ਕੈਬਨਿਟ ’ਚ ਬਦਲਾਅ  ਹੋਣ ਦੀ ਸੰਭਾਵਨਾ ,ਹਾਈਕਮਾਨ ਦੇ ‘ਫ਼ਾਰਮੂਲੇ’ ਨਾਲ ਕੈਪਟਨ ਸਹਿਮਤ

ਕੈਬਨਿਟ ’ਚ ਬਦਲਾਅ  ਹੋਣ ਦੀ ਸੰਭਾਵਨਾ ,ਹਾਈਕਮਾਨ ਦੇ ‘ਫ਼ਾਰਮੂਲੇ’ ਨਾਲ ਕੈਪਟਨ ਸਹਿਮਤ

   *ਕੈਪਟਨ ਤੇ ਸਿਧੂ ਦਾ ਕਲੇਸ਼ ਬਰਕਰਾਰ       

     *ਕਲੇਸ਼ ਨਿਪਟਾਉਣ ਲਈ ਅਸਤੀਫ਼ਾ ਨਾਲ ਲੈ ਕੇ ਸੋਨੀਆ ਨੂੰ ਮਿਲਣ ਗਏ ਸਨ ਕੈਪਟਨ

ਅੰਮ੍ਰਿਤਸਰ ਟਾਈਮਜ਼ ਬਿਉਰੋ

 ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀਤੇ ਮੰਗਲਵਾਰ ਨੂੰ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਨਿਪਟਾਉਣ ਦੇ ਇਰਾਦੇ ਨਾਲ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ  ਨਾਲ ਮੁਲਾਕਾਤ ਕਰਨ ਲਈ ਪੁੱਜੇ ਸਨ। ਲਗਪਗ ਡੇਢ ਘੰਟੇ ਤਕ ਚੱਲੀ ਬੈਠਕ ਤੋਂ ਬਾਅਦ ਕੈਪਟਨ ਨੇ ਜਿਸ ਤਰ੍ਹਾਂ ਬਾਹਰ ਆ ਕੇ ਮੀਡੀਆ ਨਾਲ ਜ਼ਿਆਦਾ ਗੱਲ ਨਹੀਂ ਕੀਤੀ, ਉਸ ਤੋਂ ਸਪੱਸ਼ਟ ਸੰਕੇਤ ਮਿਲ ਰਹੇ ਹਨ ਕਿ ਉਹ ਮੁਲਾਕਾਤ ਦੌਰਾਨ ਹੋਈ ਚਰਚਾ ਤੋਂ ਬਾਅਦ ਕਾਫੀ ਹੱਦ ਤਕ ਸੰਤੁਸ਼ਟ ਹਨ।ਸੂਤਰਾਂ ਦਾ ਕਹਿਣਾ ਹੈ ਕਿ ਕੈਪਟਨ ਆਰ-ਪਾਰ ਦੀ ਲੜਾਈ ਦੇ ਮੂਡ ’ਚ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਪੁੱਜੇ ਸਨ ਤੇ ਆਪਣਾ ਅਸਤੀਫ਼ਾ ਵੀ ਨਾਲ ਲੈ ਕੇ ਗਏ ਸਨ ਪਰ ਸੋਨੀਆ ਗਾਂਧੀ ਨਾਲ ਹੋਈ ਲੰਬੀ ਗੱਲਬਾਤ ’ਚ ਕੈਪਟਨ ਅਮਰਿੰਦਰ ਸਿੰਘ ਨੂੰ ਸੰਕੇਤ ਦਿੱਤੇ ਗਏ ਹਨ ਕਿ ਪੰਜਾਬ ’ਚ ਅਗਲੀਆਂ ਵਿਧਾਨ ਸਭਾ ਚੋਣਾਂ ਤਕ ਪਾਰਟੀ ਉਨ੍ਹਾਂ ਨਾਲ ਹੀ ਖੜ੍ਹੀ ਨਜ਼ਰ ਆਵੇਗੀ।

ਸੂਤਰਾਂ ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਕੈਬਨਿਟ ’ਚ ਬਦਲਾਅ ਕਰਨ ਦੇ ਵੀ ਇੱਛੁਕ ਹਨ। ਉਹ ਮੰਤਰੀ ਮੰਡਲ ’ਚ ਬਦਲਾਅ ਬਾਰੇ ਇਕ ਸੂਚੀ ਨਾਲ ਲੈ ਗਏ ਸਨ। ਇਸ ਸੂਚੀ ’ਚ ਮਾਝਾ ਖੇਤਰ ਦੇ ਕੁਝ ਮੰਤਰੀਆਂ ਦੇ ਪਰ ਕੁਤਰਨ ਦੀ ਤਿਆਰੀ ਸੀ। ਮਾਝੇ ਤੋਂ ਹੀ ਕਾਂਗਰਸ ਸਰਕਾਰ ’ਚ ਸਭ ਤੋਂ ਜ਼ਿਆਦਾ ਮੰਤਰੀ ਹਨ ਜਿਨ੍ਹਾਂ ’ਚ ਸੁਖਵਿੰਦਰ ਸਿੰਘ ਸਰਕਾਰੀਆ, ਓਪੀ ਸੋਨੀ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਅਰੁਣਾ ਚੌਧਰੀ ਦੇ ਨਾਂ ਸ਼ਾਮਲ ਹਨ। ਇਹ ਪੰਜੇ ਮੰਤਰੀ ਸਿਰਫ ਦੋ ਜ਼ਿਲ੍ਹਿਆਂ ਅੰਮ੍ਰਿਤਸਰ ਤੇ ਗੁਰਦਾਸਪੁਰ ਨਾਲ ਸਬੰਧ ਰੱਖਦੇ ਹਨ ਤੇ ਕਿਸੇ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਖ਼ਾਸ ਰਹੇ ਹਨ ਪਰ ਹੁਣ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੂੰ ਵੀ ਮਾਝੇ ਦੇ ਕੋਟੇ ਤੋਂ ਹੀ ਮੰਤਰੀ ਬਣਾਇਆ ਗਿਆ ਸੀ ਪਰ ਉਨ੍ਹਾਂ ਦੇ ਅਸਤੀਫ਼ਾ ਦੇਣ ਤੋਂ ਬਾਅਦ ਤੋਂ ਇਕ ਮੰਤਰੀ ਦਾ ਅਹੁਦਾ ਖ਼ਾਲੀ ਪਿਆ ਹੈ।ਅਕਾਲੀ-ਬਸਪਾ ਗੱਠਜੋੜ ਨੂੰ ਅਸਰਹੀਣ ਕਰਨ ਲਈ ਦਲਿਤ ਚਿਹਰਿਆਂ ਨੂੰ ਅਹਿਮ ਥਾਂ ਮਿਲੇਗੀ। ਉਪ ਮੁੱਖ ਮੰਤਰੀ ਦਾ ਅਹੁਦਾ ਵੀ ਦਲਿਤ ਨੂੰ ਦਿੱਤੇ ਜਾਣ ਦੀ ਸੰਭਾਵਨਾ ਹੈ। ਪੰਜਾਬ ਕਾਂਗਰਸ ਦਾ ਵੀ ਪੁਨਰਗਠਨ ਹੋਵੇਗਾ ਅਤੇ ਮੁੱਖ ਮੰਤਰੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲਈ ਦਲਿਤ ਜਾਂ ਹਿੰਦੂ ਚਿਹਰਾ ਦੇਖਣ ਦੇ ਇੱਛੁਕ ਹਨ ਜਦੋਂ ਕਿ ਰਾਹੁਲ ਗਾਂਧੀ ਤੇ ਪ੍ਰਿਅੰਕਾ ਵੱਲੋਂ ਨਵਜੋਤ ਸਿੱਧੂ ਨੂੰ ਇਹ ਕੁਰਸੀ ਦੇਣ ਲਈ ਜ਼ੋਰ ਲਾਇਆ ਜਾ ਸਕਦਾ ਹੈ। ਕੈਪਟਨ ਖੇਮੇ ਵੱਲੋਂ ਪ੍ਰਧਾਨਗੀ ਲਈ ਮਨੀਸ਼ ਤਿਵਾੜੀ, ਵਿਜੈਇੰਦਰ ਸਿੰਗਲਾ, ਚੌਧਰੀ ਸੰਤੋਖ ਸਿੰਘ ਆਦਿ ਦੇ ਨਾਵਾਂ ਦੀ ਚਰਚਾ ਕੀਤੀ ਜਾ ਰਹੀ ਹੈ।

