ਈਸਾਈ ਸਾਧਵੀ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿਚ ਫਸੇ ਬਿਸ਼ਪ ਫਰੈਂਕੋ ਨੂੰ ਦੇਣਾ ਪਿਆ ਅਸਤੀਫ਼ਾ

ਈਸਾਈ ਸਾਧਵੀ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿਚ ਫਸੇ  ਬਿਸ਼ਪ ਫਰੈਂਕੋ ਨੂੰ ਦੇਣਾ ਪਿਆ ਅਸਤੀਫ਼ਾ

ਸਾਧਵੀ ਵਲੋਂ ਦੋਸ਼ ਸਨ 2014 ਤੋਂ 2016 ਦਰਮਿਆਨ ਉਸ ਨਾਲ ਕਈ ਵਾਰ ਕੀਤਾ ਸੀ ਜਬਰ ਜਨਾਹ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਜਲੰਧਰ-ਜਲੰਧਰ ਡਾਇਓਸਸ ਦੇ ਵਿਵਾਦਗ੍ਰਸਤ ਬਿਸ਼ਪ ਫਰੈਂਕੋ ਮੁਲੱਕਲ ਨੇ ਆਖ਼ਰਕਾਰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਕੈਥੋਲਿਕ ਫ਼ਿਰਕੇ ਦੀ ਸਰਬਉੱਚ ਸੰਸਥਾ ਵੈਟੀਕਨ ਦੇ ਦਖ਼ਲ ਬਾਅਦ ਹੀ ਸੰਭਵ ਹੋ ਸਕਿਆ ਹੈ। ਵੈਟੀਕਨ ਨੇ ਸਪੱਸ਼ਟ ਕੀਤਾ ਹੈ ਕਿ ਇਹ ਅਨੁਸ਼ਾਸਨੀ ਕਾਰਵਾਈ ਨਹੀਂ ਸਗੋਂ ਡਾਇਓਸਸ ਦੇ ‘ਭਲੇ’ ਵਾਸਤੇ ਕੀਤਾ ਗਿਆ ਫ਼ੈਸਲਾ ਹੈ। ਪੋਪ ਫਰਾਂਸਿਸ ਦੁਆਰਾ ਮੁਲੱਕਲ ਦਾ ਅਸਤੀਫ਼ਾ ਪ੍ਰਵਾਨ ਕਰ ਲਏ ਜਾਣ ਨਾਲ ਇਸ ਅਹਿਮ ਅਹੁਦੇ ’ਤੇ ਨਵੀਂ ਨਿਯੁਕਤੀ ਵਾਸਤੇ ਰਾਹ ਪੱਧਰਾ ਹੋ ਗਿਆ ਹੈ।

