ਪੰਜਾਬ ਦੇ ਗੁਆਚੇ ਪੁੱਤਾਂ ਦੀ ਦਰਦ ਭਰੀ ਦਾਸਤਾਨ ਬਿਆਨ ਕਰਦੀ ਤਸਵੀਰ ਪ੍ਰਦਰਸ਼ਨੀ

ਪੰਜਾਬ ਦੇ ਗੁਆਚੇ ਪੁੱਤਾਂ ਦੀ ਦਰਦ ਭਰੀ ਦਾਸਤਾਨ ਬਿਆਨ ਕਰਦੀ ਤਸਵੀਰ ਪ੍ਰਦਰਸ਼ਨੀ

ਵੈਨਕੂਵਰ: "ਉਹ ਮੇਰੇ ਪੁੱਤ ਨੂੰ ਘਰੋਂ ਚੁੱਕ ਲੈ ਗਏ ਸੀ। ਉਸ ਤੋਂ ਬਾਅਦ ਉਹ ਅੱਜ ਤੱਕ ਨਹੀਂ ਪਰਤਿਆ। ਇਹ ਉਡੀਕ ਮੇਰੇ ਮਰਨ ਨਾਲ ਵੀ ਖਤਮ ਨਹੀਂ ਹੋਣੀ।" ਇਹ ਬੋਲ ਭਾਵੇਂ ਪੰਜਾਬ ਦੀ ਇੱਕ ਮਾਂ ਦੇ ਮੂੰਹੋਂ ਨਿੱਕਲੇ ਨੇ ਪਰ ਇਹ ਪੰਜਾਬ ਦੀਆਂ ਹਜ਼ਾਰਾਂ ਮਾਵਾਂ ਦੀ ਜਜ਼ਬਾਤਾਂ ਦੀ ਤਰਜ਼ਮਾਨੀ ਕਰਦੇ ਹਨ ਜਿਹਨਾਂ ਦੇ ਪੁੱਤਾਂ ਨੂੰ ਪੰਜਾਬ ਪੁਲਿਸ ਅਤੇ ਭਾਰਤੀ ਫੌਜ ਨੇ ਸਿੱਖ ਅਜ਼ਾਦ ਰਾਜ ਦੀ ਮੰਗ ਨੂੰ ਦਬਾਉਣ ਲਈ ਘਰਾਂ ਵਿੱਚੋਂ, ਬੱਸਾਂ ਵਿੱਚੋਂ, ਖੇਤਾਂ ਵਿੱਚੋਂ ਚੁੱਕ ਲਾਪਤਾ ਕਰ ਦਿੱਤਾ, ਤਸ਼ੱਦਦ ਕੀਤਾ, ਕਤਲ ਕੀਤਾ, ਅਣਪਛਾਤੀਆਂ ਲਾਸ਼ਾਂ ਕਹਿ ਸਾੜ ਦਿੱਤਾ ਜਾ ਪੰਜਾਬ ਦੇ ਦਰਿਆਵਾਂ ਵਿੱਚ ਰੋੜ੍ਹ ਦਿੱਤਾ। 

1980 ਅਤੇ 1990 ਦੇ ਦਹਾਕੇ ਦੌਰਾਨ ਪੰਜਾਬ ਦੇ ਗੁਆਚੇ ਹਜ਼ਾਰਾਂ ਸਿੱਖਾਂ ਵੱਲ ਧਿਆਨ ਖਿੱਚਣ ਲਈ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿੱਚ ਇੱਕ ਤਸਵੀਰ ਪ੍ਰਦਰਸ਼ਨੀ "ਲਾਪਤਾ ਐਂਡ ਦਾ ਲੈਫਟ ਬਿਹਾਈਂਡ" ਲਗਾਈ ਗਈ ਹੈ। ਇਸ ਪ੍ਰਦਰਸ਼ਨੀ ਦਾ ਮਕਸਦ 1980 ਅਤੇ 90 ਦੇ ਦਹਾਕਿਆਂ ਵਿਚ ਲਾਪਤਾ ਹੋਏ ਲੋਕਾਂ ਦੇ ਦੁੱਖ ਨੂੰ ਦੁਨੀਆਂ ਤਕ ਪਹੁੰਚਾਉਣਾ ਹੈ ਤਾਂ ਕਿ ਉਹਨਾਂ ਨੂੰ ਇਨਸਾਫ ਮਿਲ ਸਕੇ। ਇਹਨਾਂ ਤਸਵੀਰਾਂ ਵਿਚ ਲਾਪਤਾ ਅਤੇ ਹਿੰਸਾ ਦੇ ਸ਼ਿਕਾਰ ਹੋਏ ਲੋਕਾਂ ਦੇ ਦੁੱਖ ਜ਼ਾਹਰ ਕੀਤੇ ਗਏ ਹਨ। 

