ਤਾਲਿਬਾਨ ਨੇ ਹਿੰਦੂ-ਸਿੱਖਾਂ ਨੂੰ ਦਿੱਤਾ ਸੁਰੱਖਿਆ ਦਾ ਭਰੋਸਾ-ਰਵੇਲ ਸਿੰਘ   

 ਤਾਲਿਬਾਨ ਨੇ ਹਿੰਦੂ-ਸਿੱਖਾਂ ਨੂੰ ਦਿੱਤਾ ਸੁਰੱਖਿਆ ਦਾ ਭਰੋਸਾ-ਰਵੇਲ ਸਿੰਘ   

*ਮੋਦੀ ਵਲੋਂ ਅਫਗਾਨਿਸਤਾਨ ਤੋਂ ਸਿੱਖਾਂ ਤੇ ਹਿੰਦੂਆਂ ਨੂੰ ਸੁਰੱਖਿਅਤ ਭਾਰਤ ਲਿਆਉਣ ਦੇ ਨਿਰਦੇਸ਼

*ਅਫ਼ਗਾਨੀ ਸਿੱਖਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਵੇਗਾ- ਚੀਫ਼ ਖ਼ਾਲਸਾ ਦੀਵਾਨ

ਅੰਮ੍ਰਿਤਸਰ ਟਾਈਮਜ਼ ਬਿਉਰੋ

ਅੰਮਿ੍ਤਸਰ-ਅਫ਼ਗਾਨਿਸਤਾਨ 'ਤੇ ਤਾਲਿਬਾਨ ਦੇ ਹੋਏ ਕਬਜ਼ੇ ਤੋਂ ਬਾਅਦ ਉੱਥੇ ਰਹਿ ਰਹੇ ਹਿੰਦੂ-ਸਿੱਖ ਅਫ਼ਗਾਨ ਨਾਗਰਿਕਾਂ ਵਲੋਂ ਲੰਘੇ ਦਿਨ ਇਹ ਬਿਆਨ ਜਾਰੀ ਕੀਤਾ ਗਿਆ ਸੀ ਕਿ ਇਲਾਕੇ 'ਚ ਹੋਈਆਂ ਲੁੱਟ-ਖਸੁੱਟ ਦੀਆਂ ਵਾਰਦਾਤਾਂ ਕਾਰਨ ਉਹ ਪਹਿਲਾਂ ਸਹਿਮੇ ਹੋਏ ਸਨ, ਜਦਕਿ ਹੁਣ ਕੁਝ ਤਾਲਿਬਾਨ ਆਗੂਆਂ ਨੇ ਉਨ੍ਹਾਂ ਨਾਲ ਬੈਠਕ ਕਰਕੇ ਨਾ ਸਿਰਫ਼ ਉਨ੍ਹਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਹੈ, ਸਗੋਂ ਆਪਣੇ ਫ਼ੋਨ ਨੰਬਰ ਉਨ੍ਹਾਂ ਨੂੰ ਦੇ ਕੇ ਇਹ ਵੀ ਕਿਹਾ ਕਿ ਕੋਈ ਵੀ ਮੁਸੀਬਤ ਆਉਣ 'ਤੇ ਉਹ ਤਾਲਿਬਾਨ ਦੇ ਸੁਰੱਖਿਆ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ । ਇਸ ਬਿਆਨ ਦੇ ਬਾਅਦ ਅਫ਼ਗਾਨਿਸਤਾਨ ਦੇ ਗੁਰਦੁਆਰਾ ਕਰਤਾ-ਏ-ਪਰਵਾਨ ਤੋਂ ਅਫ਼ਗਾਨ ਸਿੱਖ ਭਾਈਚਾਰੇ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਹੈ ਕਿ ਤਾਲਿਬਾਨ ਦੇ ਹਮਲਿਆਂ ਨਾਲ ਉਹ ਬਹੁਤ ਡਰੇ ਹੋਏ ਹਨ ਅਤੇ ਕਿਸੇ ਵੀ ਸਮੇਂ ਉਨ੍ਹਾਂ ਲਈ ਹਾਲਾਤ ਬਦਤਰ ਹੋ ਸਕਦੇ ਹਨ । ਉਨ੍ਹਾਂ ਦਾ ਕਹਿਣਾ ਸੀ ਕਿ ਤਾਲਿਬਾਨ ਰਾਜ ਅਤੇ ਦੂਜੀ ਸਰਕਾਰ ਦੌਰਾਨ ਸਿੱਖਾਂ ਅਤੇ ਹਿੰਦੂਆਂ ਨੂੰ ਕੋਈ ਕੁਝ ਨਹੀਂ ਕਹਿੰਦਾ, ਪਰ ਜਦੋਂ ਵੀ ਜੰਗ ਜਾਂ ਝਗੜਾ ਹੁੰਦਾ ਹੈ ਤਾਂ ਉਸ ਹਾਲਾਤ ਨਾਲ ਹਿੰਦੂਆਂ ਤੇ ਸਿੱਖਾਂ ਨੂੰ ਵੀ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਉਕਤ ਗੁਰਦੁਆਰਾ ਸਾਹਿਬ 'ਚ ਕੁਲ 285 ਅਫ਼ਗਾਨ ਹਿੰਦੂ ਅਤੇ ਸਿੱਖ ਰਹਿ ਰਹੇ ਹਨ । ਉਹਨਾਂ ਕਿਹਾ ਕਿ ਭਾਵੇਂ ਕਿ ਤਾਲਿਬਾਨ ਦੇ ਆਗੂਆਂ ਨੇ ਗੁਰਦੁਆਰੇ ਵਿਚ ਆ ਕੇ ਹਿੰਦੂ- ਸਿੱਖਾਂ ਦੇ ਨੂੰ ਸੁਰੱਖਿਆ ਦਾ ਭਰੋਸਾ ਵੀ ਦੁਆਇਆ ਹੈ। ਪਰ ਡਰ ਕਾਰਨ ਲੋਕ ਉੱਥੋਂ ਨਿਕਲਣਾ ਚਾਹੁੰਦੇ ਹਨ।ਇਸ ਦੇ ਨਾਲ ਹੀ ਉਨ੍ਹਾਂ ਪਰਵਾਸੀ ਸਿੱਖ ਭਾਈਚਾਰੇ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਸੁਰੱਖਿਆ ਲਈ ਪੱਕੇ ਤੌਰ 'ਤੇ ਉਨ੍ਹਾਂ ਦੀ ਰਿਹਾਇਸ਼ ਦਾ ਪ੍ਰਬੰਧ ਅਮਰੀਕਾ ਜਾਂ ਕੈਨੇਡਾ 'ਚ ਕੀਤਾ ਜਾਵੇ ।   ਅਫ਼ਗਾਨਿਸਤਾਨ ਦੇ ਸ਼ਹਿਰ ਜਲਾਲਾਬਾਦ ਦੇ ਵਸਨੀਕ ਰਵੇਲ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਇਲਾਕੇ 'ਚ ਹੋਈਆਂ ਲੁੱਟ-ਖਸੁੱਟ ਦੀਆਂ ਵਾਰਦਾਤਾਂ ਕਾਰਨ ਅਫ਼ਗਾਨ ਹਿੰਦੂ ਤੇ ਸਿੱਖ ਸਹਿਮੇ ਹੋਏ ਸਨ, ਜਦਕਿ ਅੱਜ ਕੁਝ ਤਾਲਿਬਾਨ ਆਗੂਆਂ ਨੇ ਉਨ੍ਹਾਂ ਨਾਲ ਬੈਠਕ ਕਰ ਕੇ ਨਾ ਸਿਰਫ਼ ਉਨ੍ਹਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ, ਸਗੋਂ ਆਪਣੇ ਫ਼ੋਨ ਨੰਬਰ ਉਨ੍ਹਾਂ ਨੂੰ ਦੇ ਕੇ ਇਹ ਵੀ ਕਿਹਾ ਕਿ ਕੋਈ ਵੀ ਮੁਸੀਬਤ ਆਉਣ 'ਤੇ ਉਹ ਤਾਲਿਬਾਨ ਦੇ ਸੁਰੱਖਿਆ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ। ਜਲਾਲਾਬਾਦ ਦੇ ਹੀ ਮਨਮੀਤ ਸਿੰਘ ਨੇ ਦੱਸਿਆ ਕਿ ਅਫ਼ਗਾਨਿਸਤਾਨ 'ਚ ਮੌਜੂਦਾ ਸਮੇਂ ਕੁਲ 19-20 ਸਿੱਖ ਪਰਿਵਾਰ ਰਹਿ ਰਹੇ ਹਨ। ਜਿਨ੍ਹਾਂ ਦੀ ਆਬਾਦੀ 150 ਤੋਂ ਵੀ ਘੱਟ ਹੈ, ਜਦਕਿ ਹਿੰਦੂ ਭਾਈਚਾਰੇ ਦੀ ਗਿਣਤੀ 65 ਤੋਂ 70 ਦੇ ਵਿਚਕਾਰ ਹੈ। ਉਨ੍ਹਾਂ ਦੱਸਿਆ ਕਿ ਸਿੱਖ ਗੁਰਦੁਆਰਾ ਕਰਤਾ-ਏ-ਪਰਵਾਨ ਅਤੇ ਆਪਣੇ ਘਰਾਂ 'ਚ ਟਿਕੇ ਹੋਏ ਹਨ, ਜਦਕਿ ਜ਼ਿਆਦਾਤਰ ਹਿੰਦੂ ਪਰਿਵਾਰ ਜਲਾਲਾਬਾਦ ਸ਼ਹਿਰ ਦੇ ਆਸਾਮਾਈ ਮੰਦਰ 'ਚ ਅਸਥਾਈ ਤੌਰ 'ਚ ਰਹਿ ਰਹੇ ਹਨ।                                                       

