ਮਾਮਲਾ ਆਈ.ਐਸ.ਆਈ. ਲਈ ਜਾਸੂਸੀ ਕਰਨ ਦਾ ਫ਼ੌਜ ਦੇ 2 ਜਵਾਨ ਗਿ੍ਫ਼ਤਾਰ

ਮਾਮਲਾ ਆਈ.ਐਸ.ਆਈ. ਲਈ ਜਾਸੂਸੀ ਕਰਨ ਦਾ ਫ਼ੌਜ ਦੇ 2 ਜਵਾਨ ਗਿ੍ਫ਼ਤਾਰ

ਅੰਮ੍ਰਿਤਸਰ ਟਾਈਮਜ਼ ਬਿਉਰੋ

ਚੰਡੀਗੜ੍ਹ-ਪੰਜਾਬ ਪੁਲਿਸ ਨੇ  ਪਾਕਿਸਤਾਨ ਦੇ ਆਈ.ਐਸ.ਆਈ. ਲਈ ਜਾਸੂਸੀ ਕਰਨ ਤੇ ਕਲਾਸੀਫਾਈਡ ਦਸਤਾਵੇਜ਼ ਮੁਹੱਈਆ ਕਰਾਉਣ ਦੇ ਦੋਸ਼ 'ਚ ਫ਼ੌਜ ਦੇ 2 ਜਵਾਨਾਂ ਦੀ ਗਿ੍ਫ਼ਤਾਰੀ ਨਾਲ ਕ੍ਰੌਸ-ਬਾਰਡਰ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ।ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ਪਹਿਚਾਣ ਸਿਪਾਹੀ ਹਰਪ੍ਰੀਤ ਸਿੰਘ (23), ਜੋ ਅੰਮਿ੍ਤਸਰ ਦੇ ਪਿੰਡ ਚੀਚਾ ਦਾ ਰਹਿਣ ਵਾਲਾ ਹੈ ਤੇ ਅਨੰਤਨਾਗ 'ਚ ਤਾਇਨਾਤ ਸੀ, ਵਜੋਂ ਹੋਈ ਹੈ ।ਉਹ 2017 'ਚ ਭਾਰਤੀ ਫ਼ੌਜ 'ਚ ਭਰਤੀ ਹੋਇਆ ਸੀ ਤੇ 19 ਰਾਸ਼ਟਰੀ ਰਾਈਫਲਜ਼ ਨਾਲ ਸਬੰਧਿਤ ਹੈ ।ਸਿਪਾਹੀ ਗੁਰਭੇਜ ਸਿੰਘ (23), ਤਰਨਤਾਰਨ ਦੇ ਪਿੰਡ ਪੂਨੀਆਂ ਦਾ ਵਸਨੀਕ ਹੈ, ਜੋ 18 ਸਿੱਖ ਲਾਈਟ ਇਨਫੈਂਟਰੀ ਨਾਲ ਸਬੰਧਿਤ ਹੈ ਅਤੇ ਕਾਰਗਿਲ 'ਚ ਕਲਰਕ ਵਜੋਂ ਕੰਮ ਕਰਦਾ ਸੀ । ਉਹ ਸਾਲ 2015 'ਚ ਭਾਰਤੀ ਫੌਜ 'ਚ ਭਰਤੀ ਹੋਇਆ ਸੀ । ਇਹ ਜਾਣਕਾਰੀ ਸਾਂਝੀ ਕਰਦਿਆਂ ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਐਸ.ਐਸ.ਪੀ. ਨਵੀਨ ਸਿੰਗਲਾ ਦੀ ਅਗਵਾਈ 'ਚ ਜਲੰਧਰ ਦਿਹਾਤੀ ਪੁਲਿਸ ਨੇ ਐਨ.ਡੀ.ਪੀ.ਐਸ. ਕੇਸ ਦੀ ਜਾਂਚ ਕਰਦਿਆਂ, ਸਰਹੱਦ ਪਾਰ ਨਸ਼ਾ ਤਸਕਰ ਰਣਵੀਰ ਸਿੰਘ, ਜਿਸ ਨੂੰ 24 ਮਈ, 2021 ਨੂੰ 70 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ, ਤੋਂ ਭਾਰਤੀ ਫ਼ੌਜ ਦੀ ਕਾਰਜ ਪ੍ਰਣਾਲੀ ਤੇ ਤਾਇਨਾਤੀ ਸਬੰਧੀ ਗੁਪਤ ਦਸਤਾਵੇਜ਼ ਬਰਾਮਦ ਕੀਤੇ ਸਨ ।

ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਰਣਵੀਰ ਨੇ ਦਸਿਆ ਕਿ ਉਸ ਨੂੰ ਇਹ ਦਸਤਾਵੇਜ਼ ਸਿਪਾਹੀ ਹਰਪ੍ਰੀਤ ਸਿੰਘ, ਜੋ ਉਸ ਦਾ ਦੋਸਤ ਹੈ ਅਤੇ ਉਹ ਦੋਵੇਂ ਇੱਕੋ ਪਿੰਡ ਦੇ ਵਸਨੀਕ ਹਨ, ਤੋਂ ਮਿਲੇ ਹਨ ।ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਰਣਵੀਰ ਨੇ ਸਿਪਾਹੀ ਹਰਪ੍ਰੀਤ ਸਿੰਘ ਨੂੰ ਫ਼ੌਜ ਨਾਲ ਸਬੰਧਿਤ ਦਸਤਾਵੇਜ਼ ਸਾਂਝੇ ਕਰਨ ਲਈ ਵਿੱਤੀ ਲਾਭ ਦੇਣ ਲਈ ਪ੍ਰੇਰਿਤ ਕੀਤਾ, ਜਿਸ ਤੋਂ ਬਾਅਦ ਉਸਨੇ ਆਪਣੇ ਦੋਸਤ ਸਿਪਾਹੀ ਗੁਰਭੇਜ ਨੂੰ ਇਨ੍ਹਾਂ ਦੇਸ਼ ਵਿਰੋਧੀ ਗਤੀਵਿਧੀਆਂ 'ਚ ਸ਼ਾਮਿਲ ਕਰ ਲਿਆ ।  ਗੁਪਤਾ ਨੇ ਦੱਸਿਆ ਕਿਉਂਕਿ ਗੁਰਭੇਜ 121 ਇਨਫੈਂਟਰੀ ਬਿ੍ਗੇਡ ਹੈੱਡਕੁਆਰਟਰ , ਕਾਰਗਿਲ 'ਚ ਬਤੌਰ ਕਲਰਕ ਕੰਮ ਕਰ ਰਿਹਾ ਸੀ ਇਸ ਲਈ ਉਸ ਨੂੰ ਭਾਰਤੀ ਫ਼ੌਜ ਨਾਲ ਜੁੜੇ ਰਣਨੀਤਕ ਅਤੇ ਜੰਗੀ ਨੀਤੀਆਂ ਸਬੰਧੀ ਜਾਣਕਾਰੀ ਵਾਲੇ ਇਨ੍ਹਾਂ ਕਲਾਸੀਫਾਈਡ ਦਸਤਾਵੇਜ਼ਾਂ ਤੱਕ ਪਹੁੰਚ ਕਰਨੀ ਸੁਖਾਲੀ ਸੀ ।ਉਨ੍ਹਾਂ ਕਿਹਾ ਕਿ ਦੋਵੇਂ ਦੋਸ਼ੀ ਫ਼ੌਜੀਆਂ ਨੇ ਫਰਵਰੀ ਤੋਂ ਮਈ 2021 ਦਰਮਿਆਨ 4 ਮਹੀਨਿਆਂ 'ਚ ਦੇਸ਼ ਦੀ ਫ਼ੌਜ ਅਤੇ ਕੌਮੀ ਸੁਰੱਖਿਆ ਨਾਲ ਸਬੰਧਿਤ 900 ਤੋਂ ਵੱਧ ਕਲਾਸੀਫਾਈਡ ਦਸਤਾਵੇਜ਼ਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਨੂੰ ਦੋਸ਼ੀਆਂ ਨੇ ਅੱਗੇ ਪਾਕਿਸਤਾਨੀ ਖੁਫ਼ੀਆ ਜਾਣਕਾਰੀ ਅਧਿਕਾਰੀ ਹਵਾਲੇ ਕਰ ਦਿੱਤਾ ਸੀ । ਉਨ੍ਹਾਂ ਖੁਲਾਸਾ ਕੀਤਾ ਕਿ ਰਣਵੀਰ ਅੱਗੇ ਇਹ ਕਲਾਸੀਫਾਈਡ ਦਸਤਾਵੇਜ਼ ਜਾਂ ਤਾਂ ਪਾਕਿਸਤਾਨ ਆਈ.