ਪੰਜਾਬੀ ਭਾਸ਼ਾ ਦਾ ਮਜ਼ਾਕ ਉਡਾ ਰਹੇ ਨੇ ਕੌਮੀ ਰਾਜਮਾਰਗ ਅਥਾਰਟੀ ਦੇ ਲਗਾਏ ਗ਼ਲਤੀਆਂ ਨਾਲ ਭਰਪੂਰ ਬੋਰਡ

ਪੰਜਾਬੀ ਭਾਸ਼ਾ ਦਾ ਮਜ਼ਾਕ ਉਡਾ ਰਹੇ ਨੇ ਕੌਮੀ ਰਾਜਮਾਰਗ ਅਥਾਰਟੀ ਦੇ ਲਗਾਏ ਗ਼ਲਤੀਆਂ ਨਾਲ ਭਰਪੂਰ ਬੋਰਡ
ਅੰਮ੍ਰਿਤਸਰ ਟਾਈਮਜ਼ ਬਿਊਰੋ
 
ਜਲੰਧਰ-ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਅਤੇ ਸਰਕਾਰੀ ਵਿਭਾਗਾਂ ਵਿਚ ਪੰਜਾਬੀ ਭਾਸ਼ਾ ਵਿਚ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਨ ਅਤੇ ਕਾਰੋਬਾਰੀ ਅਦਾਰਿਆਂ ਦੇ ਬਾਹਰ ਪੰਜਾਬੀ ਭਾਸ਼ਾ ਵਿਚ ਬੋਰਡ ਲਗਾਏ ਜਾਣ ਬਾਰੇ ਸਰਕਾਰ ਵਲੋਂ ਕਈ ਵਾਰ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਰਹੀਆਂ ਹਨ ਪਰ ਇਨ੍ਹਾਂ ਹਦਾਇਤਾਂ ਦੇ ਬਾਵਜੂਦ ਅਜੇ ਵੀ ਸਰਕਾਰੀ ਦਫ਼ਤਰਾਂ ਵਿਚ ਅੰਗਰੇਜ਼ੀ ਭਾਸ਼ਾ ਵਿਚ ਜ਼ਿਆਦਾ ਕੰਮ ਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ । ਕਾਰੋਬਾਰੀ ਅਦਾਰਿਆਂ ਦੇ ਬਾਹਰ ਪੰਜਾਬੀ ਭਾਸ਼ਾ ਵਿਚ ਬੋਰਡ ਲਗਾਏ ਜਾਣ ਲਈ ਲੋਕਾਂ ਨੂੰ ਅਜੇ ਤੱਕ ਜਾਗਰੂਕ ਨਹੀਂ ਕੀਤਾ ਜਾ ਸਕਿਆ ਹੈ । ਦੂਜੇ ਪਾਸੇ ਕੌਮੀ ਰਾਜ ਮਾਰਗ ਅਥਾਰਿਟੀ ਵਲੋਂ ਕੌਮੀ ਰਾਜ ਮਾਰਗਾਂ 'ਤੇ ਸ਼ਹਿਰਾਂ ਦੇ ਬਾਹਰਲੇ ਪਾਸੇ ਕੌਮੀ ਹਾਈਵੇ ਅਥਾਰਿਟੀ ਵਲੋਂ ਲਗਾਏ ਗ਼ਲਤ ਬੋਰਡਾਂ ਵਿਚ ਵੀ ਪੰਜਾਬੀ ਭਾਸ਼ਾ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਕਿਉਂਕਿ ਪੰਜਾਬੀ ਭਾਸ਼ਾ ਵਿਚ ਲਗਾਏ ਬੋਰਡਾਂ ਵਿਚ ਪੰਜਾਬੀ ਦੀਆਂ ਗ਼ਲਤੀਆਂ ਦੀ ਭਰਮਾਰ ਹੈ । ਅੰਮਿ੍ਤਸਰ ਅਤੇ ਹੁਸ਼ਿਆਰਪੁਰ ਨੂੰ ਜਾਂਦੇ ਹੋਏ ਵੀ ਇਸ ਤਰ੍ਹਾਂ ਦੇ ਕਈ ਗ਼ਲਤੀਆਂ ਵਾਲੇ ਬੋਰਡ ਲੱਗੇ ਨਜ਼ਰ ਆ ਜਾਂਦੇ ਹਨ । ਉਂਜ ਇਨ੍ਹਾਂ ਬੋਰਡਾਂ ਨੂੰ ਲਗਾਉਣ ਵਾਲੇ ਲੋਕ ਵੀ ਪੰਜਾਬੀ ਭਾਸ਼ਾ ਦੀ ਜ਼ਿਆਦਾ ਜਾਣਕਾਰੀ ਨਹੀਂ ਰੱਖਦੇ ਹਨ । ਕਈ ਵਾਰ ਪੰਜਾਬੀ ਪੇ੍ਮੀ ਗ਼ਲਤ ਲਗਾਏ ਬੋਰਡਾਂ ਨੂੰ ਠੀਕ ਕਰਨ ਦੀ ਮੰਗ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਗ਼ਲਤੀਆਂ ਦੀ ਭਰਮਾਰ ਵਾਲੇ ਪੰਜਾਬੀ ਵਿਚ ਲੱਗੇ ਬੋਰਡਾਂ ਨੂੰ ਠੀਕ ਨਹੀਂ ਕੀਤਾ ਗਿਆ ਹੈ । ਪੰਜਾਬ ਵਿਚ ਤਾਂ ਅਜੇ ਵੀ ਪੰਜਾਬੀ ਭਾਸ਼ਾ ਤੋਂ ਜ਼ਿਆਦਾ ਅੰਗਰੇਜ਼ੀ ਜਾਂ ਹਿੰਦੀ ਵਿਚ ਵੱਡੀ ਗਿਣਤੀ ਵਿਚ ਬੋਰਡ ਲੱਗੇ ਹੋਏ ਹਨ ।