ਮੋਦੀ ਸਰਕਾਰ ਸਰਗਰਮ 

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਅਫ਼ਗਾਨਿਸਤਾਨ ਵਿਚ ਫਸੇ ਸਾਰੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਲਿਆਂਦਾ ਜਾਵੇ ਅਤੇ ਜੋ ਵੀ ਅਫ਼ਗਾਨ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕ ਭਾਰਤ ਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸ਼ਰਨ ਦਿੱਤੀ ਜਾਵੇ । ਪ੍ਰਧਾਨ ਮੰਤਰੀ ਨੇ ਇਹ ਨਿਰਦੇਸ਼ ਇਕ ਉੱਚ ਪੱਧਰੀ ਬੈਠਕ ਦੀ ਅਗਵਾਈ ਕਰਦੇ ਹੋਏ ਦਿੱਤੇ  ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਭਾਰਤੀ ਅਧਿਕਾਰੀ ਅਫ਼ਗਾਨਿਸਤਾਨ 'ਤੇ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਕਾਬੁਲ ਨੇੜੇ ਇਕ ਗੁਰਦੁਆਰੇ 'ਚ ਸ਼ਰਨ ਲੈਣ ਵਾਲੇ ਸਿੱਖਾਂ ਦੇ ਸਮੂਹ ਸੰਪਰਕ 'ਚ ਹਨ ਅਤੇ ਉਨ੍ਹਾਂ ਨੂੰ ਜਲਦੀ ਭਾਰਤ ਲਿਆਂਦਾ ਜਾਵੇਗਾ । ਭਾਜਪਾ ਦੇ ਲੋਕ ਸਭਾ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਅਫਗਾਨਿਸਤਾਨ 'ਚ ਫਸੇ ਸਿੱਖਾਂ ਦੀ ਮਦਦ ਕਰਨ ਲਈ ਸ: ਪੁਰੀ ਤੱਕ ਪਹੁੰਚ ਕੀਤੀ ਸੀ ਅਤੇ ਉਨ੍ਹਾਂ ਇਹ ਮੁੱਦਾ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਕੋਲ ਉਠਾਇਆ ਹੈ । ਇਸ ਦੌਰਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਨੇ  ਅਫ਼ਗਾਨਿਸਤਾਨ ਦੇ ਮੌਜੂਦਾ ਹਾਲਾਤ ਅਤੇ ਉੱਥੇ ਫਸੇ ਭਾਰਤੀਆਂ ਅਤੇ ਖ਼ਾਸ ਕਰਕੇ ਸਿੱਖਾਂ ਦੀ ਦੇਸ਼ ਵਾਪਸੀ ਲਈ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਗੱਲਬਾਤ ਕੀਤੀ।ਇਸ ਦੌਰਾਨ ਜਥੇਦਾਰ ਗੌਹਰ ਨੇ ਆਖਿਆ ਕਿ ਅਫ਼ਗਾਨਿਸਤਾਨ ਵਿੱਚ ਜੇ ਕੋਈ ਵੀ ਸਿੱਖ ਜਾਂ ਹਿੰਦੂ ਪਰਿਵਾਰ ਫਸਿਆ ਹੋਇਆ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅਫ਼ਗਾਨਿਤਾਨ ਵਿੱਚ ਰਹਿ ਰਹੇ ਘੱਟ ਗਿਣਤੀ ਸਿੱਖ ਅਤੇ ਭਾਰਤੀ ਪਰਿਵਾਰਾਂ ਤੋਂ ਇਲਾਵਾ ਗੁਰਧਾਮਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਮੁੜ ਅਪੀਲ ਕੀਤੀ ਹੈ।    ਚੀਫ਼ ਖਾਲਸਾ ਦੀਵਾਨ ਨੇ ਐਲਾਨ ਕੀਤਾ ਹੈ ਕਿ ਅਫ਼ਗਾਨਿਸਤਾਨ ਵਿੱਚ ਫਸੇ ਸਿੱਖ ਪਰਿਵਾਰਾਂ ਦੇ ਭਾਰਤ ਆਉਣ ’ਤੇ ਇਨ੍ਹਾਂ ਦੇ ਬੱਚਿਆਂ ਨੂੰ ਸਿੱਖ ਸੰਸਥਾ ਦੇ ਪ੍ਰਬੰਧ ਹੇਠ ਚੱਲ ਰਹੇ ਸਕੂਲਾਂ ਵਿੱਚ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ। ਕਾਂਗਰਸ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਅਫ਼ਗਾਨਿਸਤਾਨ ਵਿਚ ਬਚੇ-ਖੁਚੇ ਹਿੰਦੂ-ਸਿੱਖਾਂ ਨੂੰ ਜਲਦ ਭਾਰਤ ਲਿਆਂਦਾ ਜਾਵੇ। 

