ਨਿਊਜ਼ੀਲੈਂਡ 'ਚ 50 ਮੁਸਲਮਾਨਾਂ ਦੇ ਕਤਲ ਮਗਰੋਂ ਭਾਰਤੀ ਮੀਡੀਆ ਦਾ ਬੌਧਿਕ ਅੱਤਵਾਦ        

ਨਿਊਜ਼ੀਲੈਂਡ 'ਚ 50 ਮੁਸਲਮਾਨਾਂ ਦੇ ਕਤਲ ਮਗਰੋਂ ਭਾਰਤੀ ਮੀਡੀਆ ਦਾ ਬੌਧਿਕ ਅੱਤਵਾਦ        

ਬਲਜਿੰਦਰ ਸਿੰਘ ਕੋਟਭਾਰਾ
(97795-22211)

ਮੀਡੀਆ ਇਸ ਵੇਲ਼ੇ ਪ੍ਰਚਾਰ ਦਾ ਇੱਕ ਵੱਡਾ ਸਾਧਨ ਹੈ, ਮਨੁੱਖੀ ਦਿਮਾਗਾਂ ਤੱਕ ਸੂਚਨਾ ਤੇ ਇਸ ਦੀ ਵਿਆਖਿਆ ਪੁੱਜਦੀ ਕਰਕੇ ਆਪਣੇ ਕਿਸੇ ਵੀ ਹਿੱਤਾਂ ਮੁਤਾਬਕ ਹੀ ਮਨੁੱਖੀ ਮਾਨਸਿਕਤਾ ਢਾਲ਼ੀ ਜਾਂਦੀ ਹੈ। ਭਾਵੇਂ ਸ਼ੋਸਲ ਮੀਡੀਆ ਦੀ ਆਮਦ ਨੇ ਇੱਕ ਵਾਰ ਰਸਮੀ ਮੀਡੀਆ ਦੇ ਮਾਫ਼ੀਆ ਗੈਂਗ ਨੂੰ ਕੁਝ ਹੱਦ ਤੱਕ ਠੱਲ੍ਹ ਪਾਈ ਹੈ ਪਰ ਫਿਰ ਵੀ ਸੱਤਾ ਦੇ ਸਾਧਨਾਂ ਆਸਰੇ ਚੱਲਦਾ ਮੀਡੀਆ ਸੱਤਾਧਾਰੀਆਂ ਤੇ ਆਪਣੇ ਕੱਟੜਪੰਥੀ ਰਾਸ਼ਟਰ ਲਈ ਇੱਕ-ਤਰਫ਼ਾ ਧੂੰਆ ਧਾਰ ਪ੍ਰਚਾਰ ਕਰਦਾ ਹੈ। 15 ਮਾਰਚ 2019 ਮੁਸਲਮਾਨ ਭਾਈਚਾਰੇ ਲਈ ਕਾਲ਼ੇ ਦਿਨ ਦੇ ਤੌਰ 'ਤੇ ਚੜ੍ਹਿਆ। ਜੁੰਮੇ ਦੇ ਦਿਨ ਪਵਿੱਤਰ ਨਮਾਜ ਅਦਾ ਕੀਤੀ ਜਾਂਦੀ ਹੈ। ਨਿਊਜ਼ੀਲੈਂਡ ਵਿੱਚ ਇਸ ਦਿਨ ਦੋ ਮਸਜਿਦਾਂ ਵਿੱਚ ਨਮਾਜ ਅਦਾ ਕਰ ਰਹੇ ਮੁਸਲਮਾਨ ਭਾਈਚਾਰੇ 'ਤੇ ਨਸਲੀ ਨਫ਼ਰਤ ਤਹਿਤ ਅੰਨ੍ਹੇਵਾਹ ਗੋਲ਼ੀਆਂ ਵਰ੍ਹਾ ਕੇ ਉਹਨਾਂ ਨੂੰ ਬੇਰਹਿਮੀ ਨਾਲ਼ ਕਤਲ ਕਰ ਦਿੱਤਾ। ਇਸ ਨਫ਼ਰਤੀ ਹਮਲੇ ਦੀ ਸੰਸਾਰ ਭਰ ਵਿੱਚ ਨਿਖੇਧੀ ਕਰਦਿਆਂ ਹੰਝੂ ਵਹਾਏ ਗਏ, ਪੀੜਤ ਮੁਸਲਮਾਨ ਭਾਈਚਾਰੇ ਨਾਲ਼ ਹਮਦਰਦੀ ਪ੍ਰਗਟ ਕੀਤੀ ਗਈ। ਸਿੱਖਾਂ ਵੱਲੋਂ ਇਸ ਪੀੜਤ ਭਾਈਚਾਰੇ ਲਈ ਲੰਗਰ ਅਤੇ ਹੋਰ ਪ੍ਰਬੰਧ ਕੀਤੇ ਪਰ ਭਾਰਤੀ ਮੀਡੀਆ ਨੇ ਬੇਸ਼ਰਮੀ ਦੀ ਕੋਈ ਕਸਰ ਨਹੀਂ ਛੱਡੀ। ਇਹ ਮੁਸਲਮਾਨਾਂ ਪ੍ਰਤੀ ਭਾਰਤੀ ਮੀਡੀਆ ਦੇ ਨਫ਼ਰਤੀ ਪ੍ਰਗਟਾਵੇ ਦੀ ਉਦਾਹਰਣ ਹੈ ਕਿ 'ਨਿਊਜ਼ ਨੇਸ਼ਨ' ਟੀ. ਵੀ. ਚੈਨਲ ਨੇ ਇਸ ਹਮਲੇ ਨੂੰ ਪਾਕਿਸਤਾਨ ਨਾਲ਼ ਜੋੜਿਆ। 'ਨਿਊਜ਼ ਨੇਸ਼ਨ' ਦਾ ਐਂਕਰ ਇੱਕ ਵਾਰ ਨਹੀਂ ਵਾਰ ਵਾਰ ਕਹਿ ਰਿਹਾ ਸੀ ਕਿ ਨਿਊਜ਼ੀਲੈਂਡ 'ਚ ਹਮਲਾ ਕਰਨ ਵਾਲ਼ਾ ਪਾਕਿਸਤਾਨ ਦਾ ਫੈਨ ਸੀ ਤੇ ਪਾਕਿਸਤਾਨ ਅੱਤਵਾਦ ਦੀ ਜੜ੍ਹ ਹੈ। ਇਸ ਚੈਨਲ ਦਾ ਬੌਧਿਕ ਅੱਤਵਾਦ ਫਿਰ ਅੱਗੇ ਤੱਕ ਜਾਂਦਾ ਹੈ ਜਦੋਂ ਖ਼ਬਰ ਦਿੰਦਾ ਹੈ ਕਿ ਹੁਣ ਅਮਰੀਕਾ ਨੇ ਪਾਕਿਸਤਾਨੀ ਦੀ ਖਿਚਾਈ ਕੀਤੀ ਹੈ ਕਿ ਉਹ ਅੱਤਵਾਦ ਦੀ ਜੜ੍ਹ ਖ਼ਤਮ ਕਰੇ। ਮਸਜਿਦਾਂ 'ਤੇ ਹਮਲਾਵਰ ਵੱਲੋਂ ਇੱਕ ਪੰਨੇ ਦੀ ਲਿਖਤ ਮਿਲ਼ੀ, ਜਿਸ ਵਿੱਚ ਉਸ ਨੇ ਕਿਤੇ ਵੀ ਪਾਕਿਸਤਾਨ ਦਾ ਫੈਨ ਹੋਣ ਦੀ ਕੋਈ ਗੱਲ ਨਹੀਂ ਲਿਖੀ, ਹਾਂ ਮੁਸਲਮਾਨਾਂ ਪ੍ਰਤੀ ਨਸਲੀ ਨਫ਼ਰਤ ਭਰਿਆ ਉਹ ਭਾਰਤੀ ਰਾਸ਼ਟਰੀ ਮੀਡੀਆ ਵਾਂਗ ਜ਼ਹਿਰ ਜ਼ਰੂਰ ਉਗਲ਼ ਰਿਹਾ ਹੈ।
