ਪੰਜਾਬ 'ਚ ਕਾਂਗਰਸੀ ਹਾਈਕਮਾਂਡ ਤੋਂ ਬਾਗੀ ਤੇ 'ਆਪ' ਦਾ 'ਝਾੜੂ' ਚੁੱਕਣ ਤੋਂ 'ਇਨਕਾਰੀ !

ਪੰਜਾਬ 'ਚ ਕਾਂਗਰਸੀ ਹਾਈਕਮਾਂਡ ਤੋਂ ਬਾਗੀ ਤੇ 'ਆਪ' ਦਾ 'ਝਾੜੂ' ਚੁੱਕਣ ਤੋਂ 'ਇਨਕਾਰੀ !

*ਖਹਿਰਾ, ਬਾਜਵਾ ਤੇ ਸਿਧੂ ਕੇਜਰੀਵਾਲ ਤੇ ਭਗਵੰਤ ਮਾਨ ਦੀ ਸਿਆਸਤ ਤੋਂ ਔਖੇ

*ਜੇਕਰ ਸਿੱਖਾਂ ਦੀ ਗੱਲ ਨਾ ਕੀਤੀ ਤਾਂ ਅਕਾਲੀ ਤੇ ਕਾਂਗਰਸੀ ਕਦੇ ਸੱਤਾ ’ਚ ਨਹੀਂ ਆਉਣਗੇ: ਖਹਿਰਾ

*ਆਪ ਤੇ ਕਾਂਗਰਸ ਦੀ ਪੰਜਾਬ ਵਿਚ ਸੀਟਾਂ ਦੀ ਵੰਡ ਬਾਰੇ ਗੱਲਬਾਤ ਨਾ ਨਿਬੜੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਬਠਿੰਡਾ-ਅਗਾਮੀ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਦੇਸ਼ ਦੀ ਸੱਤਾ ਤੋਂ ਲਾਂਭੇ ਕਰਨ ਲਈ ਵਿਰੋਧੀ ਸਿਆਸੀ ਦਲਾਂ ਵਲੋਂ ਕੌਮੀ ਪੱਧਰ 'ਤੇ ਕਾਂਗਰਸ ਦੀ ਅਗਵਾਈ ਹੇਠ ਹੋਂਦ ਵਿਚ ਲਿਆਂਦੇ ਗਏ 'ਇੰਡੀਆ' ਮੰਚ ਵਿਚ ਅਜੇ ਤੱਕ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ 'ਫਿੱਟ' ਨਹੀਂ ਬੈਠ ਰਹੀ ਤੇ ਸਭ ਤੋਂ ਵੱਡਾ ਰੇੜਕਾ ਪੰਜਾਬ ਨੂੰ ਲੈ ਕੇ ਚੱਲ ਰਿਹਾ ਹੈ, ਕਿਉਂਕਿ ਪਹਿਲੇ ਹੀ ਦਿਨ ਤੋਂ ਸੂਬੇ ਦੇ ਕਈ ਵੱਡੇ ਕਾਂਗਰਸੀ ਆਗੂ ਪੰਜਾਬ ਵਿਚ 'ਆਪ' ਨਾਲ ਮਿਲ ਕੇ ਲੋਕ ਸਭਾ ਚੋਣਾਂ ਲੜਨ ਦਾ ਡਟਵਾਂ ਵਿਰੋਧ ਕਰਦੇ ਆ ਰਹੇ ਹਨ । ਪਿਛਲੀ ਦਿਨੀਂ ਇਨ੍ਹਾਂ ਆਗੂਆਂ ਦੀ ਨਬਜ਼ ਟੋਹਣ ਲਈ ਪੰਜਾਬ ਪਹੁੰਚੇ ਪੰਜਾਬ ਕਾਂਗਰਸ ਮਾਮਲਿਆਂ ਦੇ ਨਵ-ਨਿਯੁਕਤ ਇੰਚਾਰਜ ਦੇਵੇਂਦਰ ਯਾਦਵ ਨੂੰ ਵੀ ਇਹ ਆਗੂ 'ਦੋ ਟੁੱਕ' ਜਵਾਬ ਦੇ ਚੁੱਕੇ ਹਨ, ਜਦਕਿ ਸੂਬੇ ਦੇ ਵੱਡੇ ਤੋਂ ਲੈ ਕੇ ਹੇਠਲੇ ਪੱਧਰ ਦੇ ਕਾਂਗਰਸੀਆਂ ਵਲੋਂ ਹਾਈਕਮਾਨ ਨੂੰ ਵੀ ਦੁੱਧ ਵਰਗਾ 'ਚਿੱਟਾ ਜਵਾਬ' ਦਿੱਤੇ ਜਾਣ ਦੀ ਚਰਚਾ ਜ਼ੋਰਾਂ 'ਤੇ ਹੈ । ਕਾਂਗਰਸ ਪੰਜਾਬ ਦੇ ਸੀਨੀਅਰ ਨੇਤਾਵਾਂ ਨਵਜੋਤ ਸਿੰਘ ਸਿਧੂ ,ਸੁਖਪਾਲ ਸਿੰਘ ਖਹਿਰਾ ,ਪ੍ਰਤਾਪ ਸਿੰਘ ਬਾਜਵਾ ਨੇ ਮੀਡੀਆ ਤੇ ਜਨਤਕ ਤੌਰ ਉਪਰ ਕੇਜਰੀਵਾਲ ਤੇ ਭਗਵੰਤ ਮਾਨ ਵਿਰੁੱਧ ਮੋਰਚਾ ਖੋਲਿਆ ਹੋਇਆ ਹੈ।ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਭਗਵੰਤ ਮਾਨ ਦੇ ਪਰਿਵਾਰ ਖ਼ਿਲਾਫ਼ ਬੋਲਣ ਦੀ ਸਜ਼ਾ ਉਨ੍ਹਾਂ ਦੀ (ਮੇਰੀ) ਭੈਣ ਨੂੰ ਵੀ ਭੁਗਤਣੀ ਪਈ ਕਿਉਂਕਿ ਉਨ੍ਹਾਂ ’ਤੇ ਕੇਸ ਦਰਜ ਕੀਤਾ ਗਿਆ। ਉਨ੍ਹਾਂ ਬੀਬੀ ਜਗੀਰ ਕੌਰ, ਬਿਕਰਮਜੀਤ ਮਜੀਠੀਆ, ਸਿਮਰਜੀਤ ਸਿੰਘ ਮਾਨ, ਸੁਨੀਲ ਜਾਖੜ ਤੇ ਆਪਣੇ ਸੰਸਦ ਮੈਂਬਰਾਂ ਤੇ ਹਲਕਾ ਵਾਸੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਉਨ੍ਹਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ। ਇਸ ਦੇ ਨਾਲ ਹੀ ਖਹਿਰਾ ਨੇ ਪਿਛਲੇ ਸਮੇਂ ਦੌਰਾਨ ਬੀਬੀ ਜਗੀਰ ਕੌਰ ਨਾਲ ਹੋਈਆਂ ਜ਼ਿਆਦਤੀਆਂ ਲਈ ਉਨ੍ਹਾਂ ਤੋਂ ਮੁਆਫ਼ੀ ਮੰਗਦਿਆਂ ਸ਼੍ਰੋਮਣੀ ਕਮੇਟੀ ਦੀ ਚੋਣ ਵਿੱਚ ਉਨ੍ਹਾਂ ਦੀ ਮਦਦ ਕਰਨ ਦਾ ਐਲਾਨ ਕੀਤਾ। ਖਹਿਰਾ ਨੇ ਕਿਹਾ ਕਿ ਜੇਕਰ ਮਾਨ ਸਰਕਾਰ ਮਜੀਠੀਆ ਵਿਰੁੱਧ ਕੋਈ ਪਰਚਾ ਦਰਜ ਕਰਦੀ ਹੈ ਤਾਂ ਉਹ ਡਟ ਕੇ ਮਜੀਠੀਆ ਦਾ ਸਾਥ ਦੇਣਗੇ।ਇਸ ਦੌਰਾਨ ਕਾਂਗਰਸ ਤੇ ਅਕਾਲੀ ਦਲ ਬਾਰੇ ਗੱਲ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜੇਕਰ ਇਹ ਦੋਵੇਂ ਪਾਰਟੀਆਂ ਪੰਜਾਬ ਵਿੱਚ ਖੇਤਰੀ,ਸਿੱਖ ਮਸਲਿਆਂ ਅਤੇ ਸਿੱਖ ਨੌਜਵਾਨਾਂ ਦੀਆਂ ਸਮੱਸਿਆਵਾਂ ਬਾਰੇ ਗੱਲ ਨਹੀਂ ਕਰਨਗੀਆਂ ਤਾਂ ਇਹ ਕਦੇ ਵੀ ਸੱਤਾਂ ਵਿੱਚ ਨਹੀਂ ਆ ਸਕਣਗੀਆਂ।  ਖਹਿਰਾ ਨੇ ਇਸ ਮੌਕੇ ਪੰਜਾਬ ਸਰਕਾਰ ’ਤੇ ਦੋਸ਼ ਲਾਇਆ ਕਿ ਦੂਜੇ ਰਾਜਾਂ ਵਾਂਗ ਪੰਜਾਬ ਵਿੱਚ ਸੂਬੇ ਤੋਂ ਬਾਹਰਲੇ ਲੋਕਾਂ ਦੇ ਜ਼ਮੀਨ ਖਰੀਦਣ ’ਤੇ ਪਾਬੰਦੀ ਲਾਉਣ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

 ਪੰਜਾਬ ਵਿਚ ਦੋਵਾਂ ਧਿਰਾਂ ਦੀ 'ਦਾਲ' ਨਾ 'ਗਲਣ' ਵਿਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਨੂੰ 'ਵਿਜੀਲੈਂਸ' ਰਾਹੀਂ ਜੇਲ੍ਹਾਂ ਵਿਚ 'ਤੁੰਨਣ' ਨੂੰ ਮੁੱਖ ਵਜ੍ਹਾ ਮੰਨਿਆ ਜਾ ਰਿਹਾ ਹੈ । ਭਵਿੱਖ ਵਿਚ ਹੱਥ ਮਿਲਾਉਣ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਦੋਵਾਂ ਧਿਰਾਂ ਦੇ ਵੱਡੇ ਆਗੂਆਂ ਦਾ ਇਕ-ਦੂਜੇ ਪ੍ਰਤੀ ਰਵੱਈਆ ਨਰਮ ਪੈਣ ਦੀ ਬਜਾਏ ਭਖਦਾ ਹੀ ਜਾ ਰਿਹਾ ਹੈ ।ਜਦਕਿ ਇਨ੍ਹਾਂ ਸੰਭਾਵਨਾਵਾਂ ਦੇ ਚੱਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪੋ-ਆਪਣੇ ਵਰਕਰਾਂ ਨੂੰ ਸੂਬੇ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ 'ਤੇ ਇਕੱਲਿਆਂ ਚੋਣਾਂ ਲੜਨ ਦੇ ਸੰਕੇਤ ਦਿੰਦੇ ਹੋਏ ਤਿਆਰੀਆਂ ਖਿੱਚ ਕੇ ਰੱਖਣ ਲਈ ਕਿਹਾ ਜਾ ਰਿਹਾ ਹੈ ।  ਇਸ ਮਾਮਲੇ 'ਚ ਅਜੇ ਤੱਕ ਦੜ੍ਹ ਵੱਟੀ ਬੈਠੇ ਪੰਜਾਬ ਤੋਂ ਆਲ-ਇੰਡੀਆ ਕਾਂਗਰਸ ਕਮੇਟੀ ਦੇ ਇਕੋ-ਇਕ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਾਇ ਵੀ ਅਹਿਮ ਮੰਨੀ ਜਾਵੇਗੀ, ਜਦਕਿ ਉਹ ਵੀ ਪੰਜਾਬ ਸਰਕਾਰ ਦੇ ਨਿਸ਼ਾਨੇ 'ਤੇ ਰਹਿੰਦਿਆਂ ਵਿਜੀਲੈਂਸ ਦੀ ਹਾਜ਼ਰੀ ਭਰ ਚੁੱਕੇ ਹਨ ।

‘ਆਪ’ ਵੱਲੋਂ ਪੰਜਾਬ ਦੇ ਉਮੀਦਵਾਰਾਂ ਬਾਰੇ ਚਰਚਾ 

ਪੰਜਾਬ ਵਿੱਚ ਲੋਕ ਸਭਾ ਉਮੀਦਵਾਰਾਂ ਦੇ ਨਾਵਾਂ ਬਾਰੇ ਚਰਚਾ ਕਰਨ ਲਈ ਬੀਤੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ’ਤੇ ‘ਆਪ’ ਆਗੂਆਂ ਦੀ ਮੀਟਿੰਗ ਹੋਈ। ਮੀਟਿੰਗ ’ਚ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜਨਰਲ ਸਕੱਤਰ (ਜਥੇਬੰਦਕ) ਸੰਦੀਪ ਪਾਠਕ, ਸੰਸਦ ਮੈਂਬਰ ਰਾਘਵ ਚੱਢਾ ਤੇ ਪਾਰਟੀ ਦੇ ਹੋਰ ਆਗੂ ਹਾਜ਼ਰ ਸਨ।