ਜਥੇਦਾਰ ਅਕਾਲ ਤਖ਼ਤ ਅਫਗਾਨੀ ਸਿਖਾਂ ਬਾਰੇ ਚਿੰਤਤ

     *ਫਾਰਸੀ ਅਰਬੀ ਭਾਸ਼ਾਵਾਂ ਸੇਵਾਵਾਂ ਵਿਚ ਨਿਪੁੰਨ ਅਫ਼ਗਾਨਿਸਤਾਨੀ ਸਿੱਖਾਂ ਦੀ ਇਤਿਹਾਸ ਨੂੰ ਲੱਭਣ ਤੇ ਉੱਲਥਾ ਕਰਨ ਵਿੱਚ ਸਹਿਯੋਗ ਲਵੇ  ਸ਼੍ਰੋਮਣੀ  ਕਮੇਟੀ ਤੇ ਦਿੱਲੀ ਗੁਰਦੁਆਰਾ  ਕਮੇਟੀ   ਅੰਮ੍ਰਿਤਸਰ  ਅਫਗਾਨਿਸਤਾਨ 'ਚ ਤਾਲਿਬਾਨ ਦੀ ਵਾਪਸੀ ਕਾਰਣ ਬਣੇ ਹਾਲਾਤ ਦੌਰਾਨ  ਅਕਾਲ ਸਾਹਿਬ ਦੇ  ਜਥੇਦਾਰ  ਗਿਆਨੀ ਹਰਪ੍ਰੀਤ ਸਿੰਘ ਨੇ ਅਫ਼ਗ਼ਾਨਿਸਤਾਨ ਦੇ ਸਿੱਖ ਭਾਈਚਾਰੇ ਦੀ ਸੁਰੱਖਿਆ ਤੇ ਗੁਰਦੁਆਰਾ ਸਾਹਿਬਾਨ ਦੀ ਸਾਂਭ ਸੰਭਾਲ ਪ੍ਰਤੀ ਚਿੰਤਾ ਪ੍ਰਗਟ ਕੀਤੀ ਹੈ । ਉਨ੍ਹਾਂ ਨੇ ਭਾਰਤ ਸਮੇਤ ਦੁਨੀਆ ਭਰ ਦੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਫ਼ਗ਼ਾਨਿਸਤਾਨ ਦੇ ਸਿੱਖਾਂ ਤੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਯਤਨ ਆਰੰਭਣ ਦੀ ਅਪੀਲ ਕੀਤੀ । ਸਿੰਘ ਸਾਹਿਬ ਨੇ ਕਿਹਾ ਕਿ ਭਾਵੇਂ ਅਫ਼ਗ਼ਾਨਿਸਤਾਨ ਤੋਂ ਬਹੁਤ ਸਾਰੇ ਸਿੱਖ ਕੈਨੇਡਾ, ਅਮਰੀਕਾ ਤੇ ਹੋਰ ਦੇਸ਼ਾਂ ਦੇ ਨਾਲ-ਨਾਲ ਦਿੱਲੀ ਵਿਚ ਵੱਸ ਚੁੱਕੇ ਹਨ ਪਰ ਕੁਝ ਪਰਿਵਾਰ ਅਜੇ ਵੀ ਅਫ਼ਗ਼ਾਨਿਸਤਾਨ ਵਿਚ ਰਹਿ ਰਹੇ ਹਨ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਚ ਸ਼ਰਨ ਲੈਂਦਿਆਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।  