ਭਾਰਤੀ ਰਾਸ਼ਟਰਵਾਦੀ ਮੀਡੀਆ ਦੀ ਇਹ ਇੱਕ ਬੌਧਿਕ ਬੇਇਮਾਨੀ ਹੀ ਕਹੀ ਜਾ ਸਕਦੀ ਹੈ ਕਿ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਮੁਸਲਮਾਨ ਪਹਿਰਾਵੇ ਵਿੱਚ ਆ ਕੇ ਮੁਸਲਮਾਨ ਔਰਤਾਂ ਨੂੰ ਗਲ਼ੇ ਲਾ ਰਹੀ ਹੈ, ਇਹ ਖ਼ਬਰ 'ਮਿਸ' ਹੈ। ਨਿਊਜ਼ੀਲੈਂਡ ਵਿੱਚ ਗ਼ੈਰ ਮੁਸਲਮਾਨ ਮਸਜਿਦਾਂ ਅੱਗੇ ਫੁੱਲ ਲੈ ਕੇ ਖੜ੍ਹੇ ਹਨ ਤੇ ਆਖ ਰਹੇ ਨੇ 'ਮੁਸਲਮਾਨ ਵੀਰੋ ਨਮਾਜ ਪੜ੍ਹੋ, ਅਸੀਂ ਤੁਹਾਡੇ ਨਾਲ਼ ਹਾਂ' ਇਹ ਖ਼ਬਰ ਗਾਇਬ ਹੈ। ਪੀੜਤ ਮੁਸਲਮਾਨ ਪਰਿਵਾਰ ਲਈ ਸਿੱਖਾਂ ਨੇ 'ਫਰੀ ਕਿਚਨ' (ਲੰਗਰ) ਅਤੇ ਹੋਰ ਪ੍ਰਬੰਧ ਕੀਤਾ ਹੈ, ਇਹ ਖ਼ਬਰ ਵੀ ਭਾਰਤੀ ਰਾਸ਼ਟਰਵਾਦ ਰੰਗੇ ਮੀਡੀਆ ਨੂੰ ਨਹੀਂ ਦਿਸ ਰਹੀ। ਪੱਤਰਕਾਰਤਾ ਵਿੱਚ ਇੱਕ ਗੱਲ ਸਿਖਾਈ ਜਾਂਦੀ ਹੈ, Where is Doubt, Cut is Out  ਪਰ ਭਾਰਤੀ ਰਾਸ਼ਟਰਵਾਦੀ ਮੀਡੀਆ ਹੀ ਆਪਣੇ ਆਪ ਵਿੱਚ Doubt ਭਾਵ ਸ਼ੱਕੀ ਹੈ। ਪੰਜਾਬੀ ਵਿੱਚ ਇੱਕ ਕਹਾਵਤ ਹੈ ਕਿ ਸਾਉਣ ਦੇ ਅੰਨ੍ਹੇ ਨੂੰ ਸਭ ਹਰਾ ਹੀ ਦਿਖਾਈ ਦਿੰਦਾ ਹੈ, ਇਹੀ ਹਾਲਤ ਭਾਰਤੀ ਰਾਸ਼ਟਰਵਾਦੀ ਮੀਡੀਆ ਹੈ, ਇਹ ਦੂਜੇ ਧਰਮਾਂ ਖ਼ਾਸ ਕਰਕੇ ਘੱਟ ਗਿਣਤੀ ਜਿਵੇਂ ਸਿੱਖਾਂ, ਮੁਸਲਮਾਨਾਂ ਅਤੇ ਦਲਿਤਾਂ ਆਦਿ ਪ੍ਰਤੀ ਆਪਣੇ ਦਿਮਾਗ਼ਾਂ ਵਿੱਚ ਜ਼ਹਿਰੀ ਮਾਨਸਿਕਤਾ ਨੂੰ ਪ੍ਰਫੁਲਤ ਕਰ ਰਹੇ ਹਨ ਅਤੇ ਇਸ ਨੂੰ ਵਾਰ ਵਾਰ ਬਾਹਰ ਕੱਢਦੇ ਨਜ਼ਰੀਂ ਪੈਂਦੇ ਹਨ। ਇਹਨਾਂ ਨੂੰ ਘੱਟ ਗਿਣਤੀ ਦਾ ਹਰ ਇੱਕ ਪੱਖ, ਹਰੇਕ ਸਰਗਰਮੀ ਇੱਥੋਂ ਤੱਕ ਕਿ ਸਾਹ ਲੈਣਾ ਵੀ 'ਅੱਤਵਾਦ' ਅਤੇ 'ਦੇਸ਼ ਧ੍ਰੋਹੀ' ਜਾਪਦਾ ਹੈ। ਇਹ ਉਹਨਾਂ ਦੀ ਅੱਖ਼ ਦਾ ਫਿਰਕੂ ਟੀਰ ਹੈ। 
ਪੁਲਵਾਮਾ ਫਿਦਾਇਨ ਹਮਲੇ ਮਗਰੋਂ ਪੱਤਰਕਾਰਤਾ ਦੀ ਆੜ 'ਚ 'ਟੈਰਿਸਟ ਅਟੈਕ' - ਕਸ਼ਮੀਰ ਵਿੱਚ ਫਰਵਰੀ 2019 'ਚ ਪੁਲਵਾਮਾ ਫਿਦਾਇਨ ਹਮਲੇ ਵਿੱਚ 40 ਭਾਰਤੀ ਫ਼ੌਜੀਆਂ ਦੀ ਮੌਤ ਹੋ ਗਈ। ਇਸ ਬਾਅਦ ਕੱਟੜਪੰਥੀ ਮੋਦੀ ਸਰਕਾਰ ਦੇ ਸੰਘ ਲਾਣੇ ਦਾ ਸਾਰਾ ਜ਼ੋਰ 40 ਮੌਤਾਂ 'ਤੇ ਲੋਕ ਸਭਾ ਦੀਆਂ ਸੀਟਾਂ ਹਾਸਲ ਕਰਨ 'ਤੇ ਲੱਗ ਗਿਆ। ਇਸ ਫਿਦਾਇਨ ਹਮਲੇ ਦੀ ਆੜ ਵਿੱਚ ਉਨ੍ਹਾਂ ਨੇ ਪਾਕਿਸਤਾਨ ਵਿਰੁੱਧ ਅਤਿ ਜ਼ਹਿਰੀਲਾ ਤੇ ਭੜਕਾਊ ਪ੍ਰਚਾਰ ਕੀਤਾ ਕਿ ਜਾਪਦਾ ਸੀ ਜਿਵੇਂ ਭਾਰਤੀ ਰਾਸ਼ਟਰਵਾਦੀ ਮੀਡੀਆ ਦੇ ਐਂਕਰ ਟੈਲੀਵਿਜ਼ਨ ਵਿੱਚੋਂ ਨਿਕਲ਼ ਕੇ ਪਾਕਿਸਤਾਨੀ ਟੈਂਕਾਂ ਨੂੰ ਉਡਾ ਦੇਣਗੇ। ਭਾਰਤੀ ਪੱਤਰਕਾਰਤਾ ਦੀ ਕਮਾਲ ਸੀ, ਹਰ ਫੌਤ ਹੋਏ ਫ਼ੌਜੀਆਂ ਦੇ ਵਾਰਸਾਂ, ਰਿਸ਼ਤੇਦਾਰਾਂ ਜਾਂ ਫਿਰ ਗੁਆਂਢੀਆਂ ਦੇ ਮੂੰਹੋਂ 'ਪਾਕਿਸਤਾਨੀ ਨੂੰ ਜਲਦੀ ਸਬਕ ਸਿਖਾਉਣ' ਦੀ ਗੱਲ ਕਹਾਈ ਜਾਂਦੀ ਸੀ। ਭਾਰਤੀ ਮੀਡੀਆ ਦੀ ਪਾਕਿਸਤਾਨ ਪ੍ਰਤੀ ਜ਼ਹਿਰ ਦੀ ਉਸ ਵੇਲ਼ੇ ਹੱਦ ਨਾ ਰਹੀ ਜਦੋਂ ਅੰਮ੍ਰਿਤਸਰ ਸਾਹਿਬ ਇਲਾਕੇ ਵਿੱਚ ਕੁਝ ਗਾਵਾਂ ਦੇ ਮਰਨ ਦੀ ਘਟਨਾ ਵਾਪਰੀ ਤੇ ਮੀਡੀਆ ਇਹ ਖ਼ਬਰਾਂ ਦੇ ਰਿਹਾ ਸੀ ਕਿ ਪਾਕਿਸਤਾਨ ਵੱਲੋਂ ਪੁਲਵਾਮਾ ਵਿੱਚ ਹਮਲੇ ਦੀ ਚਾੜੀ ਭਾਜੀ ਅਜੇ ਵਾਪਸ ਨਹੀਂ ਸੀ ਕੀਤੀ ਕਿ ਅੰਮ੍ਰਿਤਸਰ ਵਿੱਚ ਗਾਵਾਂ ਦੇ ਮਰਨ ਦੀ ਘਟਨਾ ਵਾਪਰ ਗਈ। ਇਸ ਨੂੰ ਆਂਹਦੇ ਨੇ ਕਿੱਧਰ ਬੁੜੀ ਦਾ ਮਰਨਾ, ਕਿੱਧਰ ਹੱਲ ਦਾ ਓਕੜੂ।

ਭਾਰਤੀ ਕੱਟੜਪੰਥੀ ਰਾਸ਼ਟਰਵਾਦ ਵਿੱਚ ਰੰਗੇ ਭਾਰਤ ਪ੍ਰਚਾਰ ਸਾਧਨਾਂ (ਜਿਵੇਂ ਪਹਿਲਾਂ ਰੇਡੀਓ, ਅਖ਼ਬਾਰ ਤੇ ਹੁਣ ਮੀਡੀਆ) ਵੱਲੋਂ ਇੱਕ-ਤਰਫ਼ਾ ਤੇ ਜ਼ਹਿਰੀ ਪ੍ਰਚਾਰ ਪਹਿਲਾ ਤੋਂ ਇੱਕ ਵਿਉਂਤਬੰਧ ਢੰਗ ਨਾਲ਼ ਜਾਰੀ ਹੈ, ਪਰ ਹਰ ਵਾਰ ਇਸ ਦਾ ਜ਼ੋਰ ਤੇ ਸ਼ੋਰ ਪਹਿਲਾਂ ਨਾਲ਼ੋਂ ਤਿੱਖਾ ਤੇ ਹੋਰ ਵੱਧਦਾ ਜਾ ਰਿਹਾ ਹੈ।
ਆਓ ਅਸੀਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੁੰਦਿਆਂ ਗੁਰੂ ਜੀ ਦੇ ਸਰਬੱਤ ਦਾ ਭਲ਼ੇ ਦੇ ਸਿਧਾਂਤ ਨੂੰ ਅਪਣਾਈਏ। ਆਮੀਨ।