ਕੈਪਟਨ ਜਿਸ ਸਮੇਂ ਸੋਨੀਆ ਗਾਂਧੀ ਨਾਲ ਬੈਠਕ ਕਰਨ ਉਨ੍ਹਾਂ ਦੀ ਰਿਹਾਇਸ਼ ’ਤੇ ਜਾ ਰਹੇ ਸਨ ਤਾਂ ਕੈਪਟਨ ਦੇ ਨਾਲ ਦਿੱਲੀ ਗਏ ਅੰਮ੍ਰਿਤਸਰ ਤੋਂ ਦਲਿਤ ਨੇਤਾ ਤੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ  ਸੰਕੇਤ ਦਿੱਤੇ ਕਿ ਕੈਬਨਿਟ ’ਚ ਵੱਡਾ ਬਦਲਾਅ ਹੋ ਸਕਦਾ ਹੈ। ਉਨ੍ਹਾਂ ਪਾਰਟੀ ਦੇ ਸੰਗਠਨ ’ਚ ਵੀ ਵੱਡੇ ਬਦਲਾਅ ਦੇ ਸੰਕੇਤ ਦਿੱਤੇ ਪਰ ਕੈਪਟਨ ਅਮਰਿੰਦਰ ਸਿੰਘ ਨੇ ਬੈਠਕ ਤੋਂ ਬਾਅਦ ਮੀਡੀਆ ਨਾਲ ਗੱਲਬਾਤ ’ਚ ਇਸ ਬਾਰੇ ਕੁਝ ਨਹੀਂ ਕਿਹਾ। ਕੈਪਟਨ ਨੇ ਸਿਰਫ ਇਹੀ ਕਿਹਾ ਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਜੋ ਵੀ ਫ਼ੈਸਲਾ ਕਰੇਗੀ, ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ।ਕੈਪਟਨ ਵੱਲੋਂ ਕਾਂਗਰਸ ਦੇ ਹਿੰਦੂ ਨੇਤਾਵਾਂ ਨੂੰ ਆਪਣੇ ਨਾਲ ਲੈ ਕੇ ਜਾਣ ਦੇ ਸਬੰਧ ’ਚ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਇਸ ਗੱਲ ਵੱਲ ਇਸ਼ਾਰਾ ਹੈ ਕਿ ਮੁੱਖ ਮੰਤਰੀ ਕਿਸੇ ਵੀ ਸੂਰਤ ’ਚ ਨਵਜੋਤ ਸਿੱਧੂ  ਨੂੰ ਪਾਰਟੀ ਦਾ ਸੂਬਾ ਪ੍ਰਧਾਨ ਬਣਦੇ ਨਹੀਂ ਦੇਖਣਾ ਚਾਹੁੰਦੇ। ਦਰਅਸਲ, ਦੋ ਮੁੱਖ ਅਹੁਦੇ ਮੁੱਖ ਮੰਤਰੀ ਤੇ ਪਾਰਟੀ ਦੇ ਸੂਬਾ ਪ੍ਰਧਾਨ ਦੇ ਅਹੁਦੇ ’ਤੇ ਜੱਟ ਸਿੱਖ ਨੇਤਾ ਨੂੰ ਲਗਾਏ ਜਾਣ ਨਾਲ ਕਾਂਗਰਸ ਨੂੰ ਹਿੰਦੂ ਵਰਗ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਹੁਣ ਪਾਰਟੀ ’ਚ ਇਹ ਚਰਚਾ ਵੀ ਹੈ ਕਿ ਜੇ ਕਾਂਗਰਸ ਸੁਨੀਲ ਜਾਖੜ  ਨੂੰ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਹਟਾਉਂਦੀ ਹੈ ਤਾਂ ਉਨ੍ਹਾਂ ਦੀ ਜਗ੍ਹਾ ਵਿਜੇ ਇੰਦਰ ਸਿੰਗਲਾ ਜਾਂ ਕਿਸੇ ਹੋਰ ਸੀਨੀਅਰ ਹਿੰਦੂ ਨੇਤਾ ਨੂੰ ਇਹ ਅਹੁਦਾ ਦਿੱਤਾ ਜਾ ਸਕਦਾ ਹੈ। ਵਿਜੇ ਇੰਦਰ ਸਿੰਗਲਾ ਨੂੰ ਸੂਬਾ ਪ੍ਰਧਾਨ ਬਣਾਏ ਜਾਣ ’ਤੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਮੰਤਰੀ ਮੰਡਲ ’ਚ ਜਗ੍ਹਾ ਦਿੱਤੀ ਜਾ ਸਕਦੀ ਹੈ। ਮੁੱਖ ਮੰਤਰੀ ਨੇ ਹੁਣ ਗੇਂਦ ਹਾਈਕਮਾਨ ਦੇ ਪਾਲੇ ਵਿਚ ਸੁੱਟ ਦਿੱਤੀ ਹੈ ਜਦੋਂ ਕਿ ਨਵਜੋਤ ਸਿੱਧੂ ਦਾ ਰੇੜਕਾ ਹਾਲੇ ਅੱਧ ਵਿਚਾਲੇ ਹੈ। ਇੱਕ ਸਵਾਲ ਦੇ ਜਵਾਬ ’ਚ ਅਮਰਿੰਦਰ ਨੇ ਕਿਹਾ ਕਿ ਉਹ ਨਵਜੋਤ ਸਿੱਧੂ ਬਾਰੇ ਕੁਝ ਨਹੀਂ ਜਾਣਦੇ। ਹੁਣ ਦੇਖਣਾ ਇਹ ਹੋਵੇਗਾ ਕਿ ਹਾਈ ਕਮਾਨ ਮੁੜ ਨਵਜੋਤ ਸਿੱਧੂ ਨੂੰ ਦਿੱਲੀ ਬੁਲਾਉਂਦੀ ਹੈ ਜਾਂ ਨਹੀਂ। ਕੈਪਟਨ ਦੀ ਪੰਜਾਬ ਕਾਂਗਰਸ ਵਿਚ ਬਗਾਵਤ ਉੱਠਣ ਮਗਰੋਂ ਸੋਨੀਆ ਗਾਂਧੀ ਨਾਲ ਇਹ ਪਲੇਠੀ ਮੀਟਿੰਗ ਸੀ। ਉਂਜ, ਕੈਪਟਨ ਅਮਰਿੰਦਰ ਖੜਗੇ ਕਮੇਟੀ ਨਾਲ ਦੋ ਮੀਟਿੰਗਾਂ ’ਚ ਆਪਣਾ ਪੱਖ ਰੱਖ ਚੁੱਕੇ ਹਨ। ਇਸੇ ਦੌਰਾਨ ਰਾਹੁਲ ਗਾਂਧੀ ਨੇ ਵੀ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਦੇ ਵਿਰੋਧ ਵਿਚ ਉੱਤਰੇ ਚਿਹਰਿਆਂ ਨਾਲ ਮੀਟਿੰਗਾਂ ਕੀਤੀਆਂ ਸਨ। ਰਾਹੁਲ ਗਾਂਧੀ ਨੇ ਨਵਜੋਤ ਸਿੱਧੂ ਨਾਲ ਵੀ ਮੀਟਿੰਗ ਕੀਤੀ ਸੀ। ਹਾਲਾਂਕਿ ਮੀਟਿੰਗ ਦੀ ਗੱਲਬਾਤ ਬਾਰੇ ਭੇਤ ਬਣਿਆ ਹੋਇਆ ਹੈ ਪਰ ਐਨੀ ਕੁ ਗੱਲ ਸਾਹਮਣੇ ਆਈ ਹੈ ਕਿ ਹਾਈਕਮਾਨ ਅਗਲੀਆਂ ਚੋਣਾਂ ਵਿਚ ਪੂਰੀ ਤਾਕਤ ਨਾਲ ਉੱਤਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ ਅਤੇ ਅਜਿਹਾ ਫ਼ਾਰਮੂਲਾ ਤਿਆਰ ਕੀਤਾ ਗਿਆ ਹੈ ਜਿਸ ਨਾਲ ਪੰਜਾਬ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਦਾ ਖਾਤਮਾ ਹੋਣ ਦੀ ਸੰਭਾਵਨਾ ਹੈ। ਸੂਤਰ ਦੱਸਦੇ ਹਨ ਕਿ ਸੋਨੀਆ ਗਾਂਧੀ ਨੇ 18 ਨੁਕਾਤੀ ਏਜੰਡੇ ਬਾਰੇ ਅਮਰਿੰਦਰ ਸਿੰਘ ਨੂੰ ਸਖ਼ਤ ਸੁਨੇਹਾ ਦਿੱਤਾ ਹੈ ਤਾਂ ਜੋ ਅਗਲੀਆਂ ਚੋਣਾਂ ਵਿਚ ਕੋਈ ਸਿਆਸੀ ਨੁਕਸਾਨ ਨਾ ਝੱਲਣਾ ਪਵੇ। ਹਾਈਕਮਾਨ ਵੱਲੋਂ ‘ਪੰਜਾਬ ਫ਼ਾਰਮੂਲੇ’ ’ਚ ਪੰਜਾਬ ਦੇ ਹਰ ਵਰਗ ਦਾ ਸਹਿਯੋਗ ਅਤੇ ਭਰੋਸਾ ਜਿੱਤਣ ਲਈ ਨਵੀਆਂ ਸਿਆਸੀ ਤਬਦੀਲੀਆਂ ਕੀਤੀਆਂ ਜਾਣੀਆਂ ਹਨ। ਕੈਪਟਨ ਦੇ ਮੁੱਖ ਮੰਤਰੀ ਬਣੇ ਰਹਿਣ ਬਾਰੇ ਕਾਫ਼ੀ ਚਿਰ ਤੋਂ ਅਟਕਲਾਂ ਲਾਈਆਂ ਜਾ ਰਹੀਆਂ ਸਨ। ਚਰਚੇ ਸਨ ਕਿ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਰਜ਼ਾਮੰਦ ਨਹੀਂ ਸਨ ਪਰ ਇਸ ਮੀਟਿੰਗ ’ਚ ਅਮਰਿੰਦਰ ਸਿੰਘ ਨੂੰ ਮੋਹਲਤ ਮਿਲ ਜਾਣ ਦੀ ਕਨਸੋਅ ਮਿਲੀ ਹੈ।