ਇਹ ਪ੍ਰਦਰਸ਼ਨੀ ਪ੍ਰਸਿੱਧ ਭਾਰਤੀ ਮਲਟੀਮੀਡੀਆ ਦੇ ਪੱਤਰਕਾਰ ਅਭਿਸ਼ੇਕ ਮਧੁਕਰ ਅਤੇ ਅੰਤਰਰਾਸ਼ਟਰੀ ਸੰਸਥਾ ਖਾਲਸਾ ਏਡ ਇੰਟਰਨੈਸ਼ਨਲ ਨੇ ਮਿਲ ਕੇ ਲਗਾਈ ਹੈ।

ਖਾਲਸਾ ਏਡ ਦੀ ਕੈਨੇਡੀਅਨ ਇਕਾਈ ਦੇ ਡਾਇਰੈਕਟਰ ਜਤਿੰਦਰ ਸਿੰਘ ਨੇ ਦਸਿਆ ਕਿ ਇਹ ਘਟਨਾ 20 ਸਾਲ ਪਹਿਲਾਂ ਦੀ ਹੈ, ਜੋ ਕਿ ਹੁਣ ਤਕ ਲੋਕਾਂ ਦੇ ਦਿਲਾਂ ਤੇ ਦਿਮਾਗ ਚੋਂ ਨਹੀਂ ਨਿਕਲੀ। ਇਹ ਨਾ ਭੁੱਲਣ ਵਾਲੀ ਘਟਨਾ ਹੈ ਅਤੇ ਇਸ ਦਾ ਅੱਜ ਤਕ ਪੀੜਤਾਂ ਨੂੰ ਕੋਈ ਨਿਆਂ ਨਹੀਂ ਮਿਲਿਆ। ਭਾਰਤ ਵਿਚ ਅੱਜ ਵੀ ਲੋਕ ਨਿਆਂ ਦੀ ਉਡੀਕ ਵਿਚ ਬੈਠੇ ਹਨ। ਹੁਣ ਵੀ ਪਤਾ ਲਗਾਉਣ ਦੀ ਕੋਸ਼ਿਸ਼ ਵਿਚ ਹਨ ਕਿ ਉਹਨਾਂ ਦੇ ਪਰਵਾਰ ਦੇ ਮੈਂਬਰ ਕਿੱਥੇ ਹਨ।

