ਕੈਨੇਡੀਅਨ ਭਾਰਤੀਆਂ ਦੇ ਵੀਜ਼ੇ ਉਪਰ ਪਾਬੰਦੀਆਂ ਭਾਰਤ ਸਰਕਾਰ ਹਟਾਵੇ-ਖਾਲਸਾ

ਕੈਨੇਡੀਅਨ ਭਾਰਤੀਆਂ ਦੇ ਵੀਜ਼ੇ ਉਪਰ ਪਾਬੰਦੀਆਂ ਭਾਰਤ ਸਰਕਾਰ ਹਟਾਵੇ-ਖਾਲਸਾ

ਅਮਰੀਕੀ ਪ੍ਰਤੀਨਿਧੀ ਸਭਾ ਦਾ ਸੈਸ਼ਨ ਸਿੱਖ ਅਰਦਾਸ ਨਾਲ ਸ਼ੁਰੂ ਕਰਨ ਕਾਰਣ ਅਮਰੀਕਾ ਦਾ ਧੰਨਵਾਦ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਜਲੰਧਰ-ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬੀ ਭਾਈਚਾਰਾ ਇਹ ਚਾਹੁੰਦਾ ਹੈ ਕਿ ਭਾਰਤ ਸਰਕਾਰ ਨੇ ਕੈਨੇਡੀਅਨ ਨਾਗਰਿਕਾਂ ਲਈ ਜਿਹੜੀਆਂ ਵੀਜ਼ਾਂ ਸੇਵਾਵਾਂ ਬੰਦ ਕੀਤੀਆਂ ਹਨ ਉਨ੍ਹਾਂ ਨੂੰ ਤੁਰੰਤ ਖੋਲ੍ਹਿਆ ਜਾਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਵਿਸ਼ੇਸ਼ ਤੌਰ 'ਤੇ ਕੈਨੇਡੀਅਨ ਨਾਗਰਿਕਤਾ ਵਾਲੇ ਪ੍ਰਵਾਸੀ ਪੰਜਾਬੀ ਹੀ ਵਧੇਰੇ ਪ੍ਰਭਾਵਿਤ ਹੋ ਰਹੇ ਹਨ।ਇਸ ਨਾਲ ਕੈਨੇਡਾ ਨੂੰ ਕੋਈ ਨੁਕਸਾਨ ਨਹੀਂ ,ਭਾਰਤ ਨੂੰ ਨੁਕਸਾਨ ਹੋ ਰਿਹਾ ਹੈ।ਮੋਦੀ ਸਰਕਾਰ ਨੂੰ ਇਹਨਾਂ ਰੁਕਾਵਟਾਂ ਦੂਰ ਕਰਨ ਦੀ ਅਪੀਲ ਕਰਦਿਆਂ ਖਾਲਸਾ ਨੇ ਦਸਿਆ ਕਿ ਬੀਤੇ ਦਿਨੀ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਕੈਨੇਡਾ ਵਿਚ ਵੀਜ਼ਾ ਸੇਵਾਵਾਂ ਵੀ ਬੰਦ ਕਰਨ ਨਾਲ ਪ੍ਰਵਾਸੀ ਕੈਨੇਡੀਅਨ ਭਾਰਤੀਆਂ ਨੂੰ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਦਾ ਖ਼ਾਸ ਕਰ ਕੇ ਪੰਜਾਬ ਉੱਪਰ ਗਹਿਰਾ ਅਸਰ ਪਿਆ ਹੈ। ਖਾਲਸਾ ਨੇ ਦਸਿਆ ਕਿ ਹਰ ਸਾਲ ਦੇ ਅਖ਼ੀਰਲੇ ਮਹੀਨਿਆਂ ਵਿਚ ਵੱਡੀ ਪੱਧਰ 'ਤੇ ਪ੍ਰਵਾਸੀ ਪੰਜਾਬੀ ਕੈਨੇਡਾ ਤੋਂ ਭਾਰਤ ਆਉਂਦੇ ਹਨ, ਇਥੇ ਆ ਕੇ ਉਹ ਵਿਆਹ-ਸ਼ਾਦੀਆਂ ਕਰਦੇ ਹਨ ਅਤੇ ਹੋਰ ਅਨੇਕਾਂ ਤਰ੍ਹਾਂ ਦੀ ਖ਼ਰੀਦੋ-ਫ਼ਰੋਖਤ ਕਰਦੇ ਹਨ। ਇਸ ਤੋਂ ਇਲਾਵਾ ਆਪਣੇ ਘਰਾਂ ਦਾ ਨਵੀਨੀਕਰਨ ਸਮੇਤ ਅਤੇ ਆਪਣੀਆਂ ਜਾਇਦਾਦਾਂ ਸੰਬੰਧੀ ਮਸਲਿਆਂ ਨੂੰ ਨਿਪਟਾਉਂਦੇ ਹਨ। ਉਨ੍ਹਾਂ ਦਸਿਆ ਕਿ ਜੇਕਰ ਪ੍ਰਵਾਸੀ ਪੰਜਾਬੀਆਂ ਲਈ ਵੀਜ਼ਾ ਸੇਵਾਵਾਂ 'ਤੇ ਲੱਗੀ ਰੋਕ ਆਉਣ ਵਾਲੇ ਦਿਨਾਂ ਵਿਚ ਨਹੀਂ ਹਟਦੀ ਤਾਂ ਇਸ ਨਾਲ ਇਕੱਲੇ ਪੰਜਾਬ ਨੂੰ 10 ਹਜ਼ਾਰ ਕਰੋੜ ਦਾ ਨੁਕਸਾਨ ਹੋ ਸਕਦਾ ਹੈ। ਕਿਉਂਕਿ ਇਸ ਨਾਲ ਪਹਿਲਾਂ ਹਵਾਈ ਜਹਾਜ਼ਾਂ ਦੀਆਂ ਟਿਕਟਾਂ ਦੀ ਬੁਕਿੰਗ ਰੱਦ ਹੋਵੇਗੀ। ਬਹੁਤਿਆਂ ਨੂੰ ਵਾਪਸ ਪੂਰੇ ਪੈਸੇ ਵੀ ਨਹੀਂ ਮਿਲਣਗੇ। ਉਂਝ ਵੀ ਹਵਾਈ ਕੰਪਨੀਆਂ ਦਾ ਕਾਰੋਬਾਰ ਘਟੇਗਾ। ਫਿਰ ਹੋਟਲਾਂ ਦੀ ਬੁਕਿੰਗ ਕੈਂਸਲ ਹੋਵੇਗੀ। ਵਿਆਹ ਸ਼ਾਦੀਆਂ ਲਈ ਬੁੱਕ ਕੀਤੇ ਹੋਏ ਮੈਰਿਜ ਪੈਲਸਾਂ ਦੀ ਬੁਕਿੰਗ ਵੀ ਰੱਦ ਹੋਵੇਗੀ। ਪੰਜਾਬ ਵਿਚ ਕੱਪੜੇ ਦਾ ਕਾਰੋਬਾਰ ਕਰਨ ਵਾਲੇ ਅਤੇ ਹੋਰ ਚੀਜ਼ਾਂ ਵਸਤਾਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਵੀ ਭਾਰੀ ਨੁਕਸਾਨ ਹੋਵੇਗਾ ਅਤੇ ਪ੍ਰਵਾਸੀ ਪੰਜਾਬੀ ਇਥੇ ਆ ਕੇ ਆਪਣੇ ਪਰਿਵਾਰਕ ਕੰਮਕਾਰ ਵੀ ਨਹੀਂ ਕਰ ਸਕਣਗੇ ਅਤੇ ਨਾ ਹੀ ਆਪਣੇ ਸੰਬੰਧੀਆਂ ਨੂੰ ਮਿਲ ਸਕਣਗੇ। ਉਨ੍ਹਾਂ ਦਸਿਆ ਕਿ ਕੈਨੇਡਾ ਭਾਰਤ ਦਾ 10ਵਾਂ ਨਿਵੇਸ਼ਕਾਰ ਹੈ। ਭਾਰਤ ਵਿਚ ਕੈਨੇਡਾ ਸਰਕਾਰ ਵਲੋਂ ਵੀ ਅਤੇ ਉਥੇ ਦੀਆਂ ਨਿਜੀ ਕੰਪਨੀਆਂ ਵਲੋਂ ਵੀ ਅਨੇਕਾਂ ਤਰ੍ਹਾਂ ਦੇ ਨਿਵੇਸ਼ ਅਤੇ ਕਾਰੋਬਾਰ ਇਥੇ ਕੀਤੇ ਜਾ ਰਹੇ ਹਨ। ਇਸ ਪੱਖ ਤੋਂ ਕੈਨੇਡਾ ਭਾਰਤ ਦਾ 18ਵਾਂ ਵਪਾਰਿਕ ਭਾਈਵਾਲ ਹੈ। ਅੱਜ ਕੱਲ੍ਹ ਖਾਧ ਪਦਾਰਥ ਅਤੇ ਹੋਰ ਅਨੇਕਾਂ ਤਰ੍ਹਾਂ ਦੀਆਂ ਵਸਤਾਂ ਭਾਰਤ ਤੋਂ ਕੈਨੇਡਾ ਜਾਂਦੀਆਂ ਹਨ। ਜੇਕਰ ਦੋਵਾਂ ਦੇਸ਼ਾਂ ਦੇ ਸੰਬੰਧ ਵਿਗੜਦੇ ਹਨ ਤੇ ਜਿਸ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ, ਦੋਵੇਂ ਦੇਸ਼ ਜੇ ਇਕ-ਦੂਜੇ 'ਤੇ ਆਪਣੀ ਵਪਾਰਿਕ ਨਿਰਭਰਤਾ ਘਟਾ ਦਿੰਦੇ ਹਨ ਤਾਂ ਨਾ ਕੇਵਲ ਦੋਵਾਂ ਦੇਸ਼ਾਂ ਦੇ ਵਪਾਰਕ ਭਾਈਚਾਰਿਆਂ ਨੂੰ ਨੁਕਸਾਨ ਹੋਵੇਗਾ, ਸਗੋਂ ਆਮ ਲੋਕਾਂ ਨੂੰ ਵੀ ਇਸ ਤਰ੍ਹਾਂ ਦੀਆਂ ਖ਼ਪਤਕਾਰੀ ਵਸਤਾਂ ਮਹਿੰਗੀਆਂ ਮਿਲਣਗੀਆਂ। ਇਸ ਕਾਰਨ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਤੋਂ ਲੈ ਕੇ ਆਮ ਲੋਕਾਂ ਤਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। 