ਨਵਜੋਤ ਸਿੱਧੂ ਦੀ ਭੂਮਿਕਾ ਬਾਰੇ ਭੇਤ ਕਾਇਮ

ਸੂਤਰਾਂ ਅਨੁਸਾਰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਲਾਇਆ ਜਾਵੇਗਾ ਅਤੇ ਦੋ ਉਪ ਮੁੱਖ ਮੰਤਰੀ ਬਣਾਏ ਜਾਣੇ ਹਨ। ਨਵਜੋਤ ਸਿੱਧੂ ਦੀ ਭੂਮਿਕਾ ਬਾਰੇ ਹਾਲੇ ਸਪੱਸ਼ਟ ਨਹੀਂ ਹੋਇਆ ਹੈ। ਵੈਸੇ ਨਵਜੋਤ ਸਿੱਧੂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਹੇਠਾਂ ਕੁਝ ਲੈਣ ਨੂੰ ਤਿਆਰ ਨਹੀਂ ਹਨ। ਦੂਸਰੇ ਪਾਸੇ ਮੁੱਖ ਮੰਤਰੀ ਵੀ ਨਵਜੋਤ ਸਿੱਧੂ ਨਾਲ ਬਤੌਰ ਪ੍ਰਧਾਨ ਚੱਲਣ ਨੂੰ ਤਿਆਰ ਨਹੀਂ ਹਨ।