ਪੰਜਾਬ ਦੇ ਤਿੰਨ ਉਮੀਦਵਾਰਾਂ ਨੂੰ ਮੋਦੀ ਨੇ ਚੁਣਿਆ ਆਪਣਾ ਵਜ਼ਾਰਤ ਦਾ ਹਿੱਸਾ

ਪੰਜਾਬ ਦੇ ਤਿੰਨ ਉਮੀਦਵਾਰਾਂ ਨੂੰ ਮੋਦੀ ਨੇ ਚੁਣਿਆ ਆਪਣਾ ਵਜ਼ਾਰਤ ਦਾ ਹਿੱਸਾ
ਸਹੁੰ ਚੁੱਕ ਸਮਾਗਮ ਦੌਰਾਨ ਮੋਦੀ ਅਤੇ ਵਜ਼ਾਰਤ 'ਚ ਸ਼ਾਮਿਲ ਨੁਮਾਂਇੰਦੇ

ਨਵੀਂ ਦਿੱਲੀ: ਬੀਤੇ ਕੱਲ੍ਹ ਭਾਰਤ ਦੇ ਕੇਂਦਰੀ ਮੰਤਰੀ ਮੰਡਲ ਦੇ ਵਜ਼ੀਰਾਂ ਦੇ ਸਹੁੰ ਚੁੱਕ ਸਮਾਗਮ 'ਚ ਪੰਜਾਬ ਤੋਂ ਚੋਣਾਂ ਲੜੇ ਤਿੰਨ ਉਮੀਦਵਾਰਾਂ ਨੇ ਸਹੁੰ ਚੁੱਕੀ। ਭਾਜਪਾ ਵੱਲੋਂ ਹੁਸ਼ਿਆਰਪੁਰ ਸੀਟ ਤੋਂ ਚੋਣ ਜਿੱਤੇ ਸੋਮ ਪ੍ਰਕਾਸ਼ ਤੇ ਅੰਮ੍ਰਿਤਸਰ ਸੀਟ ਤੋਂ ਚੋਣ ਹਾਰੇ ਹਰਦੀਪ ਪੁਰੀ ਅਤੇ ਬਠਿੰਡਾ ਤੋਂ ਚੋਣ ਜਿੱਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਰਸਿਮਰਤ ਕੌਰ ਬਾਦਲ ਨੂੰ ਸਹੁੰ ਚੁਕਾਈ ਗਈ। 

ਸੋਮ ਪ੍ਰਕਾਸ਼ ਸੇਵਾਮੁਕਤ ਆਈਏਐੱਸ ਅਫਸਰ ਹਨ ਜਦਕਿ ਹਰਦੀਪ ਪੁਰੀ ਭਾਰਤ ਦੀਆਂ ਵਿਦੇਸ਼ ਸੇਵਾਵਾਂ ਵਿੱਚੋਂ ਸੇਵਾਮੁਕਤ ਹਨ।

ਹਰਸਿਮਰਤ ਕੌਰ ਨੂੰ ਕੇਂਦਰੀ ਵਜ਼ਾਰਤ ਵਿੱਚ ਕੈਬਨਿਟ ਮੰਤਰੀ, ਜਦੋਂ ਕਿ ਹਰਦੀਪ ਪੁਰੀ ਤੇ ਸੋਮ ਪ੍ਰਕਾਸ਼ ਨੂੰ ਰਾਜ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ।  ਪੁਰੀ ਕੋਲ ਰਾਜ ਮੰਤਰੀ ਦਾ ਸੁਤੰਤਰ ਚਾਰਜ ਹੋਵੇਗਾ।  ਪੁਰੀ ਇਸ ਸਮੇਂ ਰਾਜ ਸਭਾ ਮੈਂਬਰ ਹਨ ਤੇ ਉਨ੍ਹਾਂ ਇਸ ਵਾਰ ਅੰਮ੍ਰਿਤਸਰ ਹਲਕੇ ਤੋਂ ਭਾਜਪਾ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜੀ ਸੀ ਪਰ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਤੋਂ ਮਾਤ ਖਾ ਗਏ ਸਨ। 

ਬੀਬੀ ਬਾਦਲ ਦੂਜੀ ਵਾਰ ਮੋਦੀ ਵਜ਼ਾਰਤ ਵਿੱਚ ਮੰਤਰੀ ਬਣੇ ਹਨ ਉਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਮਿਲਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚੋਂ ਸ਼੍ਰੋਮਣੀ ਅਕਾਲੀ ਦਲ 10 ਸੀਟਾਂ ਵਿੱਚੋਂ ਮਹਿਜ਼ ਦੋ ਸੀਟਾਂ ਹੀ ਜਿੱਤ ਸਕਿਆ ਹੈ। ਸੂਤਰਾਂ ਦਾ ਦੱਸਣਾ ਹੈ ਕਿ ਬਾਦਲ ਪਰਿਵਾਰ ਨੇ ਮੰਤਰੀ ਦਾ ਅਹੁਦਾ ਹਾਸਲ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਸੀ। 

ਇਸੇ ਤਰ੍ਹਾਂ ਹਰਦੀਪ ਪੁਰੀ ਪਹਿਲੀ ਸਰਕਾਰ ਵਿੱਚ ਵੀ ਸ਼ਹਿਰੀ ਵਿਕਾਸ ਮੰਤਾਰਲਾ ਦੇਖਦੇ ਸਨ। ਸੋਮ ਪ੍ਰਕਾਸ਼ ਜੋ ਪਹਿਲੀ ਵਾਰ ਲੋਕ ਸਭਾ ਵਿੱਚ ਪੁੱਜੇ ਹਨ, ਨੂੰ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਦੀ ਟਿਕਟ ਕੱਟ ਕੇ ਭਾਜਪਾ ਨੇ ਉਮੀਦਵਾਰ ਬਣਾਇਆ ਸੀ। ਉਹ ਪਹਿਲੀ ਵਾਰੀ ਮੰਤਰੀ ਬਣੇ ਹਨ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