ਮਾਮਲਾ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੇ ਧਰਮ ਪਰਿਵਰਤਨ ਨੂੰ ਰੋਕਣ ਦਾ   ਜਥੇਦਾਰ ਅਕਾਲ ਤਖਤ ਵਲੋਂ ਅਪੀਲ ਪੰਥ ਲਾਮਬੰਦ ਹੋਵੇ 

ਮਾਮਲਾ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੇ ਧਰਮ ਪਰਿਵਰਤਨ ਨੂੰ ਰੋਕਣ ਦਾ   ਜਥੇਦਾਰ ਅਕਾਲ ਤਖਤ ਵਲੋਂ ਅਪੀਲ ਪੰਥ ਲਾਮਬੰਦ ਹੋਵੇ 

ਅੰਮ੍ਰਿਤਸਰ ਟਾਈਮਜ਼ ਬਿਉਰੋ

ਅੰਮਿ੍ਤਸਰ -ਪਾਵਨ ਸਰੂਪਾਂ ਦੀ ਬੇਅਦਬੀ ਅਤੇ ਧਰਮ ਪਰਿਵਰਤਨ ਦੀਆਂ ਵਾਪਰ ਰਹੀਆਂ ਘਟਨਾਵਾਂ 'ਤੇ ਵਿਚਾਰ ਚਰਚਾ ਕਰਨ ਲਈ  ਜਥੇਦਾਰ ਅਕਾਲ ਤਖ਼ਤ  ਹਰਪ੍ਰੀਤ ਸਿੰਘ ਵਲੋਂ ਸਿੰਘ ਸਾਹਿਬਾਨ, ਪੰਥਕ ਜਥੇਬੰਦੀਆਂ, ਸਿੱਖ ਸੰਪਰਦਾਵਾਂ ਤੇ ਸਿੱਖ ਬੁੱਧੀਜੀਵੀਆਂ ਦੀ ਬੁਲਾਈ ਇਕੱਤਰਤਾ ਦੌਰਾਨ ਪਾਸ ਕੀਤੇ ਮਤੇ 'ਚ ਸਮੁੱਚੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਬੇਅਦਬੀਆਂ ਵਰਗੇ ਘੋਰ ਅਪਰਾਧ ਦੇ ਦੋਸ਼ੀਆਂ ਨੂੰ ਪਛਾਣ ਕੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਲਈ ਸਾਂਝੀ ਪੰਥਕ ਲਾਮਬੰਦੀ ਕੀਤੀ ਜਾਏ, ਧਰਮ ਪਰਿਵਰਤਨ ਵਰਗੇ ਮਾਮਲਿਆਂ ਦੀ ਰੋਕਥਾਮ ਲਈ ਪਿੰਡਾਂ ਵਿਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਿਸ਼ੇਸ਼ ਯਤਨ ਕੀਤੇ ਜਾਣ ।ਇਕੱਤਰਤਾ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼ੋ੍ਰਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਤੇ ਹੋਰ ਸਿੱਖ ਜਥੇਬੰਦੀਆਂ ਦੇ ਮੁਖੀਆਂ, ਪ੍ਰਤੀਨਿਧਾਂ ਤੋਂ ਇਲਾਵਾ ਸਾਬਕਾ ਆਈ. ਜੀ. ਰਣਵੀਰ ਸਿੰਘ ਖਟੜਾ, ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ, ਡਾ: ਐਸ. ਪੀ. ਸਿੰਘ ਸਮੇਤ ਹੋਰ ਬੁੱਧਜੀਵੀ ਵੀ ਹਾਜ਼ਰ ਸਨ ।ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਦਾ ਸਤਿਕਾਰ ਅਦਬ ਕਰਵਾੳਣਾ ਸਾਡਾ ਫਰਜ਼ ਹੈ ਪਰ ਇਸ ਲਈ ਸਾਨੂੰ ਸੰਕੀਰਨਤਾ ਛੱਡ ਕੇ ਤਰੀਕਾ ਸੰਵਾਦ ਤੇ ਵਿਚਾਰ ਚਰਚਾ ਦਾ ਆਪਨਾਉਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਬੇਅਦਬੀ ਤੇ ਧਰਮ ਪਰਿਵਰਤਨ ਦੀਆਂ ਵਾਪਰ ਰਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਸਿੱਖ ਜਥੇਬੰਦੀਆਂ ਨੂੰ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਪੁਰਾਤਨ ਸਮਿਆਂ ਵਾਂਗ ਪਿੰਡਾਂ ਵਿਚ ਜਾਣਾ ਚਾਹੀਦਾ ਹੈ ।ਇਸ ਇਕੱਤਰਤਾ ਦੌਰਾਨ ਪਿਛਲੇ ਸਮੇਂ ਦੌਰਾਨ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਵਿਸਥਾਰਤ ਜਾਣਕਾਰੀ ਸਾਬਕਾ ਆਈ. ਜੀ. ਤੇ ਪਹਿਲੀ ਸਿਟ ਦੇ ਮੁਖੀ ਰਹੇ ਰਣਬੀਰ ਸਿੰਘ ਖੱਟੜਾ ਨੇ ਦਿੱਤੀ । ਜਥੇਦਾਰ ਰਘਬੀਰ ਸਿੰਘ, ਜਥੇ: ਬਲਬੀਰ ਸਿੰਘ 96 ਕਰੋੜੀ, ਸਿੱਖ ਚਿੰਤਕ ਭਾਈ ਹਰਸਿਮਰਨ ਸਿੰਘ, ਪਿ੍ੰਸੀਪਲ ਰਾਮ ਸਿੰਘ, ਬੀਬੀ ਕਿਰਨਜੋਤ ਕੌਰ ਮੈਂਬਰ ਸ਼ੋ੍ਰਮਣੀ ਕਮੇਟੀ, ਭਾਈ ਰਾਮ ਸਿੰਘ ਮੁਖੀ ਦਮਦਮੀ ਟਕਸਾਲ ਸੰਗਰਾਵਾਂ, ਸੰਤ ਕਰਮਜੀਤ ਸਿੰਘ ਸੇਵਾ ਪੰਥੀ, ਸੰਤ ਤੇਜਾ ਸਿੰਘ ਐਮ. ਏ. ਸਮੇਤ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਵੀ ਵਿਚਾਰ ਪੇਸ਼ ਕੀਤੇ । ਕਈ ਬੁਲਾਰਿਆਂ ਨੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸਰਕਾਰਾਂ ਤੋਂ ਆਸ ਰੱਖਣ ਦੀ ਥਾਂ ਅਕਾਲ ਤਖ਼ਤ ਸਾਹਿਬ ਤੋਂ ਸਖ਼ਤ ਆਦੇਸ਼ ਜਾਰੀ ਕਰਨ ਦੀ ਮੰਗ ਕੀਤੀ।

ਜਥੇਦਾਰ ਜੀ ਸਚ ਸਾਹਮਣੇ ਲਿਆਉ ' : ਪੰਥਕ ਤਾਲਮੇਲ ਸੰਗਠਨ

ਪੰਥਕ ਤਾਲਮੇਲ ਸੰਗਠਨ' ਨੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸੱਦੀ ਇਕੱਤਰਤਾ'ਤੇ ਪ੍ਰਤੀਕਰਮ ਦਿੱਤਾ ਹੈ। ਸੰਗਠਨ ਮੁਤਾਬਕ ਇਕੱਤਰਤਾ ਤੋਂ ਪਹਿਲਾਂ ਕੀਤੀ ਕਾਨਫ਼ਰੰਸ ਤੋਂ ਜ਼ਾਹਰ ਹੁੰਦਾ ਹੈ ਕਿ ਸ੍ਰੀ ਗੁਰੂ ਗ੍ੰਥ ਸਾਹਿਬ ਦੇ ਮੁੱਦੇ 'ਤੇ ਸਿਆਸਤ ਨਾ ਕਰਨ ਦਾ ਆਦੇਸ਼ ਕੀਤਾ ਜਾਵੇਗਾ, ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ ਪਰ ਸੱਚ ਸਾਹਮਣੇ ਲਿਆਉਣ ਦੀ ਵੀ ਲੋੜ ਹੈ।ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿ. ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਦਮਦਮਾ ਸਾਹਿਬ, ਕੋ-ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਪੰਥਕ ਅਸੈਂਬਲੀ ਦੇ ਆਗੂ ਸੁਖਦੇਵ ਸਿੰਘ ਭੌਰ ਸਾਬਕਾ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ ਅਤੇ ਨਵਕਿਰਨ ਸਿੰਘ ਐਡਵੋਕੇਟ ਨੇ ਸਵਾਲ ਕੀਤਾ ਕਿ ਕੀ ਭਾਈ ਗੁਰਮੁਖ ਸਿੰਘ ਨੂੰ ਸੱਚ ਦੇ ਸਾਹਮਣੇ ਤੋਂ ਸੁਰੱਖਿਅਤ ਰਹਿਣ ਲਈ ਅਕਾਲ ਤਖ਼ਤ ਦਾ ਮੁੱਖ ਗ੍ੰਥੀ ਨਹੀਂ ਥਾਪਿਆ ਹੋਇਆ?ਕੀ ਉਸ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ'ਤੇ ਇਲਜ਼ਾਮ ਨਹੀਂ ਲਾਏ ਸਨ ਕਿ ਸਿਰਸਾ ਵਾਲੇ ਸਾਧ ਨੂੰ ਮਾਫ਼ ਕਰਨ ਵਿਚ ਅਕਾਲ ਤਖ਼ਤ ਦੀ ਦੁਰਵਰਤੋਂ ਕੀਤੀ ਗਈ ਸੀ? ਗਿਆਨੀ ਇਕਬਾਲ ਸਿੰਘ ਪਟਨਾ ਸਾਹਿਬ ਵੱਲੋਂ ਖ਼ੁਲਾਸਾ ਕਿ ਡੇਰਾ ਮੁਖੀ ਨੂੰ ਮਾਫ਼ੀ ਦਾ ਲਫਜ਼ ਅਕਾਲ ਤਖ਼ਤ ਦੇ ਕੰਪਿਊਟਰ' ਤੇ ਬੈਠ ਕੇ ਪਾਇਆ ਗਿਆ ਇਸ ਨੂੰ ਕੌਣ ਤਸਦੀਕ ਕਰੇਗਾ?ਤਰਲੋਚਨ ਸਿੰਘ ਘੱਟ-ਗਿਣਤੀ ਕਮਿਸ਼ਨ ਨੇ ਕੁੰਵਰ ਵਿਜੈ ਪ੍ਰਤਾਪ ਵਾਲੀ ਐੱਸਆਈਟੀ ਕੋਲ ਬਿਆਨ ਦਰਜ ਕਰਵਾਇਆ ਸੀ ਕਿ ਮਾਫ਼ੀ ਵਾਲੀ ਚਿੱਠੀ ਉਸ ਨੇ ਲਿਖੀ ਸੀ ਤੇ ਸੁਖਬੀਰ ਦੇ ਕਹਿਣ 'ਤੇ ਸਵਾਮੀ ਅਗਨੀਵੇਸ਼ ਰਾਹੀਂ ਗੁਰਮੀਤ ਰਾਮ ਰਹੀਮ ਕੋਲ ਭੇਜੀ ਸੀ, ਇਹ ਤੱਥ ਕਿਉਂ ਛੁਪੇ ਹੋਏ ਹਨ?

        ਅੰਮ੍ਰਿਤਸਰ ਟਾਈਮਜ ਦਾ ਪਖ ਹੈ ਕਿ ਇਹ ਪੰਥਕ ਮੀਟਿੰਗ ਯੋਗ ਕਦਮ ਹੈ।ਪਰ ਅਜੇ ਬਹੁਤ ਮੁਦੇ ਇਸ ਵਿਸ਼ੇ ਬਾਰੇ ਲੁਕੇ ਹਨ ਜੋ ਪੰਥਕ ਤਾਲਮੇਲ ਸੰਗਠਨ ਨੇ ਉਠਾਏ ਹਨ ਉਹਨਾਂ ਨੂੰ ਸਾਹਮਣੇ ਲਿਆਉਣ ਦੀ ਲੋੜ ਹੈ ਤਾਂਂ ਜੋ  ਦੋਸ਼ੀਆਂ ਦਾ ਪਰਦਾਫਾਸ਼ ਹੋ ਸਕੇ।