ਕੀ ਪੰਜਾਬ ਦੇ ਲੋਕ ਸਭਾ ਚੋਣਾਂ ਦੇ ਨਤੀਜੇ ਭਵਿੱਖ ਦੀ ਪੰਜਾਬ ਪਖੀ ਰਾਜਨੀਤੀ ਵਲ ਲੈਕੇ ਜਾਣਗੇ

ਕੀ ਪੰਜਾਬ ਦੇ ਲੋਕ ਸਭਾ ਚੋਣਾਂ ਦੇ ਨਤੀਜੇ  ਭਵਿੱਖ ਦੀ ਪੰਜਾਬ ਪਖੀ ਰਾਜਨੀਤੀ ਵਲ ਲੈਕੇ ਜਾਣਗੇ

ਭਾਈ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਨੇ ਸਿਖ ਪੰਥ ਦੀ ਆਸਾਂ ਵਧਾਈਆਂ
*ਹਰਸਿਮਰਤ  ਬਾਦਲ ਦੀ ਜਿੱਤ ਤੋਂ ਬਾਅਦ ਅਕਾਲੀ ਦਲ ਵਿਚ ਜਮਹੂਰੀ ਤੇ ਖੇਤਰੀ ਰਾਜਨੀਤੀ ਦੀ ਹੱਕ ਵਿਚ ਫੈਸਲੇ ਲੈਣੇ ਹੋਣਗੇ
*ਪੰਜਾਬੀਆਂ ਨੇ ਦਲ ਬਦਲੂ ਕੀਤੇ ਰੱਦ

 

ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਸੱਤਾਧਾਰੀ ਆਪ  ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਦਿ ਪ੍ਰਮੁੱਖ ਸਿਆਸੀ ਪਾਰਟੀਆਂਤੇ ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 328 ਉਮੀਦਵਾਰ ਚੋਣ ਮੈਦਾਨ ਵਿਚ ਸਨ। ਵਿਸ਼ੇਸ਼ ਗੱਲ ਇਹ ਹੈ ਕਿ ਪੰਜਾਬ ਦੀ ਸਿਆਸਤ ਵਿਚ ਪਹਿਲੀ ਵਾਰ ਚੋਣ ਮੁਕਾਬਲਾ ਦੋ-ਧਿਰੀ ਦੀ ਬਜਾਇ ਚਹੁੰ-ਧਿਰੀ ਜਾਂ ਪੰਜ ਧਿਰੀ ਬਣਿਆ ਹੋਇਆ ਸੀ। 

ਕਾਂਗਰਸ ਜਿਸ ਨੂੰ ਇਸ ਚੋਣ ਵਿਚ ਸਭ ਤੋਂ ਵੱਧ 7 ਸੀਟਾਂ 'ਤੇ ਜਿੱਤ ਮਿਲੀ, ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 1, 75,993 ਵੋਟਾਂ ਦੇ ਫਰਕ ਨਾਲ ਭਾਜਪਾ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਹਰਾਇਆ । ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਨ੍ਹਾਂ ਨੂੰ 3,22,224 ਵੋਟ ਮਿਲੇ ਵਲੋਂ ਲੁਧਿਆਣਾ ਤੋਂ ਸਾਬਕਾ ਸਾਂਸਦ ਰਵਨੀਤ ਸਿੰਘ ਬਿੱਟੂ ਨੂੰ 20,942 ਵੋਟਾਂ ਨਾਲ ਹਰਾਇਆ, ਅੰਮਿ੍ਤਸਰ ਤੋਂ ਕਾਂਗਰਸ ਦੇ ਮੌਜੂਦਾ ਸਾਂਸਦ ਗੁਰਜੀਤ ਸਿੰਘ ਔਜਲਾ ਵੀ 