"ਦਰਦਾਂ ਦੀ ਦੱਸ ਕੌਣ ਕਰੇ ਦਾਰੂ ਵੇ, ਮੈਂ ਮਿੱਟੀ ਪੰਜਾਬ ਦੀ ਰੋਗੀ ਹੋ ਗਈ ਹਾਂ"

ਚੰਡੀਗੜ੍ਹ: ਪੰਜ ਦਰਿਆਵਾਂ ਦੇ ਪਾਣੀਆਂ ਨਾਲ ਸਿੰਜੀ ਅਤੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਜਿਸ ਦੇ ਕਣ ਕਣ ਵਿੱਚ ਸਮੋਈ ਹੋਈ ਹੈ ਉਹ ਧਰਤੀ ਅੱਜ ਸ਼ਰਾਪੀ ਗਈ ਪਰਤੀਤ ਹੋ ਰਹੀ ਹੈ। ਵੱਡੀਆਂ ਹਕੂਮਤਾਂ ਨਾਲ ਛੋਲਿਆਂ ਦੀ ਮੁੱਠ ਖਾਂਦਿਆਂ ਚੜ੍ਹਦੀਕਲ੍ਹਾ ਵਿੱਚ ਘੋੜਿਆਂ ਦੀਆਂ ਕਾਠੀਆਂ 'ਤੇ ਬੈਠ ਹੱਥੀਂ ਤਲਵਾਰਾਂ ਫੜ੍ਹ ਜੂਝਦਿਆਂ ਜਿਹਨਾਂ ਲੋਕਾਂ ਨੇ ਇਸ ਧਰਤੀ 'ਤੇ ਆਪਣੀ ਮਲਕੀਅਤ ਨੂੰ ਸਥਾਪਿਤ ਕੀਤਾ ਸੀ ਅੱਜ ਉਹ ਢਹਿੰਦੀਕਲਾ ਦੇ ਗਹਿਰੇ ਸਾਗਰਾਂ ਵਿੱਚ ਸਮਾਉਂਦੇ ਜਾ ਰਹੇ ਹਨ। ਭਾਵੇਂ ਪੰਜਾਬ ਦੀ ਕਿਸਾਨੀ ਹੋਵੇ, ਭਾਵੇਂ ਪੰਜਾਬ ਦੀ ਜਵਾਨੀ ਹੋਵੇ, ਭਾਵੇਂ ਮਰਦ ਹੋਣ, ਭਾਵੇਂ ਔਰਤਾਂ ਹੋਣ, ਇੱਥੋਂ ਤੱਕ ਕਿ ਪੰਜਾਬ ਦੇ ਜਨੌਰਾਂ, ਰੁੱਖਾਂ, ਦਰਿਆਵਾਂ ਵਿੱਚ ਵੀ ਇਹ ਢਹਿੰਦੀਕਲਾ ਪ੍ਰਤੱਖ ਨਜ਼ਰੀਂ ਪੈ ਰਹੀ ਹੈ। 

