ਕਸ਼ਮੀਰ ਤੋਂ ਚੁੱਕ ਕੇ ਲੋਕਾਂ ਨੂੰ ਯੂਪੀ ਦੀਆਂ ਜੇਲ੍ਹਾਂ ਵਿੱਚ ਸੁੱਟ ਰਹੀ ਹੈ ਭਾਰਤ ਸਰਕਾਰ

ਕਸ਼ਮੀਰ ਤੋਂ ਚੁੱਕ ਕੇ ਲੋਕਾਂ ਨੂੰ ਯੂਪੀ ਦੀਆਂ ਜੇਲ੍ਹਾਂ ਵਿੱਚ ਸੁੱਟ ਰਹੀ ਹੈ ਭਾਰਤ ਸਰਕਾਰ
ਵਿਰਲਾਪ ਕਰਦੀ ਹੋਈ ਕਸ਼ਮੀਰੀ ਔਰਤ

ਚੰਡੀਗੜ੍ਹ: ਜੰਮੂ ਕਸ਼ਮੀਰ ਤੋਂ ਗ੍ਰਿਫਤਾਰ ਕਰਕੇ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਕੀਤੇ ਗਏ ਕਸ਼ਮੀਰੀਆਂ ਸਬੰਧੀ ਸਾਹਮਣੇ ਆਈ ਇੱਕ ਜਾਣਕਾਰੀ ਮੁਤਾਬਿਕ ਅਗਸਤ ਮਹੀਨੇ ਤੋਂ ਬਾਅਦ ਗ੍ਰਿਫਤਾਰ ਕਰਕੇ 285 ਕਸ਼ਮੀਰੀਆਂ ਨੂੰ ਉੱਤਰ ਪ੍ਰਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਕਰਕੇ ਰੱਖਿਆ ਗਿਆ ਹੈ। ਇਹਨਾਂ ਕਸ਼ਮੀਰੀਆਂ ਵਿੱਚੋਂ 85 ਕਸ਼ਮੀਰੀ ਸਿਆਸੀ ਕੈਦੀ ਆਗਰਾ ਦੀ ਜੇਲ੍ਹ ਵਿੱਚ ਬੰਦ ਦੱਸੇ ਜਾ ਰਹੇ ਹਨ, ਜਿਹਨਾਂ ਵਿੱਚੋਂ 29 ਨੂੰ ਪਿਛਲੇ ਸ਼ੁਕਰਵਾਰ ਹੀ ਆਗਰਾ ਜੇਲ੍ਹ ਲਿਆਂਦਾ ਗਿਆ ਹੈ।

ਇਹਨਾਂ ਸਾਰੇ ਕਸ਼ਮੀਰੀਆਂ ਨੂੰ 5 ਅਗਸਤ ਨੂੰ ਧਾਰਾ 370 ਹਟਾਉਣ ਤੋਂ ਬਾਅਦ ਚੁੱਕਿਆ ਗਿਆ ਹੈ। ਇੰਡੀਅਨ ਐਕਸਪ੍ਰੈਸ ਅਖਬਾਰ ਵੱਲੋਂ ਜੇਲ੍ਹ ਅਫਸਰਾਂ ਦੇ ਹਵਾਲੇ ਨਾਲ ਛਾਪੀ ਰਿਪੋਰਟ ਮੁਤਾਬਿਕ ਇਹਨਾਂ ਵਿੱਚੋਂ ਜ਼ਿਆਦਾਤਰ ਕੈਦੀਆਂ ਦੀ ਉਮਰ 18 ਤੋਂ 45 ਸਾਲ ਦੇ ਦਰਮਿਆਨ ਹੈ, ਜਦਕਿ ਕੁੱਝ 50 ਸਾਲ ਤੋਂ ਵੱਧ ਉਮਰ ਦੇ ਹਨ। ਰਿਪੋਰਟ ਮੁਤਾਬਿਕ ਇਹਨਾਂ ਕੈਦੀਆਂ ਵਿੱਚ ਕਸ਼ਮੀਰ ਦੀਆਂ ਹਿੰਦ ਨਵਾਜ਼ ਪਾਰਟੀਆਂ ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਦੇ ਸਿਆਸੀ ਆਗੂ ਵੀ ਸ਼ਾਮਿਲ ਹਨ ਅਤੇ ਕਾਲਜਾਂ ਦੇ ਵਿਦਿਆਰਥੀ, ਪੀਐੱਚਡੀ ਖੌਜਾਰਥੀ (ਸਕੋਲਰ), ਧਾਰਮਿਕ ਪ੍ਰਚਾਰਕ, ਅਧਿਆਪਕ, ਨਾਮਵਰ ਵਪਾਰੀ ਅਤੇ ਸੁਪਰੀਮ ਕੋਰਟ ਦੇ ਵਕੀਲ ਜੋ ਕਸ਼ਮੀਰੀ ਨੌਜਵਾਨਾਂ ਦੇ ਕੇਸ ਲੜਦੇ ਸਨ ਉਹ ਵੀ ਸ਼ਾਮਿਲ ਹਨ। 


