ਕਸ਼ਮੀਰ ਵਿੱਚ ਅਮਰਨਾਥ ਯਾਤਰਾ ਰਾਹੀਂ ਭਾਰਤ ਖੇਡ ਰਿਹਾ ਨਵਾਂ "ਨਫਰਤੀ ਪੈਂਤੜਾ"?

ਕਸ਼ਮੀਰ ਵਿੱਚ ਅਮਰਨਾਥ ਯਾਤਰਾ ਰਾਹੀਂ ਭਾਰਤ ਖੇਡ ਰਿਹਾ ਨਵਾਂ
ਸੜਕੀ ਰੋਕਾਂ ਖਿਲਾਫ ਪ੍ਰਦਰਸ਼ਨ

ਸ੍ਰੀਨਗਰ: ਕਸ਼ਮੀਰ ਭਾਵੇਂ ਕਈ ਦਹਾਕਿਆਂ ਤੋਂ ਭਾਰਤ ਖਿਲਾਫ ਆਪਣੀ ਅਜ਼ਾਦੀ ਲਈ ਲੜਾਈ ਲੜ ਰਿਹਾ ਹੈ ਤੇ ਨਿੱਤ ਦਿਨ ਕਸ਼ਮੀਰ ਦੀਆਂ ਮਾਵਾਂ ਦੇ ਜਵਾਨ ਪੁੱਤ ਭਾਰਤੀ ਸੁਰੱਖਿਆ ਬਲਾਂ ਦੀਆਂ ਗੋਲੀਆਂ ਨਾਲ ਮਰਦੇ ਆ ਰਹੇ ਹਨ ਤੇ ਦੂਜੇ ਪਾਸੇ ਭਾਰਤ ਦੇ ਵੱਖ-ਵੱਖ ਖੇਤਰਾਂ ਤੋਂ ਫੌਜ ਵਿੱਚ ਭਰਤੀ ਮਾਵਾਂ ਦੇ ਜਵਾਨ ਪੁੱਤ ਵੀ ਮਰ ਰਹੇ ਹਨ। ਪਰ ਭਾਰਤ ਦੇ ਰਾਜਨੀਤਕ ਲੋਕਾਂ ਨੂੰ ਇਹਨਾਂ ਮੌਤਾਂ ਨਾਲ ਕੋਈ ਅਸਰ ਨਹੀਂ ਪੈਂਦਾ ਕਿਉਂਕਿ ਉਹ ਖੁਦ ਇਹਨਾਂ ਜਵਾਨਾਂ ਦੀਆਂ ਛਾਤੀਆਂ ਦੇ ਸਾਏ ਹੇਠ ਸੁਰੱਖਿਅਤ ਵਿਚਰਦੇ ਆਪਣੀ ਜ਼ਿੰਦਗੀ ਦਾ ਅਨੰਦ ਮਾਣਦੇ ਹਨ। ਭਾਰਤ ਦੇ ਰਾਜਨੇਤਾਵਾਂ ਦਾ ਅਜਿਹਾ ਹੀ ਵਿਹਾਰ ਇਸ ਸਮੇਂ ਵੀ ਕਸ਼ਮੀਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਭਾਰਤੀ ਸੱਤਾ 'ਤੇ ਹੁਣ ਪੂਰੀ ਤਰ੍ਹਾਂ ਬਹੁਮਤ ਸਮੇਤ ਕਾਬਜ਼ ਹੋ ਚੁੱਕੀ ਭਾਜਪਾ ਵੱਲੋਂ ਇਸ ਵਾਰ ਗ੍ਰਹਿ ਮੰਤਰੀ ਚੁਣੇ ਗਏ ਅਮਿਤ ਸ਼ਾਹ ਦਾ ਰਿਕਾਰਡ ਉਂਝ ਵੀ ਮਨੁੱਖੀ ਹੱਕਾਂ ਦੇ ਘਾਣ ਵਾਲਾ ਰਿਹਾ ਹੈ ਤੇ ਅਹੁਦਾ ਸੰਭਾਲਦਿਆਂ ਹੀ ਕਸ਼ਮੀਰ ਦਾ ਦੌਰਾ ਕਰਕੇ ਉਹਨਾਂ ਸੰਕੇਤ ਦਿੱਤੇ ਹਨ ਕਿ ਉਹ ਕਸ਼ਮੀਰੀਆਂ ਨੂੰ ਦਬਾਉਣ ਲਈ ਕੋਈ ਹੋਰ ਜ਼ਿਆਦਾ ਤਿੱਖੀ ਰਣਨੀਤੀ ਲੈ ਕੇ ਆ ਰਹੇ ਹਨ। ਇਸ ਨੀਤੀ ਦਾ ਪ੍ਰਤੱਖ ਹੋਣਾ ਸ਼ੁਰੂ ਹੋ ਗਿਆ ਹੈ ਤੇ ਇਸ ਵਾਰ ਸੰਦ ਬਣਾਇਆ ਜਾ ਰਿਹਾ ਹੈ "ਅਮਰਨਾਥ ਯਾਤਰਾ" ਨੂੰ।