ਐਸ.ਆਈ. ਦੇ ਕਾਰਕੁੰਨਾਂ ਨੂੰ ਸਿੱਧੇ ਤੌਰ 'ਤੇ ਜਾਂ ਅੰਮਿ੍ਤਸਰ ਦੇ ਪਿੰਡ ਡੌਕੇ ਦੇ ਮੁੱਖ ਨਸ਼ਾ ਤਸਕਰ ਗੋਪੀ ਰਾਹੀਂ ਭੇਜਦਾ ਸੀ । ਦੱਸਣਯੋਗ ਹੈ ਕਿ ਗੋਪੀ, ਪਾਕਿਸਤਾਨ ਸਥਿਤ ਨਸ਼ਾ ਤਸਕਰੀ ਕਰਨ ਵਾਲੇ ਸਿੰਡੀਕੇਟ ਅਤੇ ਆਈ.ਐਸ.ਆਈ. ਅਧਿਕਾਰੀਆਂ ਦੇ ਸੰਪਰਕ 'ਚ ਸੀ ਅਤੇ ਉਨ੍ਹਾਂ ਨਾਲ ਮਿਲ ਕੇ ਕੰਮ ਕਰਦਾ ਸੀ । ਡੀ.ਜੀ.ਪੀ. ਨੇ ਅੱਗੇ ਦੱਸਿਆ ਕਿ ਰਣਵੀਰ ਦੇ ਖ਼ੁਲਾਸਿਆਂ ਤੋਂ ਬਾਅਦ, ਪੁਲਿਸ ਨੇ ਗੋਪੀ ਨੂੰ ਵੀ ਗਿ੍ਫ਼ਤਾਰ ਕਰ ਲਿਆ ਹੈ, ਜਿਸ ਨੇ ਕਬੂਲਿਆ ਕਿ ਉਸਨੇ ਹੈਰੋਇਨ ਦੀ ਸਪਲਾਈ ਅਤੇ ਵਿੱਤੀ ਲਾਭ ਦੇ ਬਦਲੇ 'ਚ ਕਲਾਸੀਫਾਈਡ ਦਸਤਾਵੇਜ਼ ਪਾਕਿਸਤਾਨ ਅਧਾਰਿਤ ਨਸ਼ਾ ਤਸਕਰ ਕੋਠਾਰ ਅਤੇ ਇਕ ਕਥਿਤ ਪਾਕਿ ਆਈ.ਐਸ.ਆਈ. ਕਾਰਕੁੰਨ ਸਿਕੰਦਰ ਨੂੰ ਉਪਲਬਧ ਕਰਵਾਏ ਸਨ, ਵਜੋਂ ਹੋਈ ਹੈ । ਉਨ੍ਹਾਂ ਅੱਗੇ ਦੱਸਿਆ ਕਿ ਇਹ ਸਾਰੀਆਂ ਤਸਵੀਰਾਂ ਇਨਕਿ੍ਪਟਡ ਐਪਸ ਰਾਹੀਂ ਭੇਜੀਆਂ ਗਈਆਂ ਸਨ । ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਮੁਤਾਬਿਕ ਹਰਪ੍ਰੀਤ ਸਿੰਘ ਅਤੇ ਗੁਰਭੇਜ ਸਿੰਘ ਨੂੰ ਗੁਪਤ ਜਾਣਕਾਰੀ ਸਾਂਝੀ ਕਰਨ ਦੇ ਬਦਲੇ ਪੈਸੇ ਦਿੱਤੇ ਜਾਂਦੇ ਸਨ ।ਉਨ੍ਹਾਂ ਕਿਹਾ ਕਿ ਰਣਵੀਰ ਸਿੰਘ ਵਲੋਂ ਹਰਪ੍ਰੀਤ ਸਿੰਘ ਨੂੰ ਪੈਸਾ ਭੇਜਿਆ ਜਾਂਦਾ ਸੀ ਜੋ ਅੱਗੇ ਇਸ ਨੂੰ ਗੁਰਭੇਜ ਦੇ ਖਾਤੇ 'ਚ ਟ੍ਰਾਂਸਫਰ ਕਰ ਦਿੰਦਾ ਸੀ ।