ਇਸ ਢਹਿੰਦੀਕਲਾ ਦਾ ਹੀ ਇਕ ਬਿੰਬ ਬਣ ਕੇ ਸਾਹਮਣੇ ਆਇਆ ਹੈ ਮਾਹਲਾ ਖੁਰਦ ਦਾ ਇੱਕ ਕਿਸਾਨ "ਕਾਮਾ" ਪਰਿਵਾਰ। ਇਸ ਪਰਿਵਾਰ ਦੀ ਮੋਜੂਦਾ ਮੁਖੀ ਵਿਧਵਾ ਸੁਖਵਿੰਦਰ ਕੌਰ ਪੰਜਾਬ ਦੇ ਖੇਤਾਂ ਦਾ ਰਿਸਦਾ ਜ਼ਖ਼ਮ ਹੈ। ਇੱਕ ਰਸਦੇ ਵਸਦੇ ਕਾਮੇ ਪਰਿਵਾਰ ਦੀ ਨੂੰਹ ਕੋਲ ਸਿਰਫ਼ ਸਾਹਾਂ ਦੀ ਪੂੰਜੀ ਬਚੀ ਹੈ। ਉਹ ਕਿਸਾਨ ਪਤੀ ਨੂੰ ਗੁਆ ਚੁੱਕੀ ਹੈ। ਜਦੋਂ ਕਿ ਨੌਜਵਾਨ ਪੁੱਤ ਸੁੱਧ-ਬੁੱਧ ਗੁਆ ਬੈਠੇ ਹਨ। ਜੋ ਪਰਿਵਾਰ ਖੇਤਾਂ ਦਾ ਹੀਰੋ ਸੀ, ਹੁਣ ਜ਼ੀਰੋ ਹੋ ਚੁੱਕਾ ਹੈ। ‘ਰੱਬ ਆਸਰਾ’ ਆਸ਼ਰਮ ਨੇ ਇਸ ਬਿਰਧ ਔਰਤ ਅਤੇ ਉਸ ਦੇ ਦੋ ਪੁੱਤਾਂ ਨੂੰ ਢੋਈ ਦਿੱਤੀ ਹੈ। ਸੁਖਵਿੰਦਰ ਕੌਰ ਇਕੱਲੀ ਨਹੀਂ, ਜਵਾਨ ਪੁੱਤ ਵੀ ਡਿਪਰੈਸ਼ਨ ’ਚ ਹਨ। ਮੋਗਾ ਦੇ ਪਿੰਡ ਮਾਹਲਾ ਖੁਰਦ ਦੇ ਖੇਤਾਂ ’ਚ ਇੱਕ ਕਮਰੇ ’ਚ ਤਿੰਨੋਂ ਜੀਅ ਕਈ ਮਹੀਨਿਆਂ ਤੋਂ ਬੇਸੁਧ ਪਏ ਰਹੇ ਜਿਸ ਤੋਂ ਪਿੰਡ ਵਾਸੀ ਵੀ ਅਣਜਾਣ ਸਨ। ਪਿੰਡ ਦੇ ਨੌਜਵਾਨਾਂ ਨੂੰ ਜਦੋਂ ਭਿਣਕ ਪਈ ਤਾਂ ਉਹ ਉਨ੍ਹਾਂ ਨੂੰ ਆਸ਼ਰਮ ਛੱਡ ਆਏ। ਪੰਜਾਬ ਦੀ ਕਿਸਾਨੀ ਦੀ ਜਨਮ ਕੁੰਡਲੀ ਦੱਸਣ ਲਈ ਅਰਧ ਪਾਗਲ ਅਵਸਥਾ ਵਿੱਚ ਪੁੱਜੇ ਇਹ ਤਿੰਨੋਂ ਜੀਅ ਕਾਫ਼ੀ ਹਨ।


ਸੁਖਵਿੰਦਰ ਕੌਰ

ਪਿਛਾਂਹ ਵੇਖਦੇ ਹਾਂ ਜਦੋਂ ਸੁਖਵਿੰਦਰ ਕੌਰ ਵਿਆਹ ਕੇ ਪਿੰਡ ਮਾਹਲਾ ਖੁਰਦ ਪੁੱਜੀ। ਉਦੋਂ ਪਿੰਡ ’ਚ ਉਸ ਦੇ ਸਹੁਰਿਆਂ ਨੂੰ ਕਾਮੇ ਪਰਿਵਾਰ ਦਾ ਦਰਜਾ ਮਿਲਿਆ ਹੋਇਆ ਸੀ। ਖੇਤਾਂ ’ਚ ਕਮਾਈ ਕਰਨ ਤੋਂ ਬਿਨਾਂ ਇਸ ਪਰਿਵਾਰ ਨੂੰ ਹੋਰ ਕੁਝ ਨਹੀਂ ਆਉਂਦਾ ਸੀ। ਸੁਖਵਿੰਦਰ ਕੌਰ ਦੇ ਪਤੀ ਜੋਗਿੰਦਰ ਸਿੰਘ ਦੇ ਹਿੱਸੇ ਤਿੰਨ ਏਕੜ ਜ਼ਮੀਨ ਆਈ। ਜਦੋਂ ਖੇਤਾਂ ’ਚੋਂ ਕੁਝ ਬਚਦਾ ਨਾ ਦਿਖਿਆ ਤਾਂ ਉਸ ਨੇ ਪੂਰੀ ਜ਼ਮੀਨ ਵੇਚ ਯੂ.ਪੀ ’ਚ ਜ਼ਮੀਨ ਬਣਾ ਲਈ। ਕਰਜ਼ ਉਸ ਦੇ ਪਿੱਛੇ ਪਿੱਛੇ ਚਲਾ ਗਿਆ। ਅਖੀਰ ਉਥੇ ਹੜ੍ਹਾਂ ਦੀ ਮਾਰ ਪੈਣ ਕਾਰਨ ਸਭ ਕੁਝ ਵਿਕ ਗਿਆ। ਇਸ ਦੌਰਾਨ ਮਾਹਲਾ ਖੁਰਦ ਦੇ ਮੋਹਤਬਰ ਉਨ੍ਹਾਂ ਨੂੰ ਸ਼ਾਹੂਕਾਰਾਂ ਦੇ ਜਾਲ ’ਚੋਂ ਕੱਢ ਕੇ ਲੈ ਆਏ। ਇਸ ਦੌਰਾਨ ਕਿਸਾਨ ਜੋਗਿੰਦਰ ਸਿੰਘ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਚੱਲ ਵਸਿਆ। ਵਿਧਵਾ ਸੁਖਵਿੰਦਰ ਕੌਰ ਦਾ ਇੱਕ ਮੁੰਡਾ ਪਾਲਾ ਸਿੰਘ ਪਿੰਡ ’ਚ ਦਿਹਾੜੀ ਕਰਨ ਲੱਗਾ। ਦੂਸਰੇ ਲੜਕੇ ਜਸਪ੍ਰੀਤ ਨੂੰ ਮਿਰਗੀ ਦੇ ਦੌਰੇ ਪੈਣ ਲੱਗੇ। ਸਮੇਂ ਦਾ ਚੱਕਰ ਤੇਜ਼ੀ ਨਾਲ ਘੁੰਮਿਆ ਤੇ ਤਿੰਨੋਂ ਜੀਅ ਗੁੰਮਨਾਮੀ ਵਿਚ ਚਲੇ ਗਏ।