40,301 ਵੋਟਾਂ ਨਾਲ ਜੇਤੂ ਰਹੇ ਜਦੋਂ ਕਿ ਫਤਹਿਗੜ੍ਹ ਸਾਹਿਬ ਤੋਂ ਮੌਜੂਦਾ ਕਾਂਗਰਸ ਦੇ ਸਾਂਸਦ ਡਾ. ਅਮਰ ਸਿੰਘ ਵੀ 34,202 ਵੋਟਾਂ ਨਾਲ 'ਆਪ' ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ. ਨੂੰ ਹਰਾ ਕੇ ਜੇਤੂ ਰਹੇ ।ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੇ 3242 ਵੋਟਾਂ ਨਾਲ ਭਾਜਪਾ ਦੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਹਰਾਇਆ ।ਪਟਿਆਲਾ ਤੋਂ ਕਾਂਗਰਸ ਦੇ ਡਾਕਟਰ ਧਰਮਵੀਰ ਗਾਂਧੀ ਵੀ 14831 ਵੋਟਾਂ ਨਾਲ ਜੇਤੂ ਰਹੇ । ਗੁਰਦਾਸਪੁਰ ਤੋਂ ਕਾਂਗਰਸ ਆਗੂ ਨੇ ਸੁਖਜਿੰਦਰ ਸਿੰਘ ਰੰਧਾਵਾ 82861 ਵੋਟਾਂ ਦੇ ਫ਼ਰਕ ਨਾਲ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਨੂੰ ਹਰਾਇਆ ।
ਇਨ੍ਹਾਂ ਚੋਣ ਨਤੀਜਿਆਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਮਿਸ਼ਨ 13-0 ਨੂੰ ਵੱਡੀ ਸੱਟ ਵੱਜੀ, ਜਦੋਂ ਆਪ  ਪਾਰਟੀ ਦੀ ਜਿੱਤ ਕੇਵਲ 3 ਸੀਟਾਂ ਤਕ ਹੀ ਸੁੰਗੜ ਗਈ।ਆਮ ਆਦਮੀ ਪਾਰਟੀ ਗੈਰ ਮੰਤਰੀ ਜੇਤੂ ਰਹੇ ਦੋ ਉਮੀਦਵਾਰਾਂ ਵਿਚ ਸ੍ਰੀ ਆਨੰਦਪੁਰ ਸਾਹਿਬ ਤੋਂ ਪਾਰਟੀ ਦੇ ਬੁਲਾਰੇ ਮਲਵਿੰਦਰ ਸਿੰਘ ਕੰਗ 10,846 ਵੋਟਾਂ ਨਾਲ ਅਤੇ ਹੁਸ਼ਿਆਰਪੁਰ ਤੋਂ ਡਾ. ਰਾਜ ਕੁਮਾਰ ਚੱਬੇਵਾਲ 44,111 ਵੋਟਾਂ ਨਾਲ ਜੇਤੂ ਰਹੇ ।ਪੰਜਾਬ ਸਰਕਾਰ ਦੇ ਚਾਰ ਕੈਬਨਿਟ ਮੰਤਰੀ; ਗੁਰਮੀਤ ਸਿੰਘ ਖੁੱਡੀਆਂ, ਕੁਲਦੀਪ ਸਿੰਘ ਧਾਲੀਵਾਲ, ਡਾ. ਬਲਬੀਰ ਸਿੰਘ, ਅਤੇ ਲਾਲਜੀਤ ਸਿੰਘ ਭੁੱਲਰ ਆਦਿ ਚੋਣ ਹਾਰ ਗਏ ।ਸੰਗਰੂਰ ਤੋਂ ਚੋਣ ਲੜਨ ਵਾਲੇ ਇਕੋ-ਇਕ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਹੀ ਚੋਣ ਜਿੱਤ ਸਕੇ।ਦੋ ਸਾਲ ਪਹਿਲਾਂ ਵਿਧਾਨ ਸਭਾ ਚੋਣਾਂ ਮੌਕੇ ਬੇਮਿਸਾਲ ਫ਼ਤਵਾ ਲੈ ਕੇ ਸੱਤਾ ਵਿਚ ਆਉਣ ਵਾਲੀ ਆਪ  ਪਾਰਟੀ ਲਈ ਇਹ ਵੱਡਾ ਝਟਕਾ  ਹੈ, ਕਿਉਂਕਿ ਪਾਰਟੀ ਦੋ ਸਾਲ ਵਿਚ ਹੀ ਰਾਜ ਦੇ ਪੰਜਾਬੀਆਂ ਦਾ ਭਰੋਸਾ ਗੁਆ ਬੈਠੀ ਹੈ।