ਨਿਰਾਸ਼ ਵਾਪਸ ਪਰਤਦੇ ਹੋਏ ਕਸ਼ਮੀਰੀ ਕੈਦੀ ਦੇ ਮਾਪੇ (ਸ੍ਰੋਤ: ਇੰਡੀਅਨ ਐਕਸਪ੍ਰੈਸ)

ਆਗਰਾ ਜ਼ੋਨ ਦੇ ਡੀਆਈਜੀ ਜੇਲ੍ਹਾਂ ਸੰਜੀਵ ਤ੍ਰਿਪਾਠੀ ਨੇ ਇੰਡੀਅਨ ਐਕਸਪ੍ਰੈਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਹੈ ਕਿ ਕਸ਼ਮੀਰ ਤੋਂ ਹੋਰ ਕੈਦੀਆਂ ਨੂੰ ਇਹਨਾਂ ਜੇਲ੍ਹਾਂ ਵਿੱਚ ਲਿਆਉਣ ਦੀ ਸੰਭਾਵਨਾ ਹੈ। 

ਕੈਦੀ ਪੁੱਤ ਨੂੰ ਮਿਲਣ ਪਹੁੰਚੇ ਪਿਓ ਦੀ ਮੁਲਾਕਾਤ ਨਾ ਹੋ ਸਕੀ
ਆਗਰਾ ਜੇਲ੍ਹ ਵਿੱਚ ਬੰਦ ਕੀਤੇ ਗਏ ਕਸ਼ਮੀਰ ਦੇ 35 ਸਾਲਾ ਨੌਜਵਾਨ ਪ੍ਰਚਾਰਕ ਨੂੰ ਮਿਲਣ ਲਈ ਪੁਲਵਾਮਾ ਤੋਂ ਆਗਰਾ ਪੁੱਜੇ ਪਿਓ ਨੂੰ ਨਿਰਾਸ਼ ਹੀ ਘਰ ਪਰਤਣਾ ਪਿਆ ਕਿਉਂਕਿ ਜੇਲ੍ਹ ਅਫਸਰਾਂ ਨੇ ਪਿਓ ਦੀ ਪੁੱਤ ਨਾਲ ਮੁਲਾਕਾਤ ਕਰਾਉਣ ਤੋਂ ਨਾਹ ਕਰ ਦਿੱਤੀ।

ਇਸ ਪ੍ਰਚਾਰਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਸਨੂੰ 5 ਅਗਸਤ ਦੀ ਸ਼ਾਮ ਨੂੰ ਘਰੋਂ ਚੁੱਕ ਕੇ ਲੈ ਗਏ ਸਨ। ਉਸ ਮੌਕੇ ਕਿਹਾ ਗਿਆ ਕਿ ਉਸਨੂੰ ਪਬਲਿਕ ਸੇਫਟੀ ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਉਸ ਤੋਂ ਬਾਅਦ ਉਸਨੂੰ ਇੱਥੇ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਉਸਦੀ ਦੋ ਮਹੀਨਿਆਂ ਦੀ ਬੱਚੀ ਆਪਣੇ ਪਿਤਾ ਦਾ ਇੰਤਜ਼ਾਰ ਕਰ ਰਹੀ ਹੈ।

ਅਜਿਹਾ ਹੀ ਹਾਲ ਜੇਲ੍ਹ ਵਿੱਚ ਬੰਦ ਇੱਕ ਕਸ਼ਮੀਰੀ ਵਿਦਿਆਰਥੀ ਦੇ ਮਾਪਿਆਂ ਦਾ ਹੈ ਜੋ ਕਈ ਦਿਨਾਂ ਤੋਂ ਆਪਣੇ ਪੁੱਤਰ ਨੂੰ ਮਿਲਣ ਲਈ ਜੇਲ੍ਹ ਅਫਸਰਾਂ ਦੇ ਤਰਲੇ ਕਰ ਰਹੇ ਹਨ ਪਰ ਮੁਲਾਕਾਤ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ।