ਕਾਂਗਰਸ ’ਚ ਸਿਧੂ ਦੇ ਹੰਕਾਰ ਕਾਰਣ ਪੰਜਾਬ ਵਿਚ ਪਛੜ ਸਕਦੀ ਏ 

ਕਾਂਗਰਸ ’ਚ ਸਿਧੂ ਦੇ ਹੰਕਾਰ ਕਾਰਣ ਪੰਜਾਬ ਵਿਚ ਪਛੜ ਸਕਦੀ ਏ 

* ਕੈਪਟਨ ਨੇ ਸਿਆਸੀ ਸੂਝ ਦਿਖਾਈ; ਨਵਜੋਤ ਸਿੱਧੂ ਅਹੁਦੇ ਦੀ ਮਰਿਆਦਾ ਭੁੱਲੇ 

*ਕਿਸਾਨ ਵੀ ਸਿਧੂ ਤੋ ਨਰਾਜ਼

ਅੰਮ੍ਰਿਤਸਰ ਟਾਈਮਜ਼ ਬਿਉਰੋ

ਚੰਡੀਗੜ੍ਹ:ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ ਦੇ ਹੰਕਾਰ ਕਾਰਣ ਸਿਧੂ ਦੀ ਮੁੱਖ ਮੰਤਰੀ ਅਮਰਿੰਦਰ ਸਿੰਘ ਦਰਮਿਆਨ  ਦਿਲਾਂ ਦੀ ਦੂਰੀ ਹੋਈ ਹੈ । ਤਾਜਪੋਸ਼ੀ ਸਮਾਗਮ ਜਿਥੇ ਕਾਂਗਰਸ ਪਾਰਟੀ ਦੀ ਅੰਦਰਲੀ ਪਾਟੋਧਾੜ ਨੂੰ ਬਾਹਰੋਂ ‘ਸਭ ਅੱਛਾ’ ਹੋਣ ਦਾ ਸੰਕੇਤ ਦੇ ਗਈ, ਉਥੇ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ’ਚ ਅੰਦਰਲੀ ਖਿੱਚੋਤਾਣ ਵੀ ਢਕੀ ਨਹੀਂ ਰਹਿ ਸਕੀ। ਭਾਵੇਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਿਆਸੀ ਸੂਝ ਦਿਖਾਉਂਦੇ ਹੋਏ ਹਾਈਕਮਾਨ ਸਾਹਮਣੇ ਆਪਣਾ ਪੱਲਾ ਬੋਚ ਲਿਆ ਹੈ। ਸਮਾਗਮਾਂ ਨੂੰ ਸਮੁੱਚਤਾ ’ਚ ਦੇਖੀਏ ਤਾਂ ਨਵਜੋਤ ਸਿੱਧੂ ਸਮਾਰੋਹਾਂ ਵਿੱਚ ਤਾਂ ਛਾਏ ਰਹੇ ਪ੍ਰੰਤੂ ਸਿਆਸੀ ਪੈਂਤੜੇ ਤੇ ਨਜ਼ਾਕਤ ਦੇ ਮਾਮਲੇ ’ਚ ਮਾਰ ਖਾ ਗਏ। ਜਦੋਂ ਘਟਨਾਵਾਂ ਨੂੰ ਤਰਤੀਬ ’ਚ ਦੇਖਦੇ ਹਾਂ ਤਾਂ ਚਾਹ ਪਾਰਟੀ ’ਤੇ ਜਦੋਂ ਨਵਜੋਤ ਸਿੱਧੂ ਪੁੱਜੇ ਤਾਂ ਉਨ੍ਹਾਂ ਮੁੱਖ ਮੰਤਰੀ ਨੂੰ ਦੂਰੋਂ ਦੁਆ ਸਲਾਮ ਕੀਤੀ। ਜਦੋਂ ਕੈਪਟਨ ਨੇ ਕੋਲ ਆਉਣ ਲਈ ਆਖਿਆ ਤਾਂ ਉਹ ਟਲਦੇ ਨਜ਼ਰ ਆਏ। ਜਦੋਂ ਦੂਸਰੇ ਆਗੂਆਂ ਨੇ ਦਬਾਅ ਪਾਇਆ ਤਾਂ ਉਹ ਕੈਪਟਨ ਦੇ ਕੋਲ ਆ ਕੇ ਬੈਠ ਗਏ। ਮਤਲਬ ਕਿ ਸਿੱਧੂ ਇਸ ਮੌਕੇ ਸਿਆਸੀ ਵਡੱਪਣ ਨਹੀਂ ਦਿਖਾ ਸਕੇ। ਪੰਜਾਬ ਭਵਨ ’ਚ ਚਾਹ ਪਾਰਟੀ ਦੇ ਚੱਲਦਿਆਂ ਹੀ ਨਵਜੋਤ ਸਿੱਧੂ ਇਕੱਲੇ ਹੀ ਕਾਂਗਰਸ ਭਵਨ ਵੱਲ ਰਵਾਨਾ ਹੋ ਗਏ। ਜਦੋਂ ਸੀਨੀਅਰ ਲੀਡਰਸ਼ਿਪ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਸਿੱਧੂ ਵਾਪਸ ਪੰਜਾਬ ਭਵਨ ਬੁਲਾਇਆ। ਸਿਆਸੀ ਹਲਕੇ ਆਖਦੇ ਹਨ ਕਿ ਨਵਜੋਤ ਸਿੱਧੂ ਅਮਰਿੰਦਰ ਦੇ ਕੋਲ ਬੈਠਣ ਨੂੰ ਤਿਆਰ ਨਹੀਂ ਸੀ ਜਿਸ ਚੋਂ ਪ੍ਰਧਾਨਗੀ ਦੀ ਹੈਂਕੜ ਦਾ ਮੁਢਲਾ ਪਰਛਾਵਾਂ ਦਿੱਖਿਆ। ਕੈਪਟਨ ਸਰਕਾਰ ਜਿਨ੍ਹਾਂ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੀ, ਸਿੱਧੂ ਉਸ ਬਾਰੇ ਬੋਲ ਕੇ ਕੈਪਟਨ ਨੂੰ ਨਹੀਂ ਸਗੋਂ ਪੂਰੀ ਕਾਂਗਰਸ ਨੂੰ ਕਟਹਿਰੇ 'ਚ ਖੜ੍ਹਾ ਕਰ ਰਹੇ ਹਨ, ਜਿਸ ਦਾ ਇਕੱਲੇ ਕੈਪਟਨ ਨੂੰ ਹੀ ਨਹੀਂ ਬਲਕਿ ਪਾਰਟੀ ਨੂੰ ਵੀ ਨੁਕਸਾਨ ਭੁਗਤਣਾ ਪੈ ਸਕਦਾ ਹੈ | ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਕੁਝ ਦਿਨਾਂ 'ਚ ਸਿੱਧੂ ਇਕ ਵਾਰ ਫਿਰ ਬੇਅਦਬੀ, ਡਰੱਗ ਮਾਫ਼ੀਆ, ਮਾਈਨਿੰਗ ਮਾਫ਼ੀਆ, ਟਰਾਂਸਪੋਰਟ ਮਾਫ਼ੀਆ ਵਰਗੇ ਮੁੱਦਿਆਂ ਨੂੰ ਲੈ ਕੇ ਕੈਪਟਨ ਤੋਂ ਸਵਾਲ ਕਰਨਗੇ ਤੇ ਜੇਕਰ ਇਹ ਸਵਾਲ ਸਿੱਧੂ ਤੇ ਕੈਪਟਨ ਦੇ ਵਿਚ ਕਿਸੇ ਅੰਦਰੂਨੀ ਬੈਠਕ 'ਚ ਚੁੱਕੇ ਜਾਂਦੇ ਹਨ ਤਾਂ ਦੋਵਾਂ ਨੇਤਾਵਾਂ ਦੇ ਵਿਚ ਇਹ ਮੁੱਦੇ ਸਲਾਹ-ਮਸ਼ਵਰੇ ਦਾ ਹਿੱਸਾ ਬਣ ਜਾਣਗੇ, ਪਰ ਜੇਕਰ ਸਿੱਧੂ ਨੇ ਪਹਿਲਾਂ ਵਾਂਗ ਇਹ ਮੁੱਦੇ ਜਨਤਕ ਤੌਰ 'ਤੇ ਚੁੱਕੇ ਤਾਂ ਪੰਜਾਬ ਕਾਂਗਰਸ ਸਮੇਤ ਹਾਈਕਮਾਨ ਲਈ ਮੁੜ ਪਹਿਲਾਂ ਵਾਲੀ ਸਥਿਤੀ ਬਣ ਜਾਣਾ ਸੁਭਾਵਿਕ ਹੋਵੇਗੀ | ਅਮਰਿੰਦਰ ਸਿੰਘ ਨੇ ਆਪਣੇ ਭਾਸ਼ਨ ’ਚ ਵਾਰ ਵਾਰ ਨਵਜੋਤ ਸਿੱਧੂ ਅਤੇ ਉਸ ਦੇ ਪਰਿਵਾਰ ਦੀ ਪ੍ਰਸ਼ੰਸਾ ਕੀਤੀ ਜਦੋਂ ਕਿ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਦਾ ਇੱਕ ਵਾਰ ਵੀ ਨਾਮ ਨਹੀਂ ਲਿਆ। ਇੱਥੋਂ ਤੱਕ ਕਿ ਭਾਸ਼ਨ ਦੌਰਾਨ ਸਿੱਧੂ ਨੇ ਸੁੱਖੀ ਰੰਧਾਵਾ, ਸੁਖ ਸਰਕਾਰੀਆ, ਸੁਨੀਲ ਜਾਖੜ ਆਦਿ ਦਾ ਨਾਮ ਤਾਂ ਲਿਆ ਪ੍ਰੰਤੂ ਅਮਰਿੰਦਰ ਸਿੰਘ ਦਾ ਨਾਮ ਜ਼ੁਬਾਨ ’ਤੇ ਨਹੀਂ ਲਿਆਂਦਾ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸਿੱਧੂ ਦਾ ਭਾਸ਼ਨ ਇਸ ਮੌਕੇ ਨਵੀਂ ਪ੍ਰਧਾਨਗੀ ਦੇ ਕੱਦ ਮੇਚ ਦਾ ਨਹੀਂ ਜਾਪਿਆ। ਮੁੱਖ ਮੰਤਰੀ ਦੇ ਨਜ਼ਦੀਕੀ ਸੂਤਰਾਂ ਦਾ ਮੰਨਣਾ ਹੈ ਕਿ ਬਦਲੇ ਹੋਏ ਹਾਲਾਤ ਵਿਚ ਕੈਪਟਨ ਅਮਰਿੰਦਰ ਸਿੰਘ ਪਾਰਟੀ ਅੰਦਰ ਰਹਿ ਕੇ ਜਿੱਥੇ ਚੁਣੇ ਹੋਏ ਵਿਧਾਇਕਾਂ ਨਾਲ ਨੇੜਤਾ ਵਧਾਉਣਗੇ, ਉਥੇ ਹੀ ਦੂਜੇ ਪਾਸੇ ਉਹ ਕਾਂਗਰਸੀ ਆਗੂਆਂ ਨੂੰ ਵੀ ਆਪਣੇ ਨੇੜੇ ਲਿਆਉਣਗੇ। 

ਸਿੱਧੂ ਦੇ ਰਵੱਈਏ ਤੋਂ ਕੈਪਟਨ 'ਖ਼ਫ਼ਾ'

 ਕਾਂਗਰਸ ਭਵਨ 'ਚ ਤਾਜਪੋਸ਼ੀ ਸਮਾਗਮ ਮੌਕੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਰਵੱਈਏ ਤੋਂ ਜਿਥੇ ਕੈਪਟਨ ਖ਼ਫ਼ਾ ਦੱਸੇ ਜਾ ਰਹੇ ਹਨ ਉਥੇ ਸਿੱਧੂ ਦੇ ਤੇਵਰ ਕੈਪਟਨ ਲਈ ਘੱਟ ਤੇ ਕਾਂਗਰਸ ਲਈ ਭਾਰੀ ਸਾਬਿਤ ਹੋ ਸਕਦੇ ਹਨ । ਸਿਆਸੀ ਮਾਹਿਰਾਂ ਅਨੁਸਾਰ ਜੋ ਹਾਲਾਤ ਬੀਤੇ ਦਿਨੀਂ ਤਾਜਪੋਸ਼ੀ ਸਮਾਗਮ ਦੌਰਾਨ ਪੈਦਾ ਹੋਏ ਹਨ, ਉਸ ਦੇ ਚੱਲਦਿਆਂ ਸਿੱਧੂ ਤੇ ਕੈਪਟਨ ਵਿਚਾਲੇ ਤਾਲਮੇਲ ਬਣਨਾ ਹੋਰ ਮੁਸ਼ਕਿਲ ਹੋ ਗਿਆ ਹੈ ਤੇ ਦੋਵਾਂ ਆਗੂਆਂ ਵਿਚਾਲੇ ਤਾਲਮੇਲ ਦੀ ਕਮੀ ਕਾਂਗਰਸ ਲਈ ਨੁਕਸਾਨਦੇਹ ਸਾਬਿਤ ਹੋ ਸਕਦੀ ਹੈ । ਕਾਂਗਰਸ ਵਿਧਾਇਕ ਰਾਜਕੁਮਾਰ ਵੇਰਕਾ ਨੇ ਸਿੱਧੂ ਖ਼ਿਲਾਫ਼ ਮੋਰਚਾ ਖੋਲ੍ਹਦੇ ਹੋਏ ਕੈਪਟਨ  ਪ੍ਰਤੀ ਸਿੱਧੂ ਦੇ ਰਵੱਈਏ ਦੀ ਨਿਖੇਧੀ ਕੀਤੀ ਹੈ। ਵੇਰਕਾ ਨੇ ਸਿੱਧੂ ਦੇ ਰਵੱਈਏ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਕੈਪਟਨ ਦੇ ਕਾਰਨ ਹੀ ਕਾਂਗਰਸ ਦੀ ਸਰਕਾਰ ਹੈ ਤੇ ਸਾਰਿਆਂ ਨੂੰ ਕੈਪਟਨ ਦਾ ਸਨਮਾਨ ਕਰਨਾ ਚਾਹੀਦਾ ਹੈ ।   

ਅੰਮ੍ਰਿਤਸਰ ਟਾਈਮਜ ਦਾ ਮੰਨਣਾ ਹੈ ਕਿ ਇਸ ਸਭ ਦੇ ਮੱਦੇਨਜ਼ਰ ਹੁਣ ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਕਾਂਗਰਸ ਵਿੱਚ ਅੰਦਰ ਖਾਤੇ ਚਾਹੇ ਦੋ ਧੜੇ ਬਣ ਗਏ ਹੋਣ ਪਰ ਲੋਕ ਕਚਿਹਰੀ ਵਿੱਚ ਕਾਂਗਰਸ ਪਾਰਟੀ ਦੀ ਇਕਜੁਟਤਾ ਹੀ ਦਰਸਾਈ ਜਾ ਰਹੀ ਹੈ। ਮਿਸ਼ਨ 2022 ਨੂੰ ਲੈ ਕੇ ਕਾਂਗਰਸ ਹਾਈਕਮਾਂਡ ਵੀ ਇਹ ਚਾਹੁੰਦੀ ਹੈ ਕਿ ਇਸ ਵੇਲੇ ਮੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਸਿੱਧੂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਮਿਲ ਕੇ ਦੁਬਾਰਾ ਦੂਜੀ ਵਾਰ ਸੂਬੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਰਪੀਟ ਕਰਵਾਉਣ ਵਿੱਚ ਆਪਣੀਆਂ ਅਹਿਮ ਭੂਮਿਕਾਵਾਂ ਨਿਭਾਉਣ ਪਰ ਇਹ ਸਭ ਅਜੈ ‘ਦਿੱਲੀ ਦੂਰ ਹੈ’ ਵਾਂਗ ਜਾਪਦਾ ਹੈ, ਕਿਉਂਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟਿਕਟਾਂ ਦੀ ਵੰਡ ਹੋਣੀ ਹੈ। ਹੋ ਸਕਦਾ ਹੈ ਕਿ ਉਸ ਵੇਲੇ ਦੋਵਾਂ ਸਿੱਧੂਆਂ ਵਿਚ ਆਪਣੇ-ਆਪਣੇ ਚਾਹਵਾਨਾਂ ਨੂੰ ਟਿਕਟ ਦਿਵਾਉਣ ਨੂੰ ਲੈ ਕੇ ਖੜਕ ਪਵੇ ਅਤੇ ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਫਿਰ ਦੋਵੇਂ ਕਾਂਗਰਸ ਪਾਰਟੀ ਨੂੰ ਮੁੜ ਸੱਤਾ ਦੀ ਪੌੜੀ ਨਹੀਂ ਚੜ੍ਹਾ ਪਾਉਣਗੇ ਤੇ ਵਿਰੋਧੀ ਸਿਆਸੀ ਪਾਰਟੀਆਂ ਇਸ ਦਾ ਫ਼ਾਇਦਾ ਸਮੇਂ ਰਹਿੰਦਿਆਂ ਚੁੱਕ ਜਾਣਗੀਆਂ। ਪਹਿਲਾਂ ਹੀ ਕਈ ਮਹੀਨੇ ਕਾਂਗਰਸ ਪਾਰਟੀ ਅੰਦਰ ਚੱਲ ਰਹੇ ਘਮਾਸਾਨ ਨੂੰ ਲੈ ਕੇ ਵਿਅਰਥ ਹੀ ਬੀਤ ਚੁੱਕੇ ਹਨ ਅਤੇ ਹੁਣ ਉੱਪਰੋਂ ਉਕਤ ਦੋਵਾਂ  ਨੂੰ ਇਹ ਚਾਹੀਦਾ ਹੈ ਕਿ ਉਹ ਆਪਣੇ ਤਿੱਖੇ ਤੇਵਰਾਂ ਨੂੰ ਨਰਮ ਕਰਦੇ ਹੋਏ ਇਕ ਦੂਜੇ ਨੂੰ ਗਲਵੱਕੜੀ ਵਿੱਚ ਲੈ ਕੇ ਆਪਣਾ ਟਾਰਗੈੱਟ ਮਿਸ਼ਨ-2022 ਨੂੰ ਸਫਲ ਬਣਾਉਣਗੇ ।

 

 

 

Attachments area