ਸਿਆਸੀ ਬਦਲਾਅ ਦੇ ਨਾਅਰੇ ਨਾਲ ਪੰਜਾਬ ਦੀ ਸੱਤਾ ਵਿਚ ਆਈ, ਬਗ਼ੈਰ ਕਿਸੇ ਸਿਧਾਂਤਕ ਪਿਛੋਕੜ ਵਾਲੀ ਆਪ ਪਾਰਟੀ ਦੀ ਸਰਕਾਰ ਦੌਰਾਨ ਪੰਜਾਬ ਦੀਆਂ ਖੇਤਰੀ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰਕੇ ਲਏ ਕਈ ਵੱਡੇ ਫ਼ੈਸਲਿਆਂ, ਜਿਵੇਂ ਕਿ ਪੰਜਾਬ ਤੋਂ ਰਾਜ ਸਭਾ ਲਈ ਨਾਮਜ਼ਦ ਕੀਤੇ 7 ਮੈਂਬਰਾਂ ਵਿਚੋਂ 5 ਗ਼ੈਰ-ਪੰਜਾਬੀਆਂ ਨੂੰ ਚੁਣਨ, ਸਰਕਾਰੀ ਨੌਕਰੀਆਂ 'ਵਿਚ ਪੰਜਾਬੋਂ ਬਾਹਰਲੇ ਲੋਕਾਂ ਨੂੰ ਵੱਡੀ ਪੱਧਰ 'ਤੇ ਭਰਤੀ ਕਰਨ ਅਤੇ ਪੰਜਾਬ ਦੇ ਦਰਿਆਈ ਪਾਣੀ ਪ੍ਰਤੀ ਅਸਪੱਸ਼ਟ ਅਤੇ ਦੋਗਲੀ ਨੀਤੀ ਵਰਤਣ ਕਾਰਨ ਪੰਜਾਬ ਦੇ ਲੋਕਾਂ ਅੰਦਰ ਸੱਤਾਧਾਰੀ ਪਾਰਟੀ ਪ੍ਰਤੀ ਬੇਭਰੋਸਗੀ ਦੀ ਭਾਵਨਾ ਵਧੀ ਹੈ। ਇਨ੍ਹਾਂ ਕਾਰਣਾਂ ਕਰਕੇ ਪੰਜਾਬੀਆਂ ਨੇ ਆਪ ਨੂੰ ਨਕਾਰਿਆ ਹੈ। 

ਬੇਸ਼ੱਕ 103 ਸਾਲ ਪੁਰਾਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ 2020 ਦੇ ਕਿਸਾਨੀ ਸੰਘਰਸ਼ ਦੌਰਾਨ ਕੇਂਦਰੀ ਜਮਾਤ ਭਾਰਤੀ ਜਨਤਾ ਪਾਰਟੀ ਨਾਲੋਂ 27 ਸਾਲ ਪੁਰਾਣਾ ਆਪਣਾ ਨਿਰੋਲ ਸਿਆਸੀ ਗੱਠਜੋੜ ਛੱਡ ਦਿੱਤਾ ਸੀ ਪਰ ਖੇਤਰੀ ਖ਼ੁਦਮੁਖਤਿਆਰੀ ਨੂੰ ਪ੍ਰਣਾਈ ਪਾਰਟੀ ਵਲੋਂ ਲੰਬਾ ਅਰਸਾ ਮਜ਼ਬੂਤ ਕੇਂਦਰ ਦੀ ਮੁਦਈ ਪਾਰਟੀ ਦੇ ਨਾਲ ਰਾਜਨੀਤਕ ਗੱਠਜੋੜ ਦੌਰਾਨ ਸੂਬਾਈ ਬਿਰਤਾਂਤ ਨੂੰ ਮੁਖਾਤਿਬ ਨਾ ਹੋਣ ਕਾਰਨ, ਬੇਵਿਸ਼ਵਾਸੀ ਵਿਚ ਪੰਜਾਬੀ ਖਾਸ ਕਰਕੇ ਸਿਖ ਪੰਥ ਏਨਾ ਬਦਜ਼ਨ ਹੋ ਚੁੱਕਾ ਹੈ ਕਿ ਉਸਨੇ ਖੇਤਰੀ ਰਾਜਨੀਤੀ 'ਵਿਚ ਪੈਦਾ ਹੋਏ ਖਲਾਅ ਨੂੰ ਭਰਨ ਲਈ ਅਕਾਲੀ ਦਲ ਨੂੰ ਰਦ ਕਰਕੇ ਅਜ਼ਾਦ ਪੰਥਕ ਉਮੀਦਵਾਰਾਂ ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ,ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਨੂੰ ਜਿਤਾਕੇ ਪੰਥਕ ਰਾਜਨੀਤੀ ਦੀ ਹੋਂਦ ਦਾ ਪ੍ਰਗਟਾਵਾ ਕੀਤਾ ਹੈ।ਆਜ਼ਾਦ ਪੰਥਕ ਉਮੀਦਵਾਰਾਂ ਵਿਚ ਭਾਈ ਅੰਮਿ੍ਤਪਾਲ ਸਿੰਘ ਨੇ ਖਡੂਰ ਸਾਹਿਬ ਹਲਕੇ ਤੋਂ 1,97,120 ਵੋਟਾਂ ਨਾਲ ਵੱਡੀ ਜਿੱਤ ਹਾਸਲ ਕੀਤੀ ਹੈ।ਉਹ ਇਸ ਵੇਲੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਹਨ । ਇਸ ਤਰ੍ਹਾਂ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ ਖਾਲਸਾ ਨੇ ਵੀ ਫ਼ਰੀਦਕੋਟ ਹਲਕੇ ਤੋਂ 70,053 ਵੋਟਾਂ ਦੇ ਫ਼ਰਕ ਨਾਲ ਆਪ  ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ ।

ਖੇਤਰੀ ਹਿਤਾਂ ਦੀ ਪ੍ਰਾਸੰਗਿਕਤਾ ਵਿਚ ਇਨ੍ਹਾਂ ਦੀ ਜਿੱਤ ਬਾਰੇ ਗੱਲ ਕੀਤੀ ਜਾਵੇ ਤਾਂ ਇਹ ਜਿੱਤ ਪੰਜਾਬ ਦੀ ਖੇਤਰੀ ਰਾਜਨੀਤੀ ਦਾ ਭਵਿੱਖ ਤੈਅ ਕਰਨ ਵਾਲੀ ਸਾਬਤ ਹੋਵੇਗੀ। 
ਭਾਵੇਂ ਕਿ ਅਕਾਲੀ ਦਲ ਬਾਦਲ ਬਠਿੰਡਾ ਤੋਂ ਆਪਣਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਜਿਤਾਕੇ ਆਪਣੀ ਸਿਆਸੀ ਤੇ ਖੇਤਰੀ ਹੋਂਦ ਬਚਾਉਣ ਵਿਚ ਸਫਲ ਹੋਇਆ ਹੈ।ਹਰਸਿਮਰਤ ਕੌਰ ਬਾਦਲ ਇਸ ਸੀਟ ਤੋਂ ਚੌਥੀ ਵਾਰ ਜੇਤੂ ਰਹੇ ਅਤੇ ਉਨ੍ਹਾਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ 49,656 ਵੋਟਾਂ ਨਾਲ ਹਰਾਇਆ । ਪਰ ਅਕਾਲੀ ਦਲ ਨੂੰ ਹੁਣ ਆਪਣੇ ਸੰਗਠਨ ਤੇ ਰਾਜਨੀਤੀ ਵਿਚ ਉਸਾਰੂ ਤਬਦੀਲੀਆਂ ਲਿਆਉਣੀਆਂ ਹੋਣਗੀਆਂ ।