ਕਸ਼ਮੀਰ ਵਿੱਚ ਹਥਿਆਰਬੰਦ ਜੰਗ ਚਲਦੀ ਹੋਣ ਦੇ ਬਾਵਜੂਦ ਭਾਰਤ ਦੇ ਵੱਖ-ਵੱਖ ਖਿੱਤਿਆਂ ਤੋਂ ਅਮਰਨਾਥ ਯਾਤਰਾ 'ਤੇ ਜਾਂਦੇ ਹਿੰਦੂਆਂ ਨੂੰ ਕਦੇ ਕੋਈ ਜ਼ਿਆਦਾ ਤਕਲੀਫ ਨਹੀਂ ਦਿੱਤੀ ਗਈ ਤੇ ਅਮਨ ਅਮਾਨ ਨਾਲ ਆਮ ਹਾਲਤਾਂ ਵਾਂਗ ਇਹ ਯਾਤਰਾ ਹਰ ਸਾਲ ਸਿਰੇ ਚੜ੍ਹਦੀ ਸੀ। ਪਰ ਇਸ ਵਾਰ ਰਾਸ਼ਟਰਪਤੀ ਸ਼ਾਸਨ ਦੇ ਅਧੀਨ ਜਿਉਂ ਰਹੇ ਕਸ਼ਮੀਰ ਵਿੱਚ ਇਸ ਅਮਰਨਾਥ ਯਾਤਰਾ ਮੌਕੇ ਕਸ਼ਮੀਰੀਆਂ 'ਤੇ ਖਾਸ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ। ਜਿਵੇਂ ਜੰਮੂ-ਸ਼੍ਰੀਨਗਰ ਹਾਈਵੇ 'ਤੇ ਆਮ ਕਸ਼ਮੀਰੀਆਂ ਦੇ ਚੱਲਣ 'ਤੇ ਸਮਾਂਬੰਦ ਰੋਕ ਲਾ ਦਿੱਤੀ ਗਈ ਹੈ, ਕਈ ਹੋਰ ਘੁੰਮਣ ਵਾਲੀਆਂ ਥਾਵਾਂ 'ਤੇ ਕਸ਼ਮੀਰੀਆਂ ਦੇ ਜਾਣ 'ਤੇ ਰੋਕ ਲਾ ਦਿੱਤੀ ਗਈ ਹੈ। 

ਅਮਰਨਾਥ ਯਾਤਰੀਆਂ ਦੇ ਗੱਡੀਆਂ ਦੇ ਕਾਫਲਿਆਂ ਨੂੰ ਲੰਘਾਉਣ ਲਈ ਫੌਜ ਵੱਲੋਂ ਆਮ ਕਸ਼ਮੀਰੀਆਂ ਦੀਆਂ ਗੱਡੀਆਂ ਰੋਕ ਦਿੱਤੀਆਂ ਜਾਂਦੀਆਂ ਹਨ ਤੇ ਕਈ ਘੰਟੇ ਸੜਕਾਂ 'ਤੇ ਰੋਕ ਕਾਰਨ ਲੰਬੇ ਜ਼ਾਮ ਲੱਗ ਰਹੇ ਹਨ ਜਿਸ ਤੋਂ ਕਸ਼ਮੀਰ ਦੇ ਲੋਕ ਬਹੁਤ ਦੁਖੀ ਹਨ। ਇਹਨਾਂ ਜਾਮਾਂ ਵਿੱਚ ਸਕੂਲੀ ਬੱਚਿਆਂ ਦੀਆਂ ਬੱਸਾਂ ਵੀ ਫਸ ਜਾਂਦੀਆਂ ਹਨ। ਅਜਿਹਾ ਕਸ਼ਮੀਰ ਵਿੱਚ ਪਹਿਲੀ ਵਾਰ ਹੋ ਰਿਹਾ ਹੈ। 

