ਚੋਣ-ਚਰਖੜੀ 'ਤੇ ਚੜ੍ਹਿਆ ਪੰਜਾਬ

ਚੋਣ-ਚਰਖੜੀ 'ਤੇ ਚੜ੍ਹਿਆ ਪੰਜਾਬ

ਮਨਜੀਤ ਸਿੰਘ ਟਿਵਾਣਾ

ਪੰਜਾਬ ਵਿਚ ਪਾਰਲੀਮੈਂਟ ਚੋਣਾਂ ਦਾ ਮੇਲਾ ਭਰਿਆ ਹੋਇਆ ਹੈ। ਸ਼ਾਇਦ ਕਈ ਦਹਾਕਿਆਂ ਬਾਅਦ ਪਹਿਲੀ ਵਾਰ ਹੈ ਕਿ ਪੰਜਾਬ ਦੀਆਂ ਕਿਸੇ ਆਮ ਚੋਣਾਂ ਵਿਚ ਪੰਥਕ ਮੁੱਦਿਆਂ ਦੀ ਗੱਲ ਉਸ ਪੱਧਰ ਉਤੇ ਨਹੀਂ ਸੁਣਾਈ ਦੇ ਰਹੀ, ਜਿਹਾ ਕਿ ਬੀਤੇ ਵਿਚ ਅਕਸਰ ਵਾਪਰਦਾ ਰਿਹਾ ਹੈ। ਇਹ ਵੀ ਨਹੀਂ ਹੈ ਕਿ ਪੰਥਕ ਮਸਲੇ ਹੱਲ ਹੋ ਗਏ ਹਨ ਜਾਂ ਪੰਥਕ ਰਾਜਨੀਤੀ ਵੇਲਾ ਵਿਹਾ ਗਈ ਹੈ। ਸਗੋਂ ਪੰਥ ਦੇ ਮਸਲੇ ਤੇ ਮੁਸ਼ਕਲਾਂ ਹੋਰ ਗੰਭੀਰ ਰੂਪ ਧਾਰਨ ਕਰ ਗਈਆਂ ਹਨ। ਦਰਅਸਲ ਪੰਜਾਬ ਤੇ ਪੰਥ ਦੇ ਮਸਲਿਆਂ ਨੂੰ ਵੱਖ-ਵੱਖ ਕਰ ਕੇ ਦੇਖਣਾ ਵੀ ਇਕ ਹੋਰ ਸਮੱਸਿਆ ਹੀ ਹੈ। ਪੰਜਾਬ ਖਾਲਸਾ ਪੰਥ ਦੀ ਸਰਜ਼ਮੀਂ ਹੈ, ਸਿੱਖ ਭਾਈਚਾਰਾ ਇਥੇ ਬਹੁਗਿਣਤੀ ਵਿਚ ਵਸਦਾ ਹੈ ਪਰ ਅਕਸਰ ਸਿੱਖਾਂ ਦੀਆਂ ਮੰਗਾਂ ਤੇ ਉਮੰਗਾਂ ਨੂੰ ਸਮੂਹ ਪੰਜਾਬੀਆਂ ਜਾਂ ਪੰਜਾਬ ਦੀਆਂ ਮੰਗਾਂ ਤੋਂ ਵੱਖਰਾ ਕਰ ਕੇ ਦੇਖਿਆ ਜਾਂਦਾ ਆ ਰਿਹਾ ਹੈ। ਪਹਿਲਾਂ ਇਸ ਤਰ੍ਹਾਂ ਦੀ 'ਸਮਝ' ਕਥਿਤ ਰਾਸ਼ਟਰੀ ਪਾਰਟੀਆਂ ਦੀ ਹੁੰਦੀ ਸੀ ਪਰ ਹੁਣ ਇਸ ਬਿਮਾਰੀ ਦਾ ਸ਼ਿਕਾਰ ਪੰਜਾਬ ਪੱਧਰ ਦੀਆਂ ਖੇਤਰੀ ਪਾਰਟੀਆਂ ਵੀ ਹੋ ਗਈਆਂ ਜਾਪਦੀਆਂ ਹਨ। 
