ਗਿਆਨੀ ਹਰਪ੍ਰੀਤ ਸਿੰਘ ਸਬੰਧੀ ਉੱਠਦੇ ਸਵਾਲਾਂ ਦੇ ਹੱਲ ਦੀ ਜੜ੍ਹ ਕਿੱਥੇ ਹੈ?

ਗਿਆਨੀ ਹਰਪ੍ਰੀਤ ਸਿੰਘ ਸਬੰਧੀ ਉੱਠਦੇ ਸਵਾਲਾਂ ਦੇ ਹੱਲ ਦੀ ਜੜ੍ਹ ਕਿੱਥੇ ਹੈ?

ਲੰਘੇ ਦਿਨੀ ਸਿਆਸਤਦਾਨ ਰਾਘਵ ਚੱਡਾ ਦੀ ਮੰਗਣੀ 'ਤੇ ਗਿਆਨੀ ਹਰਪ੍ਰੀਤ ਸਿੰਘ ਦੇ ਜਾਣ ਨਾਲ ਕਾਫੀ ਚਰਚਾ ਛਿੜੀ ਹੈ

ਬਿਜਲ ਸੱਥ (ਸੋਸ਼ਲ ਮੀਡੀਆ) 'ਤੇ ਇਸੇ ਗੱਲ ਨੂੰ ਲੈ ਕੇ ਵੱਖ-ਵੱਖ ਵਿਚਾਰਾਂ ਚੱਲਦੀਆਂ ਰਹੀਆਂ। ਗਿਆਨੀ ਹਰਪ੍ਰੀਤ ਸਿੰਘ ਨੂੰ ਉਥੇ ਜਾਣ ਲਈ ਸਵਾਲ ਕੀਤੇ ਗਏ ਕਿਉਂਕਿ ਰਾਘਵ ਚੱਡਾ ਜਿਸ ਰਾਜਨੀਤਕ ਪਾਰਟੀ ਨਾਲ ਸਬੰਧ ਰੱਖਦਾ ਹੈ ਉਹਦੀ ਹੁਣ ਪੰਜਾਬ ਵਿੱਚ ਸਰਕਾਰ ਹੈ ਤੇ ਪਿਛਲੇ ਸਮੇਂ ਸਿੱਖ ਨੌਜਵਾਨਾਂ ਦੀ ਫੜੋ ਫੜੀ, ਪੱਤਰਕਾਰਾਂ ਦੀ ਬੋਲਣ ਦੀ ਅਜਾਦੀ ਤੇ ਪੰਜਾਬ ਦੇ ਲੋਕਾਂ 'ਤੇ ਕੀਤੇ ਗਏ ਮਨੋਵਿਗਿਆਨਕ ਹਮਲੇ ਵਿੱਚ ਪੰਜਾਬ ਸਰਕਾਰ ਨੇ ਕੇਂਦਰ ਦੀ ਸਰਕਾਰ ਨਾਲ ਇਸ ਪੂਰੇ ਮਸਲੇ ਵਿੱਚ ਜੀ ਹਜੂਰ ਵਾਲੀ ਭੂਮਿਕਾ ਨਿਭਾਈ ਹੈ। ਦੂਸਰਾ ਇਸ ਮੰਗਣੀ ਦੇ ਸਮਾਗਮ ਵਿੱਚ ਜਦੋਂ ਕੀਰਤਨ ਹੋ ਰਿਹਾ ਹੁੰਦਾ ਹੈ ਉਦੋਂ ਰਾਘਵ ਚੱਡਾ ਅਤੇ ਉਸ ਦੀ ਮੰਗੇਤਰ ਛੋਟੇ ਸੋਫੇ ਵਰਗੀ ਕਿਸੇ ਸ਼ੈਅ 'ਤੇ ਬੈਠੇ ਦਿਖਾਈ ਦਿੰਦੇ ਹਨ, ਇਸ ਗੱਲ ਲਈ ਵੀ ਲਗਾਤਾਰ ਸਵਾਲ ਉੱਠ ਰਹੇ ਹਨ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਥੇ ਮੌਜੂਦ ਸਨ ਅਤੇ ਉਹਨਾਂ ਇਸ ਤਰ੍ਹਾਂ ਹੋਣ ਤੋਂ ਰੋਕਿਆ ਕਿਉਂ ਨਹੀਂ?   

ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਸੰਗਤ ਦੀਆਂ ਭਾਵਨਾਵਨ ਦੇ ਅਨੂਕੂਲ ਅਮਲ ਨਾ ਹੋਣਾ, ਕੀ ਇਹ ਕਿਸੇ ਬਿਮਾਰੀ ਦਾ ਲੱਛਣ ਹੈ ਜਾਂ ਬਿਮਾਰੀ ਹੈ? ਅਸਲ ਵਿੱਚ ਇਹ ਬਿਮਾਰੀ ਨਹੀਂ, ਬਿਮਾਰੀ ਦਾ ਲੱਛਣ ਹੈ। ਬਿਮਾਰੀ ਹੋਰ ਹੈ। ਗੁਰੂ ਖਾਲਸਾ ਪੰਥ ਦੇ ਪਾਤਿਸ਼ਾਹੀ ਦਾਅਵੇ ਅਤੇ ਖਾਲਸਾ ਜੀਓ ਦੇ ਸੁਤੰਤਰ ਵਿਚਰਣ ਦੇ ਜਾਮਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਖਾਲਸਾ ਪੰਥ ਦੀਆਂ ਰਿਵਾਇਤਾਂ ਅਨੁਸਾਰੀ ਨਹੀਂ ਰਹੀ ਅਤੇ ਇਸ ਦੀ ਸਿੱਖਾਂ ਵਿਚ ਕੇਂਦਰੀ ਧੁਰੇ ਵਜੋਂ ਮਾਨਤਾ ਖੁਰਣ ਕਾਰਨ ਸਿੱਖ ਸਫਾਂ ਆਪੋ-ਧਾਪੀ ਦੀ ਮਾਰ ਝੱਲ ਰਹੀਆਂ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਅਜਿਹੇ ਅਕਾਲੀ ਜਥਿਆਂ ਕੋਲ ਰਹੀ ਹੈ ਜੋ ਨਿਜੀ ਅਤੇ ਪੰਥਕ ਰਹਿਣੀ ਦੇ ਧਾਰਣੀ ਹੋਣ ਦੇ ਨਾਲ-ਨਾਲ ਗੁਰੂ ਆਸ਼ੇ ਨੂੰ ਸਮਰਪਿਤ ਹੋ ਕੇ ਨਿਸ਼ਕਾਮ ਤੌਰ ਉੱਤੇ ਸਰਬੱਤ  ਦੇ ਭਲੇ ਲਈ ਸੰਘਰਸ਼ ਕਰਦੇ ਤੇ ਕਿਸੇ ਤਰ੍ਹਾਂ ਦੀ ਦੁਨਿਆਵੀ ਅਹੁਦੇਦਾਰੀ ਪ੍ਰਵਾਣ ਨਹੀਂ ਕਰਦੇ। ਅਜੋਕੇ ਸਮੇਂ ਇਸ ਪੱਖੋਂ ਮੁਕੰਮਲ ਖਲਾਅ ਹੈ। ਹੁਣ ਦੇ ਸਮੇਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇੱਕ ਉਪ ਕਮੇਟੀ ਨਿਯੁਕਤ ਕੀਤੀ ਜਾਂਦੀ ਹੈ। ਇਹ ਉਪ ਕਮੇਟੀ ਤੈਅ ਕਰਦੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਕੌਣ ਹੋਵੇਗਾ। ਇਹ ਲਿਖਤੀ ਤਰੀਕਾ ਹੈ, ਅਸਲ ਵਿੱਚ ਹਾਲਤ ਇਸਤੋਂ ਵੀ ਕਿਤੇ ਵਿਗੜ ਗਈ ਹੈ। ਹੁਣ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੀ ਫਰਮਾਨ ਜਾਰੀ ਕਰਦਾ ਹੈ ਕਿ ਜਥੇਦਾਰ ਕੌਣ ਹੋਵੇਗਾ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਵੋਟਾਂ ਵਾਲੀ ਰਾਜਨੀਤਕ ਪਾਰਟੀ (ਸ਼੍ਰੋਮਣੀ ਅਕਾਲੀ ਦਲ) ਆਪਣੇ ਪ੍ਰਬੰਧ ਹੇਠ ਰੱਖਦੀ ਹੈ। ਸ਼੍ਰੋਮਣੀ ਅਕਾਲੀ ਦਲ ’ਤੇ ਹੁਣ ਇੱਕ ਪਰਿਵਾਰ ਦਾ ਕਬਜਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਹੁਣ ਇਨ੍ਹਾ ਤੈਹਾਂ ਦੀ ਸਭ ਤੋਂ ਹੇਠਲੀ ਤੈਹ ਵਿੱਚ ਹੁੰਦਾ ਹੈ। ਬਿਮਾਰੀ ਇਹ ਹੈ। 