ਉਨ੍ਹਾਂ ਦਸਿਆ ਕਿ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧਣ ਨਾਲ ਜਿਹੜੇ ਪੰਜਾਬ ਦੇ ਸਾਢੇ ਤਿੰਨ ਲੱਖ ਦੇ ਲਗਭਗ ਵਿਦਿਆਰਥੀ ਕੈਨੇਡਾ ਵਿਚ ਸਿੱਖਿਆ ਹਾਸਲ ਕਰ ਰਹੇ ਹਨ ਅਤੇ ਸਿੱਖਿਆ ਹਾਸਿਲ ਕਰਨ ਤੋਂ ਬਾਅਦ ਉਹ ਉਥੇ ਸਥਾਈ ਨਿਵਾਸ ਲਈ ਪੀ.ਆਰ. ਦਾ ਅਮਲ ਸ਼ੁਰੂ ਕਰਨ ਦੀ ਫ਼ਿਰਾਕ ਵਿਚ ਹਨ, ਉਨ੍ਹਾਂ ਵਿਚ ਵੀ ਬੇਹੱਦ ਚਿੰਤਾ ਪਾਈ ਜਾ ਰਹੀ ਹੈ। ਇਸੇ ਤਰ੍ਹਾਂ ਜਿਹੜੇ ਹੋਰ ਵਿਦਿਆਰਥੀ ਪੰਜਾਬ ਤੋਂ ਉੱਥੇ ਜਾਣ ਲਈ ਤਿਆਰੀਆਂ ਕਰ ਰਹੇ ਹਨ ਅਤੇ ਕਰਜ਼ੇ ਚੁੱਕ ਕੇ ਜਿਨ੍ਹਾਂ ਨੇ ਕੈਨੇਡਾ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ 'ਚੋਂ ਫੀਸਾਂ ਭਰ ਕੇ ਆਫ਼ਰ ਲੈਟਰਜ਼ ਹਾਸਿਲ ਕੀਤੇ ਹਨ ਅਤੇ ਇਸ ਕੰਮ ਲਈ ਲੱਖਾਂ ਰੁਪਏ ਖ਼ਰਚ ਚੁੱਕੇ ਹਨ, ਉਹ ਵੀ ਬੇਹੱਦ ਚਿੰਤਤ ਹਨ। ਇਕ ਤਰ੍ਹਾਂ ਨਾਲ ਪੰਜਾਬ ਦੀ ਵੱਡੀ ਆਬਾਦੀ ਇਸ ਵੇਲੇ ਅਨਿਸਚਤਤਾ ਦੇ ਘੇਰੇ ਵਿਚ ਫਸੀ ਹੋਈ ਹੈ। 

ਖਾਲਸਾ ਨੇ ਅਮਰੀਕਾ ਸਰਕਾਰ ਵਲੋਂ ਸਿਖ ਧਰਮ ਦਾ ਮਾਣ ਵਧਾਉਣ ਤੇ ਪਹਿਲੀ ਵਾਰ ਅਮਰੀਕੀ ਪ੍ਰਤੀਨਿਧੀ ਸਭਾ ਦਾ ਸੈਸ਼ਨ ਸਿੱਖ ਅਰਦਾਸ ਨਾਲ ਸ਼ੁਰੂ ਕਰਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਿੱਖ ਕੌਮ ਲਈ, ਸਮੁੱਚੇ ਵਿਸ਼ਵ ਸਿੱਖ ਭਾਈਚਾਰੇ ਲਈ ਬਹੁਤ ਖੁਸ਼ੀ ਦਾ ਮੌਕਾ ਹੈ।ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪਧਰ ਤੇ ਸਾਡੀ ਪੰਥਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ  ਵਖਰੇਵਿਆਂ ਨੂੰ ਸਾਂਝੀਵਾਲਤਾ ਵਿਚ ਬਦਲਣ ਦੀ ਮੁਹਿੰਮ ਚਲਾਕੇ ਵਿਸ਼ਵ ਸ਼ਾਂਤੀ ਅਰਥਾਤ ਸਰਬਤ ਦੇ ਭਲੇ ਵਿੱਚ ਆਪਣਾ ਆਪਣਾ ਕਿਰਦਾਰ ਅਦਾ ਕਰਦੇ ਰਹੀਏ।