ਪੰਜਾਬ ਵਿਚ ਇਸ ਵਾਰ ਖੇਤਾਂ ਵਿਚ ਪਰਾਲੀ ਨੂੰ ਸਾੜਨ ਦੀਆਂ 128163 ਘਟਨਾਵਾਂ

ਪੰਜਾਬ ਵਿਚ ਇਸ ਵਾਰ ਖੇਤਾਂ ਵਿਚ ਪਰਾਲੀ ਨੂੰ ਸਾੜਨ ਦੀਆਂ 128163 ਘਟਨਾਵਾਂ

*ਬਠਿੰਡਾ ਤੋਂ ਬਾਅਦ ਗੋਬਿੰਦਗੜ੍ਹ ਪ੍ਰਦੂਸ਼ਿਤ ਸ਼ਹਿਰਾਂ ਵਿਚ ਸ਼ਾਮਲ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ-ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਅੰਕੜਿਆਂ ਮੁਤਾਬਿਕ ਹੁਣ ਤੱਕ ਪੰਜਾਬ ਵਿਚ ਇਸ ਵਾਰ ਖੇਤਾਂ ਵਿਚ ਪਰਾਲੀ ਨੂੰ ਸਾੜਨ ਦੀਆਂ 128163 ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਨ੍ਹਾਂ ਦੇ ਫੈਲੇ ਜ਼ਹਿਰੀਲੇ ਧੂੰਏਂ ਨੇ ਪੰਜਾਬ ਵਾਸੀਆਂ ਲਈ ਵੱਡੀ ਮੁਸੀਬਤ ਪੈਦਾ ਕੀਤੀ ਹੋਈ ਹੈ। ਖ਼ਾਸ ਤੌਰ 'ਤੇ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰਾਂ 'ਤੇ ਇਸ ਧੂੰਏਂ ਦਾ ਬਹੁਤ ਮਾੜਾ ਅਸਰ ਪੈਂਦਾ ਹੈ। ਆਮ ਲੋਕਾਂ ਦੀਆਂ ਅੱਖਾਂ, ਫੇਫੜਿਆਂ ਅਤੇ ਹੋਰ ਅੰਗਾਂ 'ਤੇ ਇਸ ਦੇ ਮਾਰੂ ਪ੍ਰਭਾਵ ਦੇ ਨਾਲ-ਨਾਲ ਅਨੇਕਾਂ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਵੀ ਫੈਲ ਰਹੀਆਂ ਹਨ। ਬਿਨਾਂ ਸ਼ੱਕ ਪਹਿਲੀਆਂ ਸਰਕਾਰਾਂ ਵਾਂਗ ਹੀ ਪੰਜਾਬ 'ਵਿਚ ਆਪ ਪਾਰਟੀ ਦੀ ਸਰਕਾਰ ਵੀ ਇਸ ਪੱਖ ਤੋਂ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਇਸ ਕਾਰਣ ਪੰਜਾਬ ਵੀ ਗੈਸ ਦਾ ਚੈਂਬਰ ਬਣਿਆ ਹੋਇਆ ਹੈ।ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਦੇ ਅੰਕੜਿਆਂ ਮੁਤਾਬਿਕ ਪੰਜਾਬ ਵਿਚ ਬਠਿੰਡਾ ਦਾ ਹਵਾ ਗੁਣਵੱਤਾ ਸੂਚਕਅੰਕ (ਏ.ਕਿਊ.ਆਈ.) 407 ਦਰਜ ਕੀਤਾ ਗਿਆ ।ਜਿਸ ਤੋਂ ਬਾਅਦ ਮੰਡੀ ਗੋਬਿੰਦਗੜ੍ਹ ਦਾ 291, ਖੰਨਾ ਦਾ 255, ਪਟਿਆਲਾ ਦਾ 248 ਤੇ ਲੁਧਿਆਣਾ ਦਾ 243 ,ਅੰਮ੍ਰਿਤਸਰ ਵਿੱਚ 178 ਤੇ ਜਲੰਧਰ ਵਿੱਚ 261 ਕੀਤਾ ਗਿਆ । ਇਹ ਵਧਦਾ ਹੋਇਆ ਇਹ ਪ੍ਰਦੂਸ਼ਣ ਸਰਹੱਦਾਂ ਤੋਂ ਪਾਰ ਵੀ ਫੈਲਦਾ ਜਾ ਰਿਹਾ ਹੈ। 

ਗੁਆਂਢੀ ਸੂਬੇ ਹਰਿਆਣਾ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ) ਦੇ ਕੁਝ ਹਿੱਸਿਆਂ ਵਿੱਚ ਭਾਰੀ ਪ੍ਰਦੂਸ਼ਣ ਅਤੇ ਧੁੰਦ ਦਾ ਕਹਿਰ ਜਾਰੀ ਹੈ। ਹਰਿਆਣਾ ਤੇ ਯੂਪੀ ਵਲੋਂ ਪ੍ਰਦੂਸ਼ਣ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਨੂੰ ਲੈ ਕੇ ਸੂਬਾ ਸਰਕਾਰ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਹਰਿਆਣਾ ਤੇ ਯੂਪੀ ਨੂੰ ਠੋਕਵਾਂ ਜਵਾਬ ਦਿੰਦਿਆਂ ਕਿਹਾ ਕਿ ਗੁਆਂਢੀ ਸੂਬੇ ਹਰਿਆਣਾ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ) ਦੇ ਕੁਝ ਹਿੱਸਿਆਂ ਵਿੱਚ ਭਾਰੀ ਪ੍ਰਦੂਸ਼ਣ ਅਤੇ ਧੂੰਏਂ ਲਈ ਉਸ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਜਦਕਿ ਸੂਬੇ ਵਿੱਚ ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ 47 ਫ਼ੀਸਦੀ ਦੀ ਕਮੀ ਆਈ ਹੈ। ਦੇਸ਼ ਭਰ ਦੇ ਹਰ ਸ਼ਹਿਰ ਵਿਚ ਹਾਲਾਤ ਗੰਭੀਰ ਹਨ।