ਗੱਠਜੋੜ ਬਿਨਾਂ ਲੋਕ ਸਭਾ ਚੋਣਾਂ ਲੜਨਗੇ ਭਾਜਪਾ ਤੇ ਅਕਾਲੀ?

ਗੱਠਜੋੜ ਬਿਨਾਂ ਲੋਕ ਸਭਾ ਚੋਣਾਂ ਲੜਨਗੇ ਭਾਜਪਾ ਤੇ ਅਕਾਲੀ?

ਸਿਆਸੀ ਪੰਡਤਾਂ ਦੇ ਅੰਦਾਜ਼ੇ ਲਗਾਉਣੇ ਹੋਏ ਔਖੇ ਕਿ ਕੋਣ ਬਾਜ਼ੀ ਮਾਰਦਾ ਹੈ ਲੋਕ ਸਭਾ ਚੋਣਾਂ ਵਿਚ

ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਗਠਜੋੜ ਦੀਆਂ ਸੰਭਾਵਨਾਵਾਂ ਖ਼ਤਮ ਹੋ ਜਾਣ ਕਾਰਨ ਪੰਜਾਬ 'ਚ ਦਿਲਚਸਪ ਸਿਆਸੀ ਸਥਿਤੀ ਬਣਨ ਜਾ ਰਹੀ ਹੈ ।ਇਸ ਬਹੁ-ਕੋਣੀ ਚੋਣ ਵਿਚ ਜਿੱਥੇ ਲੰਬੇ ਸਮੇਂ ਬਾਅਦ ਸੂਬੇ ਦੀਆਂ ਮੁੱਖ ਸਿਆਸੀ ਧਿਰਾਂ ਵੱਖੋ-ਵੱਖ ਚੋਣ ਲੜਨ ਜਾ ਰਹੀਆਂ ਹਨ, ਜਿਸ ਨਾਲ ਇਨ੍ਹਾਂ ਸਿਆਸੀ ਪਾਰਟੀਆਂ ਨੂੰ ਜਿਥੇ ਆਪਣੇ ਅਸਲ ਸਿਆਸੀ ਆਧਾਰ ਦਾ ਅੰਦਾਜ਼ਾ ਲੱਗ ਸਕੇਗਾ ਉਥੇ ਕਈ ਥਾਵਾਂ 'ਤੇ ਵੋਟਾਂ ਵੰਡੇ ਜਾਣ ਕਾਰਨ ਆਮ ਨਾਲੋਂ ਕਾਫ਼ੀ ਘੱਟ ਵੋਟਾਂ ਨਾਲ ਵੀ ਉਮੀਦਵਾਰ ਜੇਤੂ ਬਣ ਸਕਣਗੇ। ਹਾਲਾਂਕਿ ਅਕਾਲੀ ਦਲ ਤੇ ਭਾਜਪਾ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਵਲੋਂ ਵੱਖ-ਵੱਖ ਚੋਣਾਂ ਲੜਨ ਦੇ ਸਪਸ਼ਟ ਸੰਕੇਤ ਦੇ ਦਿੱਤੇ ਗਏ ਹਨ। ਕਾਂਗਰਸ ਵਲੋਂ ਵੀ ਸਾਰੇ 13 ਹਲਕਿਆਂ ਲਈ ਉਮੀਦਵਾਰਾਂ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ । ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵੀ ਸੰਕੇਤ ਦਿੱਤਾ ਗਿਆ ਹੈ ਕਿ ਪਾਰਟੀ ਸਾਰੀਆਂ 13 ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਆਉਂਦੇ 2-3 ਦਿਨਾਂ ਵਿਚ ਕਰ ਦੇਵੇਗੀ ।ਭਾਜਪਾ ਹਾਲਾਂਕਿ ਪਹਿਲਾਂ ਹੀ ਪੰਜਾਬ ਤੋਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਚੁੱਕੀ ਹੈ । ਜਦਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਕੁਝ ਆਗੂ ਗੱਠਜੋੜ ਦੇ ਹੱਕ ਵਿੱਚ ਹਨ। ਪਹਿਲਾਂ ਭਾਜਪਾ ਸੱਤ ਸੀਟਾਂ ਮੰਗ ਰਹੀ ਸੀ ਅਤੇ ਅਕਾਲੀ ਦਲ ਸਿਰਫ਼ ਪੰਜ ਦੇਣ ’ਤੇ ਅੜਿਆ ਹੋਇਆ ਸੀ। ਹਾਲਾਂਕਿ ਭਾਜਪਾ 6 ਹਲਕਿਆਂ ਵਿੱਚ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਪਰ ਇਸ ਦੇ ਬਾਵਜੂਦ ਭਵਿੱਖ ਦੀ ਰਾਜਨੀਤੀ ਨੂੰ ਦੇਖਦੇ ਹੋਏ ਦੋਵੇਂ ਪਾਰਟੀਆਂ ਦੇ ਆਗੂ ਕੌੜਾ ਘੁੱਟ ਭਰਨ ਲਈ ਤਿਆਰ ਜਾਪਦੇ ਹਨ ਪਰ ਅਕਾਲੀ ਦਲ ਆਪਣੀ ਹੋਂਦ ਬਚਾਉਣ ਅਤੇ ਲੋਕਾਂ ਵਿੱਚ ਚੰਗਾ ਬਣਨ ਲਈ ਹਾਲੇ ਵੀ ਆਪਣੀਆਂ ਮੰਗਾਂ ’ਤੇ ਬਰਕਰਾਰ ਹੈ।

ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਹੁਣ ਸੀਟਾਂ ਦੀ ਵੰਡ ਦਾ ਬਹੁਤਾ ਅੜਿੱਕਾ ਨਹੀਂ ਹੈ ਪਰ ਪੰਥਕ ਹਲਕੇ ਅਕਾਲੀ ਦਲ ਲਈ ਛੱਡਣ ਸਮੇਤ ਪੰਜਾਬ ਦੇ ਭਖਦੇ ਮੁੱਦੇ ਅਤੇ ਕਿਸਾਨੀ ਮੰਗਾਂ ਮੰਨਣ ਬਾਰੇ ਜੇ ਭਾਜਪਾ ਸਥਿਤੀ ਸਪੱਸ਼ਟ ਕਰ ਦੇਵੇ ਤਾਂ ਗੱਠਜੋੜ ਹੋ ਵੀ ਸਕਦਾ ਹੈ। 

ਕਾਂਗਰਸ, ਅਕਾਲੀ ਦਲ, ਭਾਜਪਾ ਤੇ ਆਮ ਆਦਮੀ ਪਾਰਟੀ, ਜੋ ਪੰਜਾਬ ਵਿਚ ਮੁੱਖ ਸਿਆਸੀ ਧਿਰਾਂ ਸਮਝੀਆਂ ਜਾਂਦੀਆਂ ਹਨ ਤੇ ਇਨ੍ਹਾਂ ਦਾ ਵੱਖ-ਵੱਖ ਖੇਤਰਾਂ ਵਿਚ ਆਪਣਾ ਆਧਾਰ ਹੈ ਤੇ ਇਸ ਕਾਰਨ ਇਹ ਪਾਰਟੀਆਂ ਬਹੁਤੇ ਖੇਤਰਾਂ 'ਵਿਚੋਂ ਚੰਗੀ ਵੋਟ ਦੀ ਉਮੀਦ ਰੱਖ ਰਹੀਆਂ ਹਨ ।ਜੇਕਰ ਪੰਜਾਬ ਦਾ ਵੋਟਰ ਵੋਟਾਂ ਮੌਕੇ ਇਕਪਾਸੜ ਨਹੀਂ ਹੁੰਦਾ ਤਾਂ ਸਪੱਸ਼ਟ ਹੈ ਕਿ ਪਹਿਲੀ ਵਾਰ ਆਮ ਨਾਲੋਂ ਕਾਫ਼ੀ ਘੱਟ ਵੋਟਾਂ ਨਾਲ ਵੀ ਉਮੀਦਵਾਰ ਜੇਤੂ ਬਣ ਸਕਣਗੇ ਤੇ ਜਿਨ੍ਹਾਂ ਖੇਤਰਾਂ ਵਿਚ ਜਿਸ ਪਾਰਟੀ ਦਾ ਚੰਗਾ ਆਧਾਰ ਹੋਵੇਗਾ ਉਸ ਦੀ ਜਿੱਤ ਆਸਾਨ ਵੀ ਬਣ ਸਕਦੀ ਹੈ । ਪੰਜਾਬ ਵਿਚਲੀਆਂ ਸਿਆਸੀ ਧਿਰਾਂ ਸਬੰਧੀ ਜੋ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਉਨ੍ਹਾਂ ਨੂੰ ਆਪੋ-ਆਪਣੇ ਲੋਕਾਂ ਵਿਚਲੇ ਆਧਾਰ ਸਬੰਧੀ ਸਥਿਤੀ ਸ਼ਾਇਦ ਸਪੱਸ਼ਟ ਨਹੀਂ ਹੈ, ਇਹ ਚੋਣ ਸਾਰੀਆਂ ਪਾਰਟੀਆਂ ਨੂੰ ਉਨ੍ਹਾਂ ਦੇ ਆਧਾਰ ਸਬੰਧੀ ਵੀ ਸ਼ੀਸ਼ਾ ਵਿਖਾ ਦੇਵੇਗੀ । ਆਮ ਆਦਮੀ ਪਾਰਟੀ, ਜਿਸ ਨੂੰ ਮਗਰਲੀ ਵਿਧਾਨ ਸਭਾ ਚੋਣ ਦੌਰਾਨ ਵੱਡਾ ਉਭਾਰ ਮਿਲਿਆ ਸੀ, ਲਈ ਵੀ ਇਹ ਚੋਣ ਸਭ ਤੋਂ ਵੱਧ ਮਹੱਤਵਪੂਰਨ ਸਮਝ ਜਾ ਰਹੀ ਹੈ ਕਿਉਂਕਿ ਪਾਰਟੀ ਇਸ ਮੌਕੇ ਵੱਡੇ ਘਪਲਿਆਂ ਤੇ ਭਿ੍ਸ਼ਟਾਚਾਰ ਦੇ ਦੋਸ਼ਾਂ 'ਚ ਉਲਝੀ ਹੋਈ ਹੈ ਤੇ ਪਾਰਟੀ ਦੀ ਅੱਧੀ ਲੀਡਰਸ਼ਿਪ ਜੇਲ੍ਹਾਂ ਵਿਚ ਹੈ । ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਆਪ ਪਾਰਟੀ ਲਈ ਇਸ ਬਦਲੀ ਹੋਈ ਸਥਿਤੀ ਕਾਰਨ ਉਸ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ।ਜੇਕਰ ਭਗਵੰਤ ਮਾਨ ਲਈ ਚੋਣ ਨਤੀਜੇ ਨਾ ਰਹੇ ਤਾਂ ਉਨ੍ਹਾਂ ਦੀ ਕੁਰਸੀ ਵੀ ਖ਼ਤਰੇ ਵਿਚ ਪੈ ਸਕਦੀ ਹੈ । ਇਸ ਸਾਰੇ ਚੋਣ ਦਿ੍ਸ਼ ਵਿਚ ਸਿਆਸੀ ਪੰਡਤਾਂ ਦੇ ਅੰਦਾਜ਼ੇ ਲਗਾਉਣੇ ਔਖੇ ਹਨ ਕਿ ਕੋਣ ਬਾਜ਼ੀ ਮਾਰਦਾ ਹੈ।