ਡੇਰਾ ਰਾਧਾਸੁਆਮੀ ਬਿਆਸ ਦੀ ਗੁੰਡਾਗਰਦੀ ਖਿਲਾਫ ਨੰਗੇ ਧੜ ਸਿਰ 'ਤੇ ਕਫਣ ਬੰਨ੍ਹ ਡਟੇ ਪੀੜਤ ਕਿਸਾਨ

ਡੇਰਾ ਰਾਧਾਸੁਆਮੀ ਬਿਆਸ ਦੀ ਗੁੰਡਾਗਰਦੀ ਖਿਲਾਫ ਨੰਗੇ ਧੜ ਸਿਰ 'ਤੇ ਕਫਣ ਬੰਨ੍ਹ ਡਟੇ ਪੀੜਤ ਕਿਸਾਨ
ਨੰਗੇ ਧੜ ਸਿਰ 'ਤੇ ਕਫਣ ਬੰਨ੍ਹ ਧਰਨਾ ਲਾ ਕੇ ਬੈਠੇ ਕਿਸਾਨ

ਬਿਆਸ: ਡੇਰਾ ਰਾਧਾਸੁਆਮੀ ਬਿਆਸ ਵੱਲੋਂ ਬਿਆਸ ਡੇਰੇ ਦੇ ਨਾਲ ਲਗਦੇ ਪਿੰਡਾਂ ਦੇ ਕਿਸਾਨਾਂ ਦੀ ਜ਼ਮੀਨ 'ਤੇ ਧੱਕੇ ਨਾਲ ਕਬਜ਼ੇ ਕਰਨ ਦਾ ਮਾਮਲਾ ਕਈ ਸਾਲਾਂ ਤੋਂ ਸਾਹਮਣੇ ਆ ਰਿਹਾ ਹੈ ਪਰ ਡੇਰਾ ਬਿਆਸ ਦੀ ਸਿਆਸੀ ਪਹੁੰਚ ਅਤੇ ਪ੍ਰਸ਼ਾਸਨ ਦੀ ਡੇਰੇ ਨਾਲ ਮਿਲੀਭੁਗਤ ਕਾਰਨ ਪੀੜਤ ਕਿਸਾਨਾਂ ਨੂੰ ਲਗਾਤਾਰ ਸੰਘਰਸ਼ ਕਰਨ ਦੇ ਬਾਵਜੂਦ ਵੀ ਇਨਸਾਫ ਨਹੀਂ ਮਿਲਿਆ। ਹੁਣ ਡੇਰਾ ਰਾਧਾਸੁਆਮੀ ਬਿਆਸ ਦੀ ਗੁੰਡਾਗਰਦੀ ਤੋਂ ਪੀੜਤ ਕਿਸਾਨਾਂ ਨੇ ਡੇਰੇ ਦੇ ਮੁੱਖ ਗੇਟ ਕੋਲ ਨੰਗੇ ਧੜ੍ਹ ਸਿਰਾਂ 'ਤੇ ਕੱਫਣ ਬੰਨ੍ਹ ਕੇ ਧਰਨਾ ਸ਼ੁਰੂ ਕਰ ਦਿੱਤਾ ਹੈ। ਇਹ ਕਿਸਾਨ ਮੰਗ ਕਰ ਰਹੇ ਹਨ ਕਿ ਇਹਨਾਂ ਦੀਆਂ ਜਿਹੜੀਆਂ ਜ਼ਮੀਨਾਂ 'ਤੇ ਡੇਰਾ ਬਿਆਸ ਨੇ ਧੱਕੇ ਨਾਲ ਕਬਜ਼ਾ ਕੀਤਾ ਹੈ ਉਹ ਜ਼ਮੀਨ ਦਾ ਕਬਜ਼ਾ ਇਹਨਾਂ ਮਾਲਕ ਕਿਸਾਨਾਂ ਨੂੰ ਦੁਬਾਰਾ ਦਵਾਇਆ ਜਾਵੇ। 