ਸੋ ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਅਸਲ ਵਿੱਚ ਗਲਤ ਤਰੀਕੇ ਨਾਲ ਚੁਣੇ ਹੋਏ ਬੰਦੇ ਗਲਤੀਆਂ ਕਰਨ ਲਈ ਸਰਾਪੇ ਹੁੰਦੇ ਹਨ। ਅਸਲੀ ਹੱਲ ਇਹੋ ਕਿ ਆਪਣੇ ਅਸਲ ਵੱਲ ਪਰਤਿਆ ਜਾਵੇ। ਸਾਡਾ ਅਸਲ ਕੀ ਹੈ? ਅਕਾਲ ਪੁਰਖ ਦੀ ਮੌਜ ਵਿੱਚ ਖਾਲਸਾ ਪ੍ਰਗਟਿਆ, ਆਪੇ ਗੁਰੁ ਚੇਲਾ ਦੇ ਅਜਬ ਦ੍ਰਿਸ਼ ਨੇ ਸਾਡੀ ਅਗਵਾਈ ਵੱਲ ਇਸ਼ਾਰਾ ਕੀਤਾ। ਗੁਰਿਆਈ ਦੇਣ ਦਾ ਵਕਤ ਆਇਆ ਤਾਂ ਗੁਰੂ ਸਾਹਿਬ ਨੇ ਗੁਰਿਆਈ ਸਾਂਝੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਖਾਲਸਾ ਪੰਥ ਨੂੰ ਬਖਸ਼ਿਸ਼ ਕੀਤੀ। ਗੁਰ-ਜੋਤ ਸ਼ਬਦ ਰੂਪ ਵਿੱਚ ਗੁਰੂ ਗ੍ਰੰਥ ਵਿੱਚ ਵਿਦਮਾਨ ਹੈ ਤੇ ਦੇਹ-ਰੂਪ ਵਿੱਚ ਗੁਰੂ ਪੰਥ ਵਿੱਚ ਪਰਕਾਸ਼ਮਾਨ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਤੋਰਨ ਵਕਤ ਵੀ ਪੰਜ ਪਿਆਰਿਆਂ ਦੀ ਅਗਵਾਈ ਸੀ। ਸਾਡੀ ਅਗਵਾਈ ਦਾ ਇਹ ਤਰੀਕਾ ਗੁਰੂ ਨੇ ਸਾਨੂੰ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਜੁੜਿਆ ਖਾਲਸਾ ਪੂਰਨ ਰੂਪ ਵਿੱਚ ਗੁਰੂ ਹੈ। ਤਦ ਹੀ ਇੱਥੇ ਹੋਏ ਫੈਸਲੇ ਨੂੰ ‘ਗੁਰਮਤਾ’ ਕਿਹਾ ਜਾਂਦਾ ਹੈ। ‘ਗੁਰਮਤਾ’ - ਗੁਰੂ ਦੀ ਮੱਤ। ਸਾਡੀ ਕੋਈ ਵੀ ਗੱਲ ਇਹਨਾਂ ਦੋ ਅਹਿਮ ਗੱਲਾਂ ਤੋਂ ਬਿਨਾਂ ਸਦਾ ਅਧੂਰੀ ਹੀ ਰਹੇਗੀ - ਸਾਡੀ ਅਗਵਾਈ ਦਾ ਤਰੀਕਾ ਅਤੇ ਸਾਡੀ ਫੈਸਲੇ ਕਰਨ ਦੀ ਰਵਾਇਤ। ਇਹਨਾਂ ’ਤੇ ਹੀ ਸਾਡਾ ਇਤਿਹਾਸ ਹੈ ਅਤੇ ਇਹਨਾਂ ਨਾਲ ਹੀ ਸਾਡਾ ਭਵਿੱਖ ਤੈਅ ਹੋਣਾ ਹੈ। 

ਸਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਨੂੰ ਪੰਥਕ ਰਿਵਾਇਤ ਅਨੁਸਾਰੀ ਕਰਨ ਵੱਲ ਸੰਜੀਦਗੀ ਨਾਲ ਸੋਚਣ ਦੀ ਲੋੜ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਸਬੰਧੀ ਇਕ ਅਹਿਮ ਨੁਕਤਾ ਵਿਚਾਰਨਯੋਗ ਹੈ ਕਿ ਹਮੇਸ਼ਾਂ ਹੀ ਇਹ ਸੇਵਾ ਸੰਭਾਲ ਇੱਕ ਜਥੇ ਨੂੰ ਦਿੱਤੀ ਜਾਂਦੀ ਰਹੀ ਹੈ। ਉਸ ਜਥੇ ਦਾ ਜਥੇਦਾਰ ਆਮ ਤੌਰ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ/ਜਥੇਦਾਰ ਵਜੋਂ ਸੇਵਾਵਾਂ ਨਿਭਾਉਂਦਾ ਹੈ ਜਿਵੇਂ ਮਿਸਲਾਂ ਦਾ ਪ੍ਰਬੰਧ ਵਿਕਸਿਤ ਹੋਣ ਉਪਰੰਤ ਅਕਾਲੀ ਫੂਲਾ ਸਿੰਘ ਜੀ ਬੁੱਢਾ ਦਲ ਦੇ ਜਥੇਦਾਰ ਸਨ ਅਤੇ ਉਨ੍ਹਾਂ ਦੇ ਜਥੇ ਪਾਸ ਸੇਵਾ ਸੰਭਾਲ ਹੋਣ ਕਾਰਨ ਓਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਨਿਭਾਉਂਦੇ ਰਹੇ।

ਮੌਜੂਦਾ ਚਲਣ ਨੂੰ ਬਦਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਸਾਡੀ ਪ੍ਰੰਪਰਾ ਅਨੁਸਾਰ ਨਿਸ਼ਕਾਮ ਜਥਿਆਂ ਨੂੰ ਦੇਣੀ ਚਾਹੀਦੀ ਹੈ। ਅਜਿਹੇ ਸਿੱਖਾਂ/ਜਥਿਆਂ ਕੋਲ ਸੇਵਾ ਹੋਵੇਗੀ ਤਾਂ ਹੀ ਰਾਜਨੀਤਕ ਪ੍ਰਭਾਵ ਤੋਂ ਇਹਨਾਂ ਪਵਿੱਤਰ ਥਾਵਾਂ ਨੂੰ ਮੁਕਤ ਕੀਤਾ ਜਾ ਸਕੇਗਾ। ਪੰਥਕ ਰਿਵਾਇਤਾਂ ਤੋਂ ਸੇਧ ਲੈ ਕੇ ਗੁਰੂ ਖਾਲਸਾ ਪੰਥ ਦੀ ਸਾਂਝੀ ਰਾਏ ਦਾ ਪ੍ਰਗਟਾਓ ਕਰਨ ਦਾ ਅਮਲ, ਭਾਵ ਕਿ ਗੁਰਮਤਾ ਵਿਧੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਦਾ ਰਵਾਇਤੀ ਤਰੀਕਾਕਾਰ ਮੁੜ-ਬਹਾਲ ਕੀਤਾ ਜਾਣਾ ਚਾਹੀਦਾ ਹੈ। ਆਉ ਆਪਣੀ ਗੁਰਮਤਾ ਕਰਨ, ਆਗੂ ਚੁਣਨ ਅਤੇ ਜਥੇਬੰਦਕ ਹੋਣ ਦੀ ਪਰੰਪਰਾ ਤੇ ਪਹਿਰਾ ਦੇਣ ਵੱਲ ਮੁੜੀਏ। ਗੁਰੂ ਸਾਹਿਬ ਅੰਗ ਸੰਗ ਸਹਾਈ ਹੋਣਗੇ। 

 

ਸੰਪਾਦਕ