ਹਾਲਾਂਕਿ ਇਤਿਹਾਸਕ ਪ੍ਰਸੰਗ ਵਿਚ ਵੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਅਤੇ ਸਥਾਪਤੀ ਚੋਣਾਵੀ ਅੰਕੜਿਆਂ ਦੀ ਮੁਥਾਜ ਨਹੀਂ ਹੈ; ਕਿਉਂਕਿ ਅਕਾਲੀ ਦਲ ਦੀ ਹੋਂਦ ਪੰਥਕ ਤੇ ਪੰਜਾਬ ਹੱਕਾਂ  'ਤੇ ਪਹਿਰਾ ਦੇਣ ਵਿਚ ਮਹਿਫੂਜ਼ ਹੈ ਅਤੇ ਜਦੋਂ ਕਿਸੇ ਵੀ ਕਾਰਨ ਇਸ ਦੀ ਆਪਣੀ ਖੇਤਰੀ ਪਾਰਟੀ ਵਜੋਂ ਆਜ਼ਾਦ ਪਛਾਣ ਨੂੰ ਖੋਰਾ ਲੱਗਣਾ ਸ਼ੁਰੂ ਹੋਇਆ ਤਾਂ ਉਦੋਂ ਹੀ ਇਸ ਦਾ ਆਧਾਰ ਕਮਜ਼ੋਰ ਹੋਇਆ। ਇਸ ਚੋਣ ਵਿਚ ਹਾਰ ਤੋਂ ਬਾਅਦ ਅਕਾਲੀ ਦਲ ਨੂੰ ਪੰਜਾਬ ਨੂੰ ਮੁਖਾਤਿਬ ਹੁੰਦਿਆਂ ਆਪਣੇ ਭਵਿੱਖੀ ਏਜੰਡੇ ਨੂੰ ਪੁਨਰ-ਨਿਰਧਾਰਿਤ ਕਰਨਾ ਹੋਵੇਗਾ ਤੇ ਅਮਲੀ ਤਬਦੀਲੀਆਂ ਲਿਆਉਣੀਆਂ ਹੋਣਗੀਆਂ। ਹਾਲਾਂਕਿ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਸਿਰਫ਼ ਅਕਾਲੀ ਦਲ ਹੀ ਸੀ, ਜਿਸ ਨੇ ਪੰਜਾਬ ਦੇ ਦਰਿਆਈ ਪਾਣੀ, ਰਾਜਧਾਨੀ ਚੰਡੀਗੜ੍ਹ, ਅਨੰਦਪੁਰ ਸਾਹਿਬ ਦੇ ਮਤੇ ਅਤੇ ਰਾਜਾਂ ਨੂੰ ਆਰਥਿਕ ਤੇ ਪ੍ਰਸ਼ਾਸਨਿਕ ਖ਼ੁਦ-ਮੁਖਤਿਆਰੀ ਸਮੇਤ ਰਵਾਇਤੀ ਮੁੱਦਿਆਂ ਤੋਂ ਇਲਾਵਾ ਪੰਜਾਬ ਵਿਚ ਗ਼ੈਰ-ਪੰਜਾਬੀਆਂ ਦੇ ਹੋ ਰਹੇ ਬੇਤਰਤੀਬੇ ਪਰਵਾਸ ਨੂੰ ਰੋਕਣ ਅਤੇ ਗੁਆਂਢੀ ਦੇਸ਼ ਪਾਕਿਸਤਾਨ ਨਾਲ ਵਪਾਰ ਖੋਲ੍ਹਣ ਦੀ ਖੁੱਲ੍ਹ ਕੇ ਵਕਾਲਤ ਕੀਤੀ ਹੈ ਪਰ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਅਕਾਲੀ ਦਲ ਆਪਣੀ ਵਿਚਾਰਧਾਰਾ ਤੋਂ ਸੇਧ ਲੈ ਕੇ ਨਿਰੰਤਰ ਅੱਗੇ ਵਧਦਾ ਹੈ ਜਾਂ ਫ਼ਿਰ ਮੁੜ ਕਿਸੇ ਗੱਠਜੋੜ ਦੀ ਰਾਜਨੀਤੀ ਦਾ ਹਿੱਸਾ ਬਣ ਕੇ ਸੱਤਾ ਵਿਚ ਭਾਈਵਾਲ ਬਣਨ ਨੂੰ ਤਰਜੀਹ ਦਿੰਦਾ ਹੈ।
ਭਾਜਪਾ ਜਿਸ ਵਲੋਂ ਇਸ ਵਾਰ ਸਾਰੀਆਂ 13 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਗਏ ਸਨ ਅਤੇ ਪਰ ਕੋਈ ਵੀ ਸੀਟ ਨਹੀਂ ਜਿੱਤ ਸਕੀ | ਹਾਲਾਂਕਿ  ਪਾਰਟੀ ਨੂੰ ਇਸ ਵਾਰ ਕੁਲ 18.56 ਪ੍ਰਤੀਸ਼ਤ ਵੋਟ ਪ੍ਰਾਪਤ ਹੋਏ, ਜਦੋਂਕਿ ਪਾਰਟੀ ਨੂੰ ਦੋ ਸਾਲ ਪਹਿਲਾਂ ਵਿਧਾਨ ਸਭਾ ਚੋਣਾਂ ਮੌਕੇ 6.60 ਪ੍ਰਤੀਸ਼ਤ ਵੋਟ ਪ੍ਰਾਪਤ ਹੋਏ ਸਨ ।