ਮਾਹਲਾ ਖੁਰਦ ਦੇ ਨੌਜਵਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਰਾਣੇ ਵੇਲਿਆਂ ’ਚ ਇਹ ਪਰਿਵਾਰ ਕਾਮਾ ਸੀ। ਰਾਮਪੁਰਾ ਕੋਲ ਚੱਲ ਰਹੇ ‘ਰੱਬ ਆਸਰਾ’ ਆਸ਼ਰਮ ਦੇ ਸੰਚਾਲਕ ਬਾਬਾ ਹਰਜੀਤ ਸਿੰਘ ਢਪਾਲੀ ਨੇ ਦੱਸਿਆ ਕਿ ਉਹ ਗਿਆਰਾਂ ਵਰ੍ਹਿਆਂ ਤੋਂ ਦੋਵੇਂ ਲੜਕਿਆਂ ਅਤੇ ਮਾਈ ਦਾ ਇਲਾਜ ਕਰਾ ਰਹੇ ਹਨ ਜੋ ਹੁਣ ਥੋੜ੍ਹਾ ਬਹੁਤਾ ਬੋਲਣ ਲੱਗੇ ਹਨ। ਇਨ੍ਹਾਂ ਚੋਣਾਂ ’ਚ ਕਿਸਾਨੀ ਦੇ ਜੋ ਸਿਆਸੀ ਗਾਰਡ ਹੋਣ ਦਾ ਰੌਲਾ ਪਾ ਰਹੇ ਹਨ, ਉਹ ਵਿਧਵਾ ਸੁਖਵਿੰਦਰ ਕੌਰ ਦੇ ਦੁੱਖਾਂ ਦੀ ਪੰਡ ਜ਼ਰੂਰ ਫਰੋਲਣ। ਸੁਖਵਿੰਦਰ ਕੌਰ ਇਕੱਲੀ ਨਹੀਂ, ਮਾਲਵਾ ਖ਼ਿੱਤੇ ਦੀ ਕਿਸਾਨੀ ਦਾ ਵੱਡਾ ਹਿੱਸਾ ਡਿਪਰੈਸ਼ਨ ਦਾ ਸ਼ਿਕਾਰ ਹੈ।

ਮਾਨਸਿਕ ਰੋਗਾਂ ਦੀ ਮਾਹਿਰ ਡਾ. ਨਿਧੀ ਗੁਪਤਾ ਬਠਿੰਡਾ ਨੇ ਕਿਹਾ ਕਿ ਹੁਣ ਮਾਲਵੇ ਦੀ ਛੋਟੀ ਕਿਸਾਨੀ ’ਚ ਡਿਪਰੈਸ਼ਨ ਆਮ ਹੋ ਗਿਆ ਹੈ ਅਤੇ ਖਾਸ ਕਰਕੇ ਕਰਜ਼ੇ ਦੀ ਮਾਰ ਹੇਠ ਆਏ ਕਿਸਾਨਾਂ ਦੇ ਕੇਸਾਂ ਦੀ ਦਰ ਵਧ ਰਹੀ ਹੈ। ਬਹੁਤੇ ਕਿਸਾਨ ਇਹੋ ਦੱਸਦੇ ਹਨ ਕਿ ਹੁਣ ਕਰਜ਼ਾ ਮੋੜਨਾ ਵਸ ’ਚ ਨਹੀਂ ਰਿਹਾ, ਜਿਸ ਕਰਕੇ ਡਿਪਰੈਸ਼ਨ ਦੀ ਮਾਰ ਝੱਲਣੀ ਪੈ ਰਹੀ ਹੈ।

ਇਸ ਵਰਤਾਰੇ ਨੂੰ ਪਾਠਕਾਂ ਸਾਹਮਣੇ ਪਹੁੰਚਾਉਣ ਲਈ ਖਾਸ ਧੰਨਵਾਦ ਪੱਤਰਕਾਰ "ਚਰਨਜੀਤ ਭੁੱਲਰ" ਜੀ ਦਾ

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