ਮਧੁਕਰ ਦੁਆਰਾ ਕੈਪਚਰ ਕੀਤੀਆਂ ਗਈਆਂ ਇਹ ਤਸਵੀਰਾਂ ਲੋਕਾਂ ਸਾਹਮਣੇ ਆਈਆਂ ਹਨ। ਜਿਸ ਵਿਚ ਚਿੱਟੇ ਅਤੇ ਕਾਲੇ ਰੰਗਾਂ 'ਚ ਪੀੜਤਾਂ ਦੇ ਮਾਤਾ ਪਿਤਾ ਵਿਖਾਈ ਦੇ ਰਹੇ ਹਨ। ਉਹਨਾਂ ਦੇ ਹੱਥ ਵਿਚ ਲਾਪਤਾ ਪੁਤਰਾਂ ਦੀਆਂ ਤਸਵੀਰਾਂ ਫੜੀਆਂ ਹੋਈਆਂ ਹਨ। ਇਹ ਤਸਵੀਰਾਂ ਦਰਸਾਉਂਦੀਆਂ ਹਨ ਕਿ ਲਾਪਤਾ ਲੋਕਾਂ ਦੇ ਪਰਵਾਰ ਸ਼ੋਕ ਵਿਚ ਡੁੱਬੇ ਹੋਏ ਹਨ। ਮਧੁਕਰ ਨੇ ਕਿਹਾ ਕਿ ਉਹ ਇਹਨਾਂ ਤਸਵੀਰਾਂ ਰਾਹੀਂ ਪੀੜਤ ਪਰਵਾਰਾਂ ਦੇ ਦੁੱਖ ਨੂੰ ਲੋਕਾਂ ਤਕ ਪਹੁੰਚਾਉਣਾ ਚਾਹੁੰਦੇ ਹਨ।

ਉਹਨਾਂ ਕਿਹਾ, "ਦੁੱਖ ਹਰ ਇਕ ਲਈ ਬਰਾਬਰ ਹੁੰਦਾ ਹੈ। ਦੁੱਖ, ਜਾਤੀ ਧਰਮ, ਰਾਸ਼ਟਰੀ ਸਾਰੇ ਰੂਪਾਂ ਵਿਚ ਦੁੱਖ ਸਭ ਨੂੰ ਬਰਾਬਰ ਹੀ ਹੁੰਦਾ ਹੈ। ਅਸੀਂ ਚਾਹੇ ਸਿੱਖ ਹਾਂ ਚਾਹੇ ਹੋਰ ਧਰਮ ਦੇ। ਇਹ ਪ੍ਰੋਜੈਕਟ ਪੀੜਤਾਂ ਦੇ ਪਰਵਾਰਾਂ ਲਈ ਹੈ, ਉਹਨਾਂ ਦੇ ਦੁੱਖ ਲਈ ਹੈ ਉਹਨਾਂ ਦੀਆਂ ਇਛਾਵਾਂ ਲਈ ਹੈ।"

ਇਹ ਪ੍ਰਦਰਸ਼ਨੀ 4 ਮਈ ਤੋਂ 7 ਮਈ ਤਕ ਲੱਗ ਰਹੀ ਹੈ ਅਤੇ ਇਹ ਮੁਫ਼ਤ ਵੇਖੀ ਜਾ ਸਕਦੀ ਹੈ। ਇਹ ਪ੍ਰਦਰਸ਼ਨੀ ਆਰਟ ਗੈਲਰੀ ਵੈਨਕੂਵਰ ਵਿਚ ਯਾਲਟਾਊਨ ਵਿਚ ਹੈ।

ਪ੍ਰਬੰਧਕਾਂ ਨੇ ਕਿਹਾ ਕਿ ਵੈਨਕੂਵਰ ਵਿਚ ਇਹ ਪ੍ਰੋਗਰਾਮ ਇਸ ਲਈ ਸ਼ੁਰੂ ਕੀਤਾ ਗਿਆ ਕਿਉਂਕਿ ਹਿੰਸਾ ਤੋਂ ਬਚਣ ਲੋਕ ਸਭ ਤੋਂ ਪਹਿਲਾਂ ਇੱਥੇ (ਕੈਨੇਡਾ) ਹੀ ਆਏ ਸਨ। ਇਸ ਲਈ ਕੈਨੇਡਾ ਨੇ ਇਸ ਨੂੰ ਉਜਾਗਰ ਕੀਤਾ ਹੈ। ਇਹ ਪ੍ਰਦਰਸ਼ਨੀ ਟੋਰਾਟੋਂ, ਲੰਡਨ, ਨਿਊ ਯਾਰਕ, ਸਾਨ ਫਰਾਂਸਿਸਕੋ ਵਿਚ ਵੀ ਲਗੇਗੀ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