ਆਮ ਆਦਮੀ ਪਾਰਟੀ ਦੇ ਬਾਗੀ ਪਾਰਲੀਮੈਂਟ ਮੈਂਬਰ ਧਰਮਵੀਰ ਗਾਂਧੀ ਪੰਜਾਬ ਤੇ ਪੰਥ ਦੇ ਦਰਦ ਨੂੰ ਬਾਖੂਬੀ ਜਾਣਦੇ ਵੀ ਹਨ ਤੇ ਇਸ ਪ੍ਰਤੀ ਇਮਾਨਦਾਰਾਨਾ ਪਹੁੰਚ ਰੱਖਣ ਦਾ ਦਮ ਵੀ ਭਰਦੇ ਹਨ ਪਰ ਇਕ ਮੋੜ ਉਤੇ ਆ ਕੇ ਉਹ ਵੀ ਆਪਣੇ ਫੈਡਰਲ ਭਾਰਤ ਦੇ ਪੈਂਤੜੇ ਵਿਚੋਂ ਆਨੰਦਪੁਰ ਦੇ ਮਤੇ ਨੂੰ ਗੈਰ-ਹਾਜ਼ਰ ਕਰ ਕੇ ਹੀ ਅੱਗੇ ਵਧਦੇ ਹਨ। ਸੁਖਪਾਲ ਸਿੰਘ ਖਹਿਰਾ ਵੀ ਆਖਰੀ ਲਾਇਨ ਟੱਪਣ ਤੋਂ ਬਾਅਦ ਹੀ ਡਟਦਾ ਹੈ। ਇਸ ਤਰ੍ਹਾਂ ਕਰਦਿਆਂ ਉਹ ਜ਼ਰੂਰ ਹੀ ਆਪਣੀ ਜ਼ਮੀਰ ਦੀ ਕਚਹਿਰੀ ਵਿਚ ਸੁਰਖਰੂ ਹੋ ਜਾਂਦਾ ਹੋਵੇਗਾ। ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ 'ਇਨਕਲਾਬ-ਜਿੰਦਾਬਾਦ' ਵਿਚੋਂ ਹੀ ਹਾਲਾਂ ਵੀ ਪੰਜਾਬ ਤੇ ਪੰਥ ਦੀ ਮੁਕਤੀ ਦਾ ਰਾਹ ਲੱਭ ਰਹੀ ਹੈ। ਕਿਹਾ ਜਾਂਦਾਂ ਹੈ ਕਿ ਇਹ ਸਿਆਸੀ ਰਣਨੀਤੀ ਹੈ ਪਰ ਕਿਹਾ ਤੇ ਇਹ ਵੀ ਜਾਂਦਾ ਹੈ ਕਿ ਸਿੱਖਾਂ ਲਈ ਹੁਣ ਸਿਰਫ ਫੈਡਰਲ ਭਾਰਤ ਜਾਂ ਆਨੰਦਪੁਰ ਦੇ ਮਤੇ ਦੀ ਗੱਲ ਹੀ ਨਹੀਂ ਰਹੀ ਹੈ, ਸਗੋਂ ਲੜਾਈ ਸੰਪੂਰਨ ਆਜ਼ਾਦੀ ਦੇ ਨੁਕਤੇ ਉਤੇ ਕੇਂਦਰਿਤ ਹੋ ਚੁੱਕੀ ਹੈ। ਖੈਰ, ਜੇ ਹਿੰਦੁਸਤਾਨ ਦੇ ਸੰਵਿਧਾਨ ਦੀ ਸਹੁੰ ਖਾ ਕੇ ਚੋਣ ਅਮਲ ਵਿਚ ਪੈਣਾ ਹੈ ਤਾਂ ਰਣਨੀਤਕ ਪੈਂਤੜੇ ਅਤੇ ਦੋ ਕਦਮ ਕਦੇ ਅੱਗੇ ਤੇ ਕਦੇ ਪਿੱਛੇ ਹਟ ਜਾਣ ਦੀਆਂ ਦਲੀਲਾਂ ਵੀ ਮੰਨਣੀਆਂ ਹੀ ਪੈਣਗੀਆਂ। ਕੁੱਲ ਮਿਲਾ ਕੇ ਇਨ੍ਹਾਂ ਚੋਣਾਂ ਵਿਚ ਵੀ ਸਿੱਖਾਂ ਦੀ ਮੁਕੰਮਲ ਆਜ਼ਾਦੀ ਲਈ ਲੜਨ ਦਾ ਪੈਂਤੜਾ ਸਿਰਫ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਅਕਾਲੀ ਦਲ ਅੰਮ੍ਰਿਤਸਰ ਲਈ ਹੀ ਰਾਖਵਾਂ ਹੈ। ਬਹੁਜਨ ਸਮਾਜ ਪਾਰਟੀ, ਕਾਂਗਰਸ, ਆਮ ਆਦਮੀ ਪਾਰਟੀ ਤੇ ਭਾਜਪਾ ਨੂੰ ਇਸ ਤਰ੍ਹਾਂ ਦੇ ਨਿਹੋਰੇ ਮਾਰੇ ਹੀ ਨਹੀਂ ਜਾ ਸਕਦੇ। ਹਾਂ ਪੰਥਕ ਰਾਜਨੀਤੀ ਦੇ ਸਿਰ ਉਤੇ ਰਾਜ ਭਾਗ ਮਾਨਣ ਵਾਲੇ ਬਾਦਲ ਦਲੀਆਂ ਲਈ ''ਗੁਨਾਹਗਾਰਾਂ” ਦੀ ਕਤਾਰ ਵਿਚ ਖੜ੍ਹੇ ਹੋਣਾ ਪੰਜਾਬ ਨੂੰ ਜ਼ਰੂਰ ਚੁਭਿਆ ਹੈ। ਇਸ ਕਰ ਕੇ ਹੁਣ ਪੰਥ ਨੇ ਇਨ੍ਹਾਂ ਕੋਲੋਂ ਆਸ ਰੱਖਣੀ ਵੀ ਲਗਭੱਗ ਬੰਦ ਕਰ ਦਿੱਤੀ ਹੈ। ਬਰਗਾੜੀ ਮੋਰਚਾ, ਯੂਨਾਇਟਡ ਅਕਾਲੀ ਦਲ, ਆਖੰਡ ਅਕਾਲੀ ਦਲ ਤੇ ਪੰਥਕ ਰਾਜਨੀਤੀ ਵਾਲੀਆਂ ਹੋਰ ਧਿਰਾਂ ਆਪਸੀ ਮੱਤਭੇਦਾਂ ਤੇ ਮਨਭੇਦਾਂ ਕਾਰਨ ਇਸ ਚੋਣ ਮੇਲੇ ਵਿਚੋਂ ਆਪਣੀਆਂ ਸਫਾਂ ਵਲ੍ਹੇਟ ਕੇ ਬੈਠੀਆਂ ਹਨ।
ਇਸ ਗੱਲ ਵਿਚ ਕੋਈ ਦੋ ਰਾਵਾਂ ਨਹੀਂ ਕਿ ਪੰਜਾਬ ਇਸ ਸਮੇਂ ਆਰਥਿਕ ਪੱਖੋਂ ਟੁੱਟ ਚੁੱਕਿਆ ਹੈ। ਇਥੋਂ ਦਾ ਵਾਤਾਵਰਣ ਜ਼ਹਿਰੀਲਾ ਹੋ ਰਿਹਾ ਹੈ, ਭਿਆਨਕ ਬੀਮਾਰੀਆਂ ਨੇ ਇਥੋਂ ਦੇ ਲੋਕਾਂ ਨੂੰ ਆਪਣੀ ਜਕੜ 'ਚ ਲੈ ਲਿਆ ਹੈ। ਬੇਰੁਜ਼ਗਾਰੀ ਨੇ ਨਵੀਂ ਪੀੜ੍ਹੀ ਨੂੰ ਮਾਨਸਿਕ ਰੂਪ 'ਚ ਬੇਚੈਨ ਕਰ ਛੱਡਿਆ ਹੈ। ਪੜ੍ਹੇ ਲਿਖੇ ਬੱਚੇ ਵਿਦੇਸ਼ਾਂ ਨੂੰ ਉਡਾਰੀਆਂ ਮਾਰਨ ਲੱਗੇ ਹੋਏ ਹਨ। ਸਿੱਖਿਆ, ਸਿਹਤ ਤੇ ਸੱਭਿਆਚਾਰ ਤਬਾਹ ਹੋ ਰਹੇ ਹਨ।  ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਚਾਰੇ ਪਾਸੇ ਭ੍ਰਿਸ਼ਟਾਚਾਰ ਤੇ ਨਸ਼ਿਆਂ ਦਾ ਬੋਲਬਾਲਾ ਹੈ। ਸਿੱਖਾਂ ਦੀ ਨਵੀਂ ਪੀੜ੍ਹੀ ਦਿਸ਼ਾਹੀਣ ਹੋ ਕੇ ਭਟਕ ਰਹੀ ਹੈ। ਇਸ ਸਭ ਦੇ ਬਾਵਜੂਦ ਕੀ ਪੰਜਾਬ ਵਿਚ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰਨ, ਨਵੰਬਰ ੧੯੮੪ ਦੇ ਸਿੱਖ ਕਤਲੇਆਮ, ਸਿੱਖਾਂ ਦੇ ਮਾਨਵੀ ਅਧਿਕਾਰਾਂ ਦਾ ਘਾਣ ਕਰਨ, ਪੰਜਾਬ ਦੇ ਪਾਣੀਆਂ ਦੀ ਲੁੱਟ, ਪੰਜਾਬੀ ਬੋਲਦੇ ਇਲਾਕਿਆਂ ਨੂੰ ਰਾਜ ਤੋਂ ਬਾਹਰ ਕਰਨਾ ਅਤੇ ਸਿੱਖ ਸੱਭਿਆਚਾਰ, ਬੋਲੀ ਤੇ ਵਿਰਾਸਤ ਨੂੰ ਸੂਖਮ ਹਮਲਿਆਂ ਨਾਲ ਮਲੀਆਮੇਟ ਕਰਨ ਦੀਆਂ ਸਾਜਿਸ਼ਾਂ ਦੇ ਮੁੱਦੇ ਗੌਣ ਹੋ ਜਾਣੇ ਚਾਹੀਦੇ ਹਨ? ਕੇਂਦਰ ਪੂਰੀ ਤਰ੍ਹਾਂ ਨਿੱਠ ਕੇ ਪੰਜਾਬ ਨੂੰ ਤਬਾਹ ਕਰਨ ਤੇ ਬੰਜਰ ਬਣਾਉਣ ਦੇ ਖਤਰਨਾਕ ਮਨਸੂਬਿਆਂ ਨੂੰ ਲਾਗੂ ਕਰਨ ਦੇ ਰਾਹ ਤੁਰਿਆ ਹੈ। ਅਸੀਂ ਰਾਜਨੀਤਕ ਗਿਣਤੀਆਂ-ਮਿਣਤੀਆਂ ਵਿਚ ਫਸ ਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੰਡੇ ਬੀਜ ਰਹੇ ਹਾਂ। ਸਿਰਫ਼ ਫ਼ੋਕੀ ਬਿਆਨਬਾਜ਼ੀ ਨਾਲ ਕੁਝ ਹੋਣ ਵਾਲਾ ਨਹੀਂ ਹੈ। ਕੌਮੀ ਮੁਸੀਬਤ ਦੇ ਸਾਂਝੇ ਕਾਰਜ ਲਈ ਨਿੱਜੀ ਹਊਮੈ, ਲਾਲਸਾ, ਸੁਆਰਥ ਤੇ ਚੌਧਰ ਦੀ ਭੁੱਖ ਦਾ ਤਿਆਗ ਕਰਨਾ ਹੋਵੇਗਾ। 