 ਸੂਤਰਾਂ ਅਨੁਸਾਰ ਆਗੂਆਂ ਨੇ ਪੰਜਾਬ ’ਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਬਾਰੇ ਚਰਚਾ ਕੀਤੀ ਗਈ ਹੈ। ਪਰ ਇਹ ਚਰਚਾ ਕਿਸੇ ਨਤੀਜੇ ’ਤੇ ਨਹੀਂ ਪੁੱਜੀ। ਆਪ ਪਾਰਟੀ ਤੇ ਕਾਂਗਰਸ ਦੋਵੇਂ ਵਿਰੋਧੀ ਪਾਰਟੀਆਂ ਦੇ ਇੰਡੀਆ ਗੱਠਜੋੜ ਦੀਆਂ ਮੈਂਬਰ ਹਨ ਅਤੇ ਇਹ ਦੋਵੇਂ ਪਾਰਟੀਆਂ ਦਿੱਲੀ ਤੇ ਪੰਜਾਬ ਸਮੇਤ ਹੋਰ ਸੂਬਿਆਂ ਵਿਚ ਸੀਟਾਂ ਦੀ ਵੰਡ ਬਾਰੇ ਚਰਚਾ ਕਰ ਰਹੀਆਂ ਹਨ। ਸੂਤਰਾਂ ਦਾ ਹਾਲਾਂਕਿ ਕਹਿਣਾ ਹੈ ਕਿ ਦੋਵਾਂ ਪਾਰਟੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਦੀਆਂ ਸੂਬਾਈ ਇਕਾਈਆਂ ਚੋਣਾਂ ਦੌਰਾਨ ਗੱਠਜੋੜ ਦੇ ਹੱਕ ਵਿਚ ਨਹੀਂ ਹਨ। ਸੂਤਰਾਂ ਨੇ ਕਿਹਾ, ‘ਪੰਜਾਬ ’ਚ ਛੇ ਸੀਟਾਂ ਸਾਂਝੀਆਂ ਕਰਨ ਦੀ ਸੰਭਾਵਨਾ ’ਤੇ ਚਰਚਾ ਕੀਤੀ ਜਾ ਰਹੀ ਸੀ ਪਰ ਕਾਂਗਰਸ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਉਸ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿਚ ਜਿੱਤੀਆਂ ਗਈਆਂ ਸਾਰੀਆਂ ਅੱਠ ਸੀਟਾਂ ’ਤੇ ਚੋਣ ਲੜਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।’ ਜ਼ਿਕਰਯੋਗ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ’ਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਚੋਂ ਕਾਂਗਰਸ ਨੇ ਅੱਠ ਜਦਕਿ ਅਕਾਲੀ ਦਲ-ਭਾਜਪਾ ਗੱਠਜੋੜ ਨੇ ਚਾਰ ਸੀਟਾਂ ਜਿੱਤੀਆਂ ਸਨ। ‘ਆਪ’ ਸਿਰਫ਼ ਇੱਕ ਸੀਟ ਹੀ ਜਿੱਤ ਸਕੀ ਸੀ। ਅਪਰੈਲ-ਮਈ ’ਚ ਹੋਣ ਵਾਲੀਆਂ ਆਮ ਚੋਣਾਂ ਲਈ ਕਾਂਗਰਸ ਤੇ ‘ਆਪ’ ਸਣੇ ਇੰਡੀਆ ਗੱਠਜੋੜ ਦੀਆਂ ਪਾਰਟੀਆਂ ਨੇ ਅਜੇ ਤੱਕ ਸੀਟਾਂ ਦੀ ਵੰਡ ਬਾਰੇ ਕੋਈ ਫਾਰਮੂਲਾ ਪੇਸ਼ ਨਹੀਂ ਕੀਤਾ ਹੈ। ਪਾਰਟੀ ਆਗੂਆਂ ਨੇ ਪਹਿਲਾਂ ਕਿਹਾ ਸੀ ਕਿ ‘ਆਪ’ ਨੇ ਕਾਂਗਰਸ ਨੂੰ ਸਪੱਸ਼ਟ ਕੀਤਾ ਸੀ ਕਿ ਉਹ ਦਿੱਲੀ, ਗੋਆ, ਗੁਜਰਾਤ, ਹਰਿਆਣਾ ਤੇ ਪੰਜਾਬ ’ਚ ਚੋਣਾਂ ਲਈ ਗੱਠਜੋੜ ਕਰਨਾ ਚਾਹੁੰਦੀ ਹੈ।