ਬਾਦਲ ਦਲ ਵੱਲੋਂ ਕੈਪਟਨ ਸਰਕਾਰ ਖ਼ਿਲਾਫ਼ ‘ਚਾਰਜ਼ਸ਼ੀਟ’ ਜਾਰੀ

ਬਾਦਲ ਦਲ ਵੱਲੋਂ ਕੈਪਟਨ ਸਰਕਾਰ ਖ਼ਿਲਾਫ਼ ‘ਚਾਰਜ਼ਸ਼ੀਟ’ ਜਾਰੀ

 100 ਦਿਨ ਪੰਜਾਬ ਦੀ ਯਾਤਰਾ ਕਰੇਗਾ

ਅੰਮ੍ਰਿਤਸਰ ਟਾਈਮਜ਼ ਬਿਉਰੋ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਸਿਰੇ ਦੀ ਭ੍ਰਿਸ਼ਟ ਤੇ ਨਿਕੰਮੀ ਕਰਾਰ ਦਿੰਦਿਆਂ ਸਰਕਾਰ ਦੇ ਖ਼ਿਲਾਫ਼ ਚਾਰਜਸ਼ੀਟ ਜਾਰੀ ਕੀਤੀ ਹੈ। ਉਨ੍ਹਾਂ ਨੇ 100 ਦਿਨ ਪੰਜਾਬ ਯਾਤਰਾ ਕਰਕੇ ਰਾਜ ਦੇ ਹਰ ਪਿੰਡ ਤੇ ਸ਼ਹਿਰ ਦੇ ਲੋਕਾਂ ਤੱਕ ਪਹੁੰਚ ਕਰਨ ਦਾ ਐਲਾਨ। ਬਾਦਲ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦੇ ਦੁੱਖ ਦਰਦ ਸੁਣਨ ਲਈ ਪੰਜਾਬ ਦੇ ਕਿਸੇ ਪਿੰਡ ਜਾਂ ਸ਼ਹਿਰ ਜਾਣਾ ਤਾਂ ਦੂਰ ਮੁੱਖ ਮੰਤਰੀ ਆਪਣੇ ਘਰ ਤੋਂ ਨਿਕਲ ਕੇ ਦਫਤਰ ਤੱਕ ਨਹੀਂ ਗਏ। ਸਿਹਤ ਮੰਤਰੀ ਬਲਬੀਰ ਸਿੰਘ ਮੁਹਾਲੀ ਵਿੱਚ ਕਰੋੜਾਂ ਰੁਪਏ ਦੀ ਪੰਚਾਇਤੀ ਜ਼ਮੀਨ ਕਥਿਤ ਤੌਰ ’ਤੇ ਹੜੱਪਣ ਲਈ ਗੈਰ ਕਾਨੂੰਨੀ ਤੌਰ ਤਰੀਕੇ ਅਪਣਾ ਰਹੇ ਹਨ। ਸਾਧੂ ਸਿੰਘ ਧਰਮਸੋਤ ਵਜ਼ੀਫਾ ਰਾਸ਼ੀ ਹੜੱਪ ਕਰਨ ਦੇ ਦੋਸ਼ਾਂ ’ਚ ਘਿਰੇ ਹੋਏ ਹਨ। ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਸਰਕਾਰੀ ਜ਼ਮੀਨਾਂ ਕਥਿਤ ਤੌਰ ’ਤੇ ਵੇਚ ਰਹੇ ਹਨ। ਕਾਂਗਰਸ ਸਰਕਾਰ ਨੇ ਭ੍ਰਿਸ਼ਟਾਚਾਰ ਤੇ ਘਪਲਿਆ ਤੋਂ ਬਿਨਾਂ ਕੁੱਝ ਵੀ ਨਹੀਂ ਕੀਤਾ। ਸ੍ਰੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਆਉਣ ’ਤੇ ਕਾਂਗਰਸ ਦੇ ਮੰਤਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੰਜਾਬੀਆਂ ਲਈ ਸਭ ਤੋਂ ਵੱਧਾ ਧੋਖੇਬਾਜ਼ ਅਰਵਿੰਦ ਕੇਜਰੀਵਾਲ ਹੈ, ਜੋ ਸਿੱਖ ਨੂੰ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਤਾਂ ਕਰਦਾ ਹੈ ਪਰ ਦਿੱਲੀ ਵਿੱਚ ਇੱਕ ਵੀ ਸਿੱਖ ਨੂੰ ਕੋਈ ਅਹੁਦਾ ਨਹੀਂ ਦਿੱਤਾ। ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਜਨਤਾ ਦੇ ਸੁਝਾਅ ਅਤੇ ਰਣਨੀਤੀ ਬਣਾਉਣ ਲਈ 100 ਦਿਨਾਂ ਦੀ ਪੰਜਾਬ ਯਾਤਰਾ ਕੀਤੀ ਜਾਵੇਗੀ।