ਚੋਣਾਂ ਤੋਂ ਪਹਿਲਾਂ ਪੰਥਕ ਤੇ ਹਮਖਿਆਲੀ ਧਿਰਾਂ ਵਿਚ ਏਕਤਾ ਦੀ ਗੱਲ ਚੱਲੀ ਸੀ। ਸ਼ਾਇਦ ਸਾਡੇ ਆਗੂਆਂ ਨੇ ਇਹ ਪੱਕੀ ਠਾਣ ਲਈ ਹੈ ਕਿ ਪੰਜਾਬ ਦੀ ਚਿੰਤਾ ਬਾਅਦ ਵਿਚ ਕਰ ਲਵਾਂਗੇ ਪਹਿਲਾਂ ਆਪਣੇ ਸਿਆਸੀ ਵਿਰੋਧੀ ਦਾ ਮੱਕੂ ਠੱਪਣਾ ਜ਼ਰੂਰੀ ਹੈ। ਇਸ ਕਸਰਤ ਵਿਚ ਪੰਜਾਬ ਤੇ ਪੰਥ ਦਾ ਭਾਵੇਂ ਕਿੰਨਾ ਵੀ ਨੁਕਸਾਨ ਹੋ ਜਾਵੇ। ਪੰਜ ਸਿਆਸੀ ਧਿਰਾਂ ਦਾ ਗੱਠਜੋੜ ਸੀਟਾਂ ਦੀ ਵੰਡ ਉਤੇ ਆ ਕੇ ਖੱਖੜੀਆਂ ਹੋ ਗਿਆ। ਤਿਆਗ ਤੇ ਕੁਰਬਾਨੀ ਜੋ ਸਿੱਖੀ ਦੇ ਮੁਢਲੇ ਗੁਣ ਹਨ, ਹੁਣ ਕਿਸੇ ਸਿੱਖ ਆਗੂ 'ਚ ਵਿਖਾਈ ਹੀ ਨਹੀਂ ਦਿੰਦੇ। ਲੋਕ ਪੰਜਾਬ ਦੀ ਦੁਰਦਸ਼ਾ ਨੂੰ ਦੇਖ ਕੇ ਦੁਖੀ ਹਨ। ਕੋਈ ਵੀ ਧਿਰ ਤੇ ਆਗੂ ਪੰਜਾਬ ਦੇ ਦੁਖ ਕੱਟਣ ਲਈ ਮੈਦਾਨ ਵਿਚ ਜੂਝ ਰਿਹਾ ਦਿਖਾਈ ਨਹੀਂ ਦੇ ਰਿਹਾ। ਪੰਜਾਬ ਚੋਣਾਂ ਦੀ ਚਰਖੜੀ 'ਤੇ ਚੜ੍ਹਿਆ ਬੁਰੀ ਤਰ੍ਹਾਂ ਨਪੀੜਿਆ ਜਾ ਰਿਹਾ ਹੈ। ਇਹ ਠੀਕ ਹੈ ਕਿ ਸਿੱਖਾਂ ਨੂੰ ਰਾਜਸੀ ਤਾਕਤ ਦੀ ਵੱਡੀ ਲੋੜ ਹੈ ਪਰ ਇਸ ਨੂੰ ਪ੍ਰਾਪਤ ਕਰਨ ਲਈ ਸਿੱਖ ਸਿਧਾਂਤਾਂ ਤੇ ਪੰਥਕ ਮੁੱਦਿਆਂ ਨੂੰ ਤਿਲਾਂਜਲੀ ਦੇ ਕੇ ਅੱਗੇ ਵਧਣ ਵਾਲੇ ਆਗੂਆਂ ਦੀ ਇਹ ਜ਼ਾਮਨੀ ਕਿਵੇਂ ਹੋ ਸਕਦੀ ਹੈ ਕਿ ਉਹ ਸੱਤਾ ਪ੍ਰਾਪਤ ਕਰ ਲੈਣ ਤੋਂ ਬਾਅਦ ਪੰਜਾਬ ਲਈ ਕੋਈ ਕੁਰਬਾਨੀ ਦੇਣ ਦਾ ਵਚਨ ਪੁਗਾਉਣਗੇ। ਇਸ ਕਰ ਕੇ ਕੌਮ ਦੇ ਉਜਲੇ ਭਵਿੱਖ ਲਈ ਸਿੱਖਾਂ ਨੂੰ ਸਿਆਣੀ, ਦੂਰਅੰਦੇਸ਼ ਅਤੇ ਸਿੱਖ-ਪੰਥ ਨੂੰ ਸਮਰਪਿਤ ਲੀਡਰਸ਼ਿਪ ਪੈਦਾ ਕਰਨ ਦੀ ਡਾਹਢੀ ਲੋੜ ਹੈ।