕੇ ਦੇਖਦਾ ਹੈ ਤੇ ਸਿੱਖਾਂ ਦੀ ਬਤੌਰ ਇਕ ਵੱਖਰੇ ਧਰਮ ਦੇ ਪਛਾਣ ਉਸ ਤਰ੍ਹਾਂ ਸਥਾਪਿਤ ਨਹੀਂ ਹੋ ਸਕੀ ਹੈ ਜਿਵੇਂ ਬਾਕੀ ਧਰਮਾਂ ਦੀ ਹੋਈ ਹੈ। ਇਸ ਪਿੱਛੇ ਸ਼ਾਇਦ ਸਿੱਖ ਕੌਮ ਦੀ ਆਪਣੀ ਕੋਈ ਰਾਜਨੀਤਕ ਪਛਾਣ ਨਾ ਹੋਣਾ ਇਕ ਵੱਡਾ ਕਾਰਨ ਹੈ, ਜਿਸ ਬਾਰੇ ਸਿੱਖ ਕੌਮ ਨੂੰ ਸੋਚਣਾ ਚਾਹੀਦਾ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