ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਦੀ ਗ੍ਰਿਫਤਾਰੀ ਦੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿੰਗ ਵਲੋਂ ਸਖਤ ਨਿੰਦਾ

ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਦੀ ਗ੍ਰਿਫਤਾਰੀ ਦੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿੰਗ ਵਲੋਂ ਸਖਤ ਨਿੰਦਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 11 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਰਮਨਦੀਪ ਸਿੰਘ ਸੋਨੂੰ ਫੁਲ ਨੇ ਮੀਡੀਆ ਨੂੰ ਜਾਰੀ ਬਿਆਨ ‘ਚ ਦਸਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬੀਬੀ ਬਲਵਿੰਦਰ ਕੌਰ ਅਤੇ ਦੂਜੇ ਸਿੰਘਾਂ ਦੇ ਪਰਵਾਰਕ ਮੈਂਬਰਾਂ  ਨੂੰ ਹਿਰਾਸਤ ਵਿਚ ਲੈ  ਕੇ ਲੋਕਤਾਂਤਰਿਕ ਮਰਿਆਦਾ ਨੂੰ ਤਾਰ ਤਾਰ ਕੀਤਾ ਹੈ । 

ਉਨ੍ਹਾਂ ਦਸਿਆ ਕਿ ਮਾਤਾ ਬਲਵਿੰਦਰ ਕੌਰ ਨੇ  ਭਾਈ ਅੰਮ੍ਰਿਤਪਾਲ ਸਿੰਘ ਤੇ ਉਸ ਨਾਲ ਨਜ਼ਰਬੰਦ ਦੂਜੇ ਬੰਦੀਆਂ ਨੂੰ ਡਿਬਰੂਗੜ੍ਹ ਆਸਾਮ ਦੀ ਜੇਲ੍ਹ ਤੋਂ ਪੰਜਾਬ ਵਾਪਸ ਲਿਆਉਣ ਦੀ ਮੰਗ ਲਈ 22 ਫਰਵਰੀ ਤੋਂ ਸ਼੍ਰੀ ਦਰਬਾਰ ਸਾਹਿਬ ਵਲ ਜਾਂਦੀ ਵਿਰਾਸਤੀ ਗਲੀ ਚ ਮੋਰਚਾ ਲਾਇਆ ਸੀ । ਮਾਤਾ ਬਲਵਿੰਦਰ ਕੌਰ ਨੇ ਇਸ ਮੰਗ ਲਈ ਬੀਤੇ ਦਿਨ ਇਹਨਾਂ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਚੇਤਨਾ ਮਾਰਨ ਸ਼ੁਰੂ ਕਰਨਾ ਸੀ, ਇਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੇ ਪੰਜਾਬ ਪੁਲਿਸ ਨੇ ਸਾਰਿਆਂ ਨੂੰ ਗੋਲਡਨ ਗੇਟ ਅੰਮ੍ਰਿਤਸਰ ਤੋਂ ਹਿਰਾਸਤ ਵਿਚ ਲੈ ਲਿਆ । 

ਸੋਨੂੰ ਫੁਲ ਨੇ ਦਸਿਆ ਕਿ ਇਕ ਪਾਸੇ ਭਗਵੰਤ ਮਾਨ ਤੇ ਸਾਰੀ ਆਪ ਲੀਡਰਿਸ਼ਪ ਦੇਸ਼ ਵਿਚ ਧਰਨੇ ਵਰਤ ਰੱਖ ਕੇ ਈਡੀ ਵਲੋਂ ਦਿੱਲੀ ਦੇ ਮੁਖ ਮੰਤਰੀ ਦੀ ਗ੍ਰਿਫਤਾਰੀ ਨੂੰ ਲੋਕਤਾਂਤਰਿਕ ਮਰਿਆਦਾ ਖਿਲਾਫ ਦੱਸ ਰਹੀ ਹੈ, ਪ੍ਰੰਤੂ ਦੂਜੇ ਪਾਸੇ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਡਿਬਰੂਗੜ੍ਹ ਜੇਲ੍ਹ ‘ਚੋਂ ਬੰਦੀਆਂ ਨੂੰ ਪੰਜਾਬ ਦੀ ਜੇਲ ‘ਚ ਲਿਆਉਣ ਦੀ ਮੰਗ ਲਈ ਚੇਤਨਾ ਮਾਰਚ ਕੱਢਣ ਦੀ ਲੋਕਤਾਂਤਰਿਕ ਮੰਗ ਨੂੰ ਕੁਚਲ ਕੇ ਜੋ ਸੰਵਿਧਾਨ ਦੀ ਮਰਿਆਦਾ ਨੂੰ ਤਾਰ ਤਾਰ ਆਪ ਸਰਕਾਰ  ਕਰ ਰਹੀ ਹੈ, ਉਹ ਆਮ ਆਦਮੀ ਪਾਰਟੀ ਨੂੰ ਸੇਵਾ ਲੱਗ ਰਿਹਾ ਹੈ । ਸ਼੍ਰੋਮਣੀ ਅਕਾਲੀ ਦਲ ਇਸ ਗ੍ਰਿਫਤਾਰੀ ਦੀ ਸਖਤ ਨਿੰਦਾ ਕਰਦਾ ਹੈ ।