ਆਪਣੀ ਜ਼ੁਬਾਨ ਤੋਂ ਮੁੱਕਰਿਆ ਡੇਰਾ ਬਿਆਸ
ਇਸੇ ਸਾਲ ਜੁਲਾਈ ਮਹੀਨੇ ਵਿੱਚ ਦੋ ਪੀੜਤ ਕਿਸਾਨਾਂ ਰਜਿੰਦਰ ਸਿੰਘ ਢਿਲਵਾਂ ਤੇ ਅਮਰਜੀਤ ਸਿੰਘ ਡੇਰੇ ਦੀ ਗੁੰਡਾਗਰਦੀ ਖਿਲ਼ਾਫ ਭੁੱਖ ਹੜਤਾਲ 'ਤੇ ਬੈਠੇ ਸਨ ਤੇ 7 ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ 20 ਜੁਲਾਈ, 2019 ਨੂੰ ਡੀਐੱਸਪੀ ਬਾਬਾ ਬਕਾਲਾ ਸਾਹਿਬ, ਡੀਐੱਸਪੀ ਅੰਮ੍ਰਿਤਸਰ ਦਿਹਾਤੀ, ਤਹਿਸੀਲਦਾਰ ਕਪੂਰਥਲਾ, ਨਾਇਬ ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਦੀ ਹਾਜ਼ਰੀ ਵਿੱਚ ਡੇਰ ਦੇ ਮੁੱਖ ਪ੍ਰਬੰਧਕਾਂ ਚਰਨਜੀਤ ਸਿੰਘ ਅਤੇ ਆਰ.ਕੇ ਬੇਦੀ ਨਾਲ ਹੋਈ ਬੈਠਕ ਵਿੱਚ ਫੈਂਸਲਾ ਕੀਤਾ ਗਿਆ ਸੀ ਕਿ ਸਬੰਧਿਤ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਜਾਵੇਗੀ। ਪੀੜਤ ਕਿਸਾਨਾਂ ਦੀ ਅਗਵਾਈ ਕਰ ਰਹੇ ਭਾਈ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਇਸ ਫੈਂਸਲੇ ਮਗਰੋਂ ਪੀੜਤ ਕਿਸਾਨਾਂ ਵੱਲੋਂ ਨਿਸ਼ਾਨਦੇਹੀ ਦੀ ਰਕਮ ਚੀ ਉਤਾਰ ਦਿੱਤੀ ਗਈ ਸੀ ਪਰ ਹੁਣ ਪ੍ਰਸ਼ਾਸਨ ਅਤੇ ਡੇਰਾ ਬਿਆਸ ਆਪਣੀ ਜ਼ੁਬਾਨ ਤੋਂ ਮੁੱਕਰਦਿਆਂ ਨਿਸ਼ਾਨਦੇਹੀ ਕਰਾਉਣ ਤੋਂ ਇਨਕਾਰੀ ਹੋ ਗਏ ਹਨ। ਇਸ ਲਈ ਪੀੜਤ ਕਿਸਾਨ ਹੁਣ ਨੰਗੇ ਧੜ੍ਹ ਸਿਰਾਂ 'ਤੇ ਕੱਫਣ ਬੰਨ੍ਹ ਕੇ ਆਪਣੇ ਹੱਕ ਲਈ ਡੇਰੇ ਦੇ ਮੁੱਖ ਦਰਵਾਜ਼ੇ 'ਤੇ ਬੈਠ ਗਏ ਹਨ।

ਡੇਰੇ ਨੇ ਬਿਆਸ ਦਰਿਆ 'ਤੇ ਗੈਰਕਾਨੂੰਨੀ ਬੰਨ੍ਹ ਲਾ ਕੇ ਕਿਸਾਨ ਉਜਾੜੇ
ਲੋਕਾਂ ਦੀਆਂ ਜ਼ਮੀਨਾਂ ਦੱਬਣ ਤੋਂ ਇਲਾਵਾ ਡੇਰਾ ਬਿਆਸ ਨੇ ਦਰਿਆ ਬਿਆਸ 'ਤੇ ਡੇਰੇ ਵਾਲੇ ਪਾਸੇ ਗੈਰਕਾਨੂੰਨੀ ਬੰਨ੍ਹ ਦਾ ਨਿਰਮਾਣ ਕਰਕੇ ਦਰਿਆ ਦਾ ਬਹਿਣ ਪਾਰਲੇ ਬੰਨ੍ਹੇ ਕਿਸਾਨਾਂ ਦੀਆਂ ਜ਼ਮੀਨਾਂ ਵੱਲ ਕਰ ਦਿੱਤਾ ਜਿਸ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਖੁਰ-ਖੁਰ ਕੇ ਦਰਿਆ ਵਿੱਚ ਮਿਲ ਰਹੀਆਂ ਹਨ। ਇਹਨਾਂ ਪੀੜਤ ਕਿਸਾਨਾਂ ਵੱਲੋਂ ਵੀ ਲਗਾਤਾਰ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਪਰ ਡੇਰੇ ਨੂੰ ਸਰਕਾਰੀ ਪੁਸ਼ਤਪਨਾਹੀ ਕਾਰਨ ਡੇਰੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਹੋਈ। 

ਧਮਕੀਆਂ ਰਾਹੀਂ ਡਰਾਉਂਦਾ ਹਨ ਡੇਰਾ ਪ੍ਰਬੰਧਕ
ਡੇਰਾ ਪ੍ਰਬੰਧਕਾਂ ਵੱਲੋਂ ਆਪਣੇ ਹੱਕਾਂ ਲਈ ਲੜ ਰਹੇ ਲੋਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਉਹ ਇਹਨਾਂ ਧਮਕੀਆਂ ਬਾਰੇ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਕਰ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਹੁਣ ਉਹਨਾਂ ਹਾਈ ਕੋਰਟ ਵਿੱਚ ਇਹਨਾਂ ਧਮਕੀਆਂ ਸਬੰਧੀ ਅਪੀਲ ਪਾਈ ਹੈ।