ਕਸ਼ਮੀਰ ਵਿੱਚ ਰਾਜ ਚਲਾ ਰਹੇ ਭਾਰਤ ਦੇ ਗਵਰਨਰ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸ਼੍ਰੀਨਗਰ-ਜੰਮੂ ਮੁੱਖ ਮਾਰਗ 'ਤੇ ਕਾਜ਼ੀਗੰਦ ਤੋਂ ਨਾਸ਼ਰੀ ਤੱਕ ਅਗਲੇ 45 ਦਿਨ (ਅਮਰਨਾਥ ਯਾਤਰਾ ਦੌਰਾਨ) ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਆਮ ਕਸ਼ਮੀਰੀਆਂ ਦੀਆਂ ਗੱਡੀਆਂ ਨਹੀਂ ਚੱਲ ਸਕਣਗੀਆਂ। ਇਸ ਤੋਂ ਇਲਾਵਾ ਬਾਰਮੁੱਲਾ ਅਤੇ ਬਨੀਹਾਲ ਦਰਮਿਆਨ ਰੇਲ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।

ਇਸ ਦੇ ਬਦਲਵੇਂ ਪ੍ਰਬੰਧ ਵਜੋਂ ਆਮ ਕਸ਼ਮੀਰੀਆਂ ਨੂੰ ਇਹਨਾਂ ਦਿਨਾਂ ਦੌਰਾਨ ਮੁਗਲ ਰੋਡ ਵਰਤਣ ਲਈ ਕਿਹਾ ਗਿਆ ਹੈ ਜੋ ਕਿ ਹਾਦਸਿਆਂ ਲਈ ਜਾਣਿਆ ਜਾਂਦਾ ਹੈ। ਪਿਛਲੇ ਮਹੀਨੇ ਹੀ ਇਸ ਸੜਕ 'ਤੇ ਇੱਕ ਗੱਡੀ ਖਾਈ ਵਿੱਚ ਡਿਗਣ ਕਾਰਨ 11 ਵਿਦਿਆਰਥੀਆਂ ਦੀ ਮੌਤ ਹੋ ਗਈ ਸੀ।

ਦੱਖਣੀ ਕਸ਼ਮੀਰ ਵਿੱਚ ਜਵਾਹਰ ਸੁਰੰਗ ਤੋਂ ਲੈ ਕੇ ਉੱਤਰੀ ਕਸ਼ਮੀਰ ਵਿੱਚ ਸੋਨਮਾਰਗ ਤੱਕ ਦੇ ਸਾਰੇ ਮੁੱਖ ਰਸਤਿਆਂ 'ਤੇ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ।

ਇਹਨਾਂ ਪਾਬੰਦੀਆਂ ਨਾਲ ਕਸ਼ਮੀਰੀਆਂ ਵਿੱਚ ਗੁੱਸਾ ਵਧ ਰਿਹਾ ਹੈ। ਇੱਕ ਕੌਮਾਂਤਰੀ ਕੰਪਨੀ ਵਿੱਚ ਕੰਮ ਕਰਨ ਵਾਲੇ ਕਸ਼ਮੀਰੀ ਜਹਾਂਗੀਰ ਰੈਨਾ ਨੇ ਆਪਣੀ ਫੇਸਬੁੱਕ 'ਤੇ ਲਿਖਿਆ, "ਸਾਡੀਆਂ ਘੁੰਮਣ ਦੀਆਂ ਥਾਵਾਂ 'ਸੀਲ' ਕਰ ਦਿੱਤੀਆਂ ਗਈਆਂ; ਸਾਡੇ ਮੁੱਖ ਮਾਰਗ ਬੰਦ ਕਰ ਦਿੱਤੇ ਗਏ; ਸਾਡੀਆਂ ਰੇਲਾਂ ਮੁਅੱਤਲ ਕਰ ਦਿੱਤੀਆਂ ਗਈਆਂ. ਤੁਸੀਂ ਸਥਾਨਕ ਲੋਕਾਂ ਨੂੰ ਐਨੀ ਤਕਲੀਫ ਦੇ ਕੇ ਦਰਸ਼ਨਾਂ ਦਾ ਕਿਹੜਾ ਪੁੰਨ ਖੱਟੋਗੇ? ਕਿਰਪਾ ਕਰਕੇ ਵਾਪਸ ਚਲੇ ਜਾਓ"।

