ਕੈਲੀਫੋਰਨੀਆ ਵਿਚ ਭੂਚਾਲ ਦੇ ਝਟਕੇ, ਘੱਟ ਤੀਬਰਤਾ ਕਾਰਨ ਜਾਨੀ ਤੇ ਮਾਲੀ ਨੁਕਸਾਨ ਤੋਂ ਰਿਹਾ ਬਚਾਅ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਵਿਚ ਲੰਘੀ ਸਵੇਰ ਨੂੰ ਭੂਚਾਲ ਦੇ ਵਾਰ ਵਾਰ ਝਟਕੇ ਲੱਗੇ। ਹਾਲਾਂ ਕਿ ਭੂਚਾਲ ਦੀ ਤੀਬਰਤਾ ਘੱਟ ਹੋਣ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਯੂ ਐਸ ਜੀਆਲੋਜੀਕਲ ਸਰਵੇ ਨੇ ਭੂਚਾਲ ਆਉਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਲੂਮ ਰਾਕ, ਕੈਲੀਫੋਰਨੀਆ ਵਿਚ ਸਥਾਨਕ ਸਮੇ ਅਨੁਸਾਰ 3.35 ਵਜੇ ਤੜਕਸਾਰ ਭੂਚਾਲ ਆਇਆ ਜਿਸ ਦੀ ਤੀਬਰਤਾ 3.4 ਮਾਪੀ ਗਈ। ਇਸ ਦੇ ਤਕਰੀਬਨ 2 ਘੰਟੇ ਬਾਅਦ 5.56 ਵਜੇ ਦੱਖਣੀ ਪਾਸਾਡੇਨਾ ਵਿਚ ਇਕ ਹੋਰ ਭੂਚਾਲ ਆਇਆ ਜਿਸ ਦੀ ਤੀਬਰਤਾ ਵੀ 3.4 ਸੀ। ਯੂ ਐਸ ਜੀਆਲੋਜੀਕਲ ਸਰਵੇ ਅਨੁਸਾਰ ਇਸ ਉਪਰੰਤ ਕੈਲੀਫੋਰਨੀਆ ਦੇ ਹੋਰ ਸ਼ਹਿਰਾਂ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉਹੀਓ ਰਾਜ ਵਿਚ ਹਫਤੇ ਦੇ ਅੰਤ ਵਿੱਚ ਸ਼ਨੀਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਕਲੀਵਲੈਂਡ ਦੇ ਉੱਤਰ ਪੂਰਬ ਵਿਚ ਲੇਕ ਕਾਊਂਟੀ ਵਿਚ ਮੈਡੀਸਨ ਦੇ ਬਾਹਰੀ ਖੇਤਰ ਵਿਚ ਸ਼ਨੀਵਾਰ ਨੂੰ ਸਥਾਨਕ ਸਮੇ ਅਨੁਸਾਰ 6 ਵਜੇ ਸਵੇਰੇ ਭੂਚਾਲ ਆਇਆ। ਭੂਚਾਲ ਕਾਰਨ ਮਕਾਨਾਂ ਜਾਂ ਹੋਰ ਇਮਾਰਤਾਂ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਪਰੰਤੂ ਲੋਕਾਂ ਨੇ ਆਪਣੇ ਘਰਾਂ ਵਿਚ ਝਟਕੇ ਮਹਿਸੂਸ ਕਰਨ ਦੀ ਪੁਸ਼ਟੀ ਕੀਤੀ ਹੈ।
Comments (0)