ਸਿੰਘ ਸਾਹਿਬ ਨੇ ਕਿਹਾ ਕਿ ਅਫ਼ਗਾਨਿਸਤਾਨੀ ਸਿੱਖਾਂ ਦੀ ਫਾਰਸੀ ਅਰਬੀ ਤੇ ਚੰਗੀ ਪਕੜ ਹੈ। ਉਨ੍ਹਾਂ ਦੀਆਂ ਸੇਵਾਵਾਂ ਇਤਿਹਾਸ ਨੂੰ ਲੱਭਣ ਅਤੇ ਉੱਲਥਾ ਕਰਨ ਵਿੱਚ ਲਈ ਜਾ ਸਕਦੀ ਹੈ ਜਿਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।ਉਧਰ ਦੂਜੇ ਪਾਸੇ 3 ਦਿਨਾਂ ਕਸ਼ਮੀਰ ਦੌਰੇ ਤੋਂ ਵਾਪਸ ਆਏ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕਸ਼ਮੀਰ ਵਿਖੇ 5 ਧਾਰਮਿਕ ਸਮਾਗਮ ਕੀਤੇ, ਜਿੱਥੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਕਸ਼ਮੀਰੀ ਸਿੱਖ ਕੁੜੀਆਂ ਨੂੰ ਵੱਡੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰਕੇ ਬਹੁਤ ਸਾਰੀਆਂ ਕੁੜੀਆਂ ਨੇ ਪੜ੍ਹਾਈ ਛੱਡ ਦਿੱਤੀ ਪਰ ਹੁਣ ਸ਼੍ਰੋਮਣੀ ਕਮੇਟੀ ਨੇ 100 ਕਸ਼ਮੀਰੀ ਕੁੜੀਆਂ ਨੂੰ ਦਮਦਮਾ ਸਾਹਿਬ ਵਿਖੇ ਮੁਫ਼ਤ ਪੜ੍ਹਾਈ ਕਰਵਾਉਣ ਦਾ ਸ਼ਲਾਘਾਯੋਗ ਕੰਮ ਕੀਤਾ ਹੈ।ਉਨ੍ਹਾਂ ਵਿਦੇਸ਼ੀ ਸਿੱਖਾਂ ਨੂੰ ਕਸ਼ਮੀਰੀ ਸਮੇਤ ਕਈ ਰਾਜਾਂ ਵਿੱਚ ਮੁਸਕਲਾਂ ਕੱਟ ਰਹੇ ਸਿੱਖ ਭਾਈਚਾਰੇ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।