ਉਹਨਾਂ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਕਸ਼ਮੀਰੀ ਅਮਰਨਾਥ ਯਾਤਰੀਆਂ ਦਾ ਸਵਾਗਤ ਨਹੀਂ ਕਰ ਰਹੇ।ਇਹਨਾਂ ਪਾਬੰਦੀਆਂ ਬਾਰੇ ਗੱਲ ਕਰਦਿਆਂ ਸੇਵਾਮੁਕਤ ਸਿੱਖਿਆ ਕਮਿਸ਼ਨਰ ਜੀ.ਏ ਪੀਰ ਨੇ ਕਿਹਾ ਕਿ ਜਦੋਂ ਹਥਿਆਰਬੰਦ ਸੰਘਰਸ਼ ਸਿਖਰਾਂ 'ਤੇ ਸੀ ਉਸ ਸਮੇਂ ਵੀ ਕਦੇ ਯਾਤਰਾ ਦੌਰਾਨ ਸੜਕਾਂ 'ਤੇ ਆਵਾਜਾਈ ਨਹੀਂ ਰੋਕੀ ਗਈ ਸੀ। ਉਹਨਾਂ ਕਿਹਾ ਕਿ ਜੇ ਇਹ ਰੋਕਾਂ ਨਹੀਂ ਹਟਾਈਆਂ ਗਈਆਂ ਤਾਂ ਇਸ ਨਾਲ ਕਸ਼ਮੀਰ ਵਿੱਚ ਹੋ ਰਹੇ ਮਨੁੱਖਤਾ ਦੇ ਘਾਣ ਵਿੱਚ ਵਾਧਾ ਹੀ ਹੋਵੇਗਾ। ਉਹਨਾਂ ਕਿਹਾ ਕਿ ਮਰੀਜ਼ਾਂ ਲਈ ਹਸਪਤਾਲ ਤੱਕ ਪਹੁੰਚਣ ਵਿੱਚ ਵੀ ਮੁਸ਼ਕਿਲਾਂ ਆਉਣਗੀਆਂ।

ਟੀਵੀ ਪੱਤਰਕਾਰ ਗੋਹਾਰ ਗਿਲਾਨੀ ਨੇ ਕਿਹਾ ਕਿ ਸੱਤ ਮਿਲੀਅਨ ਕਸ਼ਮੀਰੀਆਂ ਤੋਂ ਉਹਨਾਂ ਦੇ ਜਿਊਣ ਦੇ ਹੱਕ ਨੂੰ ਖੋਹਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਇਸ ਤਰ੍ਹਾਂ ਹੈ ਜਿਵੇਂ ਸੱਤ ਮਿਲੀਅਨ ਕਸ਼ਮੀਰੀਆਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਹੋਵੇ।

ਹੁਰੀਅਤ ਆਗੂ ਮੀਰਵਾਇਜ਼ ਉਮਰ ਫਾਰੂਕ ਨੇ ਕਿਹਾ ਕਿ ਅਜਿਹੇ ਫੈਂਸਲਿਆਂ ਨਾਲ ਜਿੱਥੇ ਆਮ ਲੋਕਾਂ ਨੂੰ ਤਕਲੀਫ ਹੁੰਦੀ ਹੈ ਉੱਥੇ ਇਹ ਕਸ਼ਮੀਰ ਦੇ ਟੂਰਿਜ਼ਮ ਅਤੇ ਵਪਾਰ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗਾ ਤੇ ਕਾਸ ਕਰਕੇ ਫਲਾਂ ਦੇ ਵਪਾਰੀਆਂ ਦਾ ਵੱਡਾ ਨੁਕਸਾਨ ਹੋਵੇਗਾ ਕਿਉਂਕਿ ਟਰੱਕਾਂ ਦੇ ਚੱਲਣ 'ਤੇ ਰੋਕ ਕਾਰਨ ਉਹਨਾਂ ਦੇ ਫਲ ਖਰਾਬ ਹੋ ਜਾਣਗੇ।

ਦੱਸ ਦਈਏ ਕਿ ਕਸ਼ਮੀਰ ਦੇ ਹਥਿਆਰਬੰਦ ਸੰਘਰਸ਼ ਦੇ ਪੋਸਟਰ ਬੁਆਏ ਬਣੇ ਬੁਰਹਾਨ ਬਾਨੀ ਨੇ ਆਪਣੀ ਮੌਤ ਤੋਂ ਪਹਿਲਾਂ ਇੱਕ ਵੀਡੀਓ ਸੰਦੇਸ਼ ਰਾਹੀਂ 2016 ਵਿੱਚ ਇਹ ਐਲਾਨ ਕੀਤਾ ਸੀ ਕਿ ਅਮਰਨਾਥ ਯਾਤਰਾ 'ਤੇ ਆਏ ਕਿਸੇ ਯਾਤਰੀ 'ਤੇ ਕਸ਼ਮੀਰ ਵਿੱਚ ਕੋਈ ਹਮਲਾ ਨਹੀਂ ਕੀਤਾ ਜਾਵੇਗਾ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