  ਦਿਲਚਸਪ ਗੱਲ ਇਹ ਹੈ ਕਿ ਅਕਾਲੀ ਦਲ ਜਿਸ ਦੀ ਇਨ੍ਹਾਂ ਵੋਟਾਂ ਵਿਚ ਚੋਣ ਪ੍ਰਤੀਸ਼ਤ 13.42 ਪ੍ਰਤੀਸ਼ਤ ਰਹੀ, ਉਹ ਭਾਜਪਾ ਤੋਂ ਵੀ ਪਛੜ ਗਈ ਹੈ ।ਆਪ  ਪਾਰਟੀ ਜਿਸ ਨੂੰ 2 ਸਾਲ ਪਹਿਲਾਂ ਵਿਧਾਨ ਸਭਾ ਚੋਣਾਂ ਮੌਕੇ 42.01 ਪ੍ਰਤੀਸ਼ਤ ਵੋਟ ਪ੍ਰਾਪਤ ਹੋਏ ਸਨ ।ਇਨ੍ਹਾਂ ਚੋਣਾਂ ਵਿਚ 26.02 ਪ੍ਰਤੀਸ਼ਤ ਵੋਟ ਪ੍ਰਾਪਤ ਕਰ ਸਕੀ, ਜੋ ਵੋਟ ਪ੍ਰਤੀਸ਼ਤ ਵਿਚ 16 ਪ੍ਰਤੀਸ਼ਤ ਦਾ ਵੱਡਾ ਘਾਟਾ ਹੈ । ਕਾਂਗਰਸ ਨੂੰ ਇਸ ਵਾਰ 26.30 ਪ੍ਰਤੀਸ਼ਤ ਵੋਟ ਪ੍ਰਾਪਤ ਹੋਇਆ, ਜੋ ਆਪ ਨਾਲੋਂ ਕੁਝ ਵੱਧ ਹੈ ।ਬਸਪਾ ਨੂੰ 2.49 ਪ੍ਰਤੀਸ਼ਤ ਵੋਟ ਮਿਲੇ | 

 ਪੰਜਾਬੀਆਂ ਦੀ ਸਿਆਸੀ ਸੂਝ ਬੂਝ ਇਹ ਰਹੀ ਹੈ ਕਿ ਉਨ੍ਹਾਂ ਨੇ ਇਨ੍ਹਾਂ ਚੋਣਾਂ ਦੌਰਾਨ ਦਲ ਬਦਲੂਆਂ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਪਟਿਆਲਾ ਤੋਂ ਪ੍ਰਨੀਤ ਕੌਰ ਜੋ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਨ, ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਜੋ ਆਪ  ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਏ ਸਨ,ਜਲੰਧਰ ਤੋਂ ਅਕਾਲੀ ਉਮੀਦਵਾਰ ਮਹਿੰਦਰ ਸਿੰਘ ਕੇ.ਪੀ.ਜੋ ਕਿ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਸਨ ਅਤੇ ਜਲੰਧਰ ਤੋਂ ਹੀ ਆਪ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਜੋ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ ,ਨੂੰ ਹਰਾਕੇ ਸੁਨੇਹਾ ਦਿਤਾ ਹੈ ਕਿ ਗਿਰਗਟਾਂ ਵਾਂਗ ਰੰਗ ਬਦਲਦੇ ਦਲ ਬਦਲੂ ਆਗੂ ਪੰਜਾਬ ਨੂੰ ਮਨਜ਼ੂਰ ਨਹੀਂ।

 

ਰਜਿੰਦਰ ਸਿੰਘ ਪੁਰੇਵਾਲ