ਜਦੋਂ 2018 ਵਿਚ ਇਕ ਈਸਾਈ ਸਾਧਵੀ ਨੇ ਫਰੈਂਕੋ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਸਨ, ਉਦੋਂ ਤੋਂ ਹੀ ਉਸ ਨੂੰ ਪਾਸਟਰ ਦੀ ਜ਼ਿੰਮੇਵਾਰੀ ਤੋਂ ਆਰਜ਼ੀ ਤੌਰ ’ਤੇ ਲਾਂਭੇ ਕਰ ਦਿੱਤਾ ਗਿਆ ਸੀ ਅਤੇ ਪ੍ਰਬੰਧਕੀ ਕੰਮ ਕਿਸੇ ਹੋਰ ਪਾਦਰੀ ਨੂੰ ਸੌਂਪ ਦਿੱਤੇ ਗਏ ਸਨ। ਪੀੜਤ ਸਾਧਵੀ ਮਿਸ਼ਨਰੀਜ਼ ਆਫ ਜੀਸਸ ਦੀ ਮੈਂਬਰ ਹੈ ਤੇ ਇਹ ਜਥੇਬੰਦੀ ਜਲੰਧਰ ਡਾਇਓਸਸ ਅਧੀਨ ਹੈ; ਉਸ ਨੇ ਦੋਸ਼ ਲਾਇਆ ਸੀ ਕਿ ਬਿਸ਼ਪ ਨੇ ਕੇਰਲ ਦੇ ਕੋਟਾਯਮ ਜ਼ਿਲ੍ਹੇ ਵਿਚਲੇ ਉਸ ਦੇ ਕਾਨਵੈਂਟ ’ਚ 2014 ਤੋਂ 2016 ਦਰਮਿਆਨ ਉਸ ਨਾਲ ਕਈ ਵਾਰ ਜਬਰ ਜਨਾਹ ਕੀਤਾ। ਇਹ ਮਾਮਲਾ ਸਾਹਮਣੇ ਆਉਣ ’ਤੇ ਸਬੰਧਿਤ ਭਾਈਚਾਰੇ ਨੇ ਰਲੀਆਂ-ਮਿਲੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਸਨ। ਕੈਥੋਲਿਕ ਚਰਚ ਦੇ ਹਜ਼ਾਰਾਂ ਮੈਂਬਰਾਂ ਨੇ ਜਿੱਥੇ 2018 ਵਿਚ ਫਰੈਂਕੋ ਨਾਲ ਇਕਜੁੱਟਤਾ ਦਿਖਾਉਂਦਿਆਂ ਜਲੰਧਰ ਵਿਚ ਮਾਰਚ ਕੀਤਾ, ਉੱਥੇ ਔਰਤ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰਾਂ ਦੇ ਖੇਤਰ ਵਿਚ ਕੰਮ ਕਰਨ ਵਾਲੇ ਕਾਰਕੁਨ ਉਸ ਦੇ ਖ਼ਿਲਾਫ਼ ਆਵਾਜ਼ ਉਠਾਉਂਦੇ ਅਤੇ ਵੈਟੀਕਨ ਤੋਂ ਇਸ ਦਾਗ਼ੀ ਪਾਦਰੀ ਨੂੰ ਹਟਾਉਣ ਦੀ ਮੰਗ ਕਰਦੇ ਰਹੇ ਹਨ। ਪੀੜਤ ਦਾ ਸਵਾਲ ਸੀ ਕਿ ਜਦੋਂ ਉਹ ਇਸ ਵਧੀਕੀ ਖ਼ਿਲਾਫ਼ ਆਵਾਜ਼ ਉਠਾਉਣ ਦਾ ਹੌਸਲਾ ਦਿਖਾ ਰਹੀ ਹੈ ਤਾਂ ਫਿਰ ਚਰਚ ਨੇ ਸੱਚ ਤੋਂ ਅੱਖਾਂ ਬੰਦ ਕਿਉਂ ਕੀਤੀਆਂ ਹੋਈਆਂ ਹਨ।

ਜ਼ਿਕਰਯੋਗ ਹੈ ਕਿ ਅਦਾਲਤੀ ਕਾਰਵਾਈ ਦੇ ਪਹਿਲੇ ਗੇੜ ’ਚ ਕੋਟਾਯਮ ਜ਼ਿਲ੍ਹੇ ਦੀ ਸੈਸ਼ਨ ਅਦਾਲਤ ਨੇ ਲੰਘੇ ਸਾਲ ਜਨਵਰੀ ’ਚ ਸਬੂਤਾਂ ਦੀ ਘਾਟ ਕਾਰਨ ਫਰੈਂਕੋ ਨੂੰ ਜਬਰ ਜਨਾਹ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ; ਇਸ ਦੇ ਬਾਵਜੂਦ ਇਨਸਾਫ਼ ਪ੍ਰਾਪਤੀ ਵਾਸਤੇ ਜੰਗ ਜਾਰੀ ਹੈ ਕਿਉਂਕਿ ਪੀੜਤ ਨੇ ਇਸ ਫ਼ੈਸਲੇ ਨੂੰ ਕੇਰਲ ਹਾਈਕੋਰਟ ’ਚ ਚੁਣੌਤੀ ਦਿੱਤੀ ਹੋਈ ਹੈ।