ਨਹਿਰੀ ਵਿਭਾਗ ਦੇ ਦਫਤਰਾਂ ਬਾਹਰ ਇਕੱਠੇ ਹੋ ਪੰਜਾਬ ਦੇ ਕਿਸਾਨਾਂ ਨੇ ਮੰਗਿਆ ਆਪਣਾ ਦਰਿਆਈ ਪਾਣੀ
ਚੰਡੀਗੜ੍ਹ: ਡੂੰਘੇ ਹੁੰਦੇ ਜਾ ਰਹੇ ਜ਼ਮੀਨੀ ਪਾਣੀ ਦਾ ਪ੍ਰਕੋਪ ਝੱਲ ਰਹੀ ਪੰਜਾਬ ਦੀ ਕਿਸਾਨੀ ਹੁਣ ਆਪਣੇ ਦਰਿਆਈ ਪਾਣੀਆਂ 'ਤੇ ਦਾਅਵਾ ਕਰਨ ਵੱਲ ਤੁਰਨ ਲੱਗੀ ਹੈ, ਜਿਸ ਬਾਰੇ ਕਿਹਾ ਜਾ ਸਕਦਾ ਹੈ ਕਿ 'ਦੇਰ ਆਏ, ਦਰੁਸਤ ਆਏ'। ਬੀਤੇ ਕੱਲ੍ਹ ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਨਹਿਰੀ ਵਿਭਾਗ ਦੇ ਦਫਤਰਾਂ ਬਾਹਰ ਮੁਜ਼ਾਹਰੇ ਕਰਕੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਲਈ ਪਾਣੀ ਦੇਣ ਦੀ ਮੰਗ ਕੀਤੀ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੱਦੇ 'ਤੇ ਜਲੰਧਰ, ਫਿਰੋਜ਼ਪੁਰ, ਅੰਮ੍ਰਿਤਸਰ, ਗੁਰਦਾਸਪੁਰ ਵਿੱਚ ਇਹ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਦਿੱਤੇ ਮੰਗ ਪੱਤਰਾਂ ਵਿੱਚ ਮੰਗ ਕੀਤੀ ਗਈ ਕਿ ਕਿਸਾਨਾਂ ਦੇ ਖੇਤਾਂ ਨੂੰ ਲੋੜ ਮੁਤਾਬਿਕ ਪੂਰਾ ਪਾਣੀ ਦਿੱਤਾ ਜਾਵੇ, ਸੂਬੇ ਦੀਆਂ ਨਹਿਰਾਂ/ਸੂਇਆਂ ਦੀ ਸਫਾਈ ਕੀਤੀ ਜਾਵੇ ਅਤੇ ਰਾਜਸਥਾਨ, ਹਰਿਆਣਾ ਅਤੇ ਦਿੱਲੀ ਨੂੰ ਜਾਂਦੇ ਪਾਣੀਆਂ ਦਾ ਮੁੱਲ ਲਿਆ ਜਾਵੇ।
ਦੋਆਬਾ ਖੇਤਰ ਦੇ ਕਿਸਾਨਾਂ ਨੇ ਦੋਸ਼ ਲਾਇਆ ਕਿ ਦੁਆਬੇ ਦੀ ਕਿਸਾਨੀ ਦੀ ਕਿਸੇ ਸਮੇਂ ਜਾਨ ਮੰਨੀ ਜਾਂਦੀ 750 ਕਿਲੋਮੀਟਰ ਲੰਬੀ ਬਿਸਤ ਦੋਆਬ ਨਹਿਰ ਵਿੱਚ ਤੈਅ ਸ਼ੁਦਾ ਮਾਤਰਾ ਦਾ ਤੀਜਾ ਹਿੱਸਾ ਪਾਣੀ ਵੀ ਨਹੀਂ ਛੱਡਿਆ ਜਾਂਦਾ। ਇਸ ਨਹਿਰ ਵਿੱਚ ਦੋਆਬਾ ਖੇਤਰ ਦੇ ਨਵਾਂਸ਼ਹਿਰ, ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ ਦੇ ਪਿੰਡਾਂ ਨੂੰ ਸਿੰਜਣ ਦੀ ਸਮਰੱਥਾ ਹੈ।
ਲੋਹੀਆਂ, ਸ਼ਾਹਕੋਟ, ਨੂਰਮਹਿਲ, ਨਕੋਦਰ ਅਤੇ ਤਰਨਤਾਰਨ ਦੇ ਕਿਸਾਨਾਂ ਨੇ ਕਿਹਾ ਕਿ ਉਹਨਾਂ ਦੇ ਖੇਤਰ ਵਿੱਚੋਂ ਲੰਘਦੀ ਚਿੱਟੀ ਬੇਈਂ ਐਨੀ ਪ੍ਰਦੂਸ਼ਿਤ ਹੈ ਕਿ ਨਾਲ ਦੇ ਪਿੰਡਾਂ ਦਾ ਪਾਣੀ ਵੀ ਪ੍ਰਦੂਸ਼ਿਤ ਹੋ ਚੁੱਕਿਆ ਹੈ।
ਸਰਕਾਰ ਦੀ ਨਲਾਇਕੀ ਦਾ ਰੌਣਾ ਰੋਂਦਿਆਂ, ਜਥੇਬੰਦੀ ਦੇ ਖਜਾਨਚੀ ਨੇ ਮੀਡੀਆ ਨੂੰ ਦੱਸਿਆ ਕਿ ਸਰਕਾਰ ਬਿਨ੍ਹਾਂ ਸਫਾਈ ਅਤੇ ਦੇਖਭਾਲ ਤੋਂ ਨਹਿਰਾਂ ਵਿੱਚ ਜਦੋਂ ਇੱਕ ਦਮ ਪਾਣੀ ਛੱਡਦੀ ਹੈ ਤਾਂ ਕਈ ਥਾਵਾਂ 'ਤੇ ਪਾੜ੍ਹ ਪੈ ਜਾਂਦਾ ਹੈ ਜਿਸ ਨਾਲ ਫਸਲਾਂ ਦਾ ਅਤੇ ਹੋਰ ਮਾਲੀ ਨੁਕਸਾਨ ਹੁੰਦਾ ਹੈ। ਸਰਕਾਰ ਇਸ ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਦਿੰਦੀ। ਇਸ ਤੋਂ ਇਲਾਵਾ ਪੰਜਾਬ ਵਿੱਚ ਬਹੁਤ ਸਾਰੇ ਸੂਏ ਅਤੇ ਖਾਲਾਂ ਪਿਛਲੇ 10 ਸਾਲਾਂ ਤੋਂ ਵੱਧ ਸਮੇਂ ਤੋਂ ਸੁੱਕੇ ਪਏ ਹਨ, ਜਿਹਨਾਂ ਵਿੱਚ ਕੋਈ ਪਾਣੀ ਨਹੀਂ ਦਿੱਤਾ ਗਿਆ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)