ਗਿੱਧੇ ਭੰਗੜੇ ਦੇ ਬੁੱਤਾਂ ਨੂੰ ਹਟਾਉਣ ਲਈ ਕੱਲ੍ਹ ਹੋਵੇਗੀ ਸਿੱਖ ਨੌਜਵਾਨਾਂ ਦੀ ਇਕੱਤਰਤਾ

ਗਿੱਧੇ ਭੰਗੜੇ ਦੇ ਬੁੱਤਾਂ ਨੂੰ ਹਟਾਉਣ ਲਈ ਕੱਲ੍ਹ ਹੋਵੇਗੀ ਸਿੱਖ ਨੌਜਵਾਨਾਂ ਦੀ ਇਕੱਤਰਤਾ

ਅੰਮ੍ਰਿਤਸਰ: ਦਰਬਾਰ ਸਾਹਿਬ ਦੇ ਪਹੁੰਚ ਮਾਰਗ ਨੂੰ ਨਵੀਂ ਦਿੱਖ ਦੇਣ ਦੇ ਨਾਂ ਹੇਠ ਕੀਤੀਆਂ ਗਈਆਂ ਤਬਦੀਆਂ ਦੌਰਾਨ ਵਿਰਾਸਤ ਦੇ ਨਾਂ ਹੇਠ ਸਥਾਪਤ ਕੀਤੇ ਗਏ ਗਿੱਧਾ ਅਤੇ ਭੰਗੜਾ ਦੇ ਬੁੱਤਾਂ ਨੂੰ ਹਟਾਉਣ ਲਈ ਪੰਜਾਬ ਦੀਆਂ ਸਿੱਖ ਨੌਜਵਾਨ ਜਥੇਬੰਦੀਆਂ ਵਲੋਂ 27 ਅਪ੍ਰੈਲ ਨੂੰ ਵਿਰਾਸਤੀ ਮਾਰਗ ਵਿਖੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।


ਪਹੁੰਚ ਮਾਰਗ 'ਤੇ ਲੱਗੇ ਹੋਏ ਭੰਗੜੇ ਦੇ ਬੁੱਤ

ਇਹ ਜਾਣਕਾਰੀ ਸਾਂਝੀ ਕਰਦਿਆਂ ਪੰਥਕ ਆਗੂ ਭਾਈ ਗੁਰਸੇਵਕ ਸਿੰਘ ਭਾਣਾ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਪਪਲਪ੍ਰੀਤ ਸਿੰਘ, ਭਾਈ ਸੁਖਚੈਨ ਸਿੰਘ ਗੋਪਾਲਾ, ਜਥਾ ਸਿਰਲੱਥ ਖ਼ਾਲਸਾ ਦੇ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਭਾਈ ਪਰਮਜੀਤ ਸਿੰਘ ਅਕਾਲੀ, ਜਥਾ ਹਿੰਮਤ-ਏ-ਖ਼ਾਲਸਾ ਦੇ ਭਾਈ ਪੰਜਾਬ ਸਿੰਘ ਸੁਲਤਾਨਵਿੰਡ, ਭਾਈ ਭੁਪਿੰਦਰ ਸਿੰਘ (ਛੇ ਜੂਨ), ਭਾਈ ਸੁਖਰਾਜ ਸਿੰਘ ਨਿਆਮੀਵਾਲਾ, ਭਾਈ ਜਸਵੀਰ ਸਿੰਘ ਮੁਕਤਸਰ, ਭਾਈ ਗੁਰਪਿੰਦਰ ਸਿੰਘ ਮੱਲ੍ਹੇਵਾਲਾ ਆਦਿ ਨੇ ਦਸਿਆ ਕਿ ਇਹ ਵਿਰੋਧ ਪ੍ਰਦਰਸ਼ਨ ਦੁਪਹਿਰ ਦੇ 12 ਵਜੇ ਤੋਂ ਤਿੰਨ ਵਜੇ ਤਕ ਕੀਤਾ ਜਾਵੇਗਾ।

ਉਹਨਾਂ ਕਿਹਾ ਕਿ ਅਖੌਤੀ ਪੰਥਕ ਬਾਦਲ ਸਰਕਾਰ ਸਮੇਂ ਬੁੱਤ ਲਗਾਏ ਗਏ ਸਨ ਜਿਨ੍ਹਾਂ ਦਾ ਸਿੱਖੀ ਨਾਲ ਕੋਈ ਸੰਬੰਧ ਨਹੀਂ। ਜੇ ਬੁੱਤ ਲਗਾਉਣੇ ਹੀ ਸਨ ਤਾਂ ਉਨ੍ਹਾਂ ਸਿੱਖ ਸ਼ਹੀਦਾਂ ਜਾਂ ਜਰਨੈਲਾਂ ਦੇ ਲਗਾਏ ਜਾਂਦੇ ਜਿਨ੍ਹਾਂ ਨੇ ਪੰਥ ਤੇ ਪੰਜਾਬ ਦੀ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ। ਦਰਬਾਰ ਸਾਹਿਬ ਰੂਹਾਨੀਅਤ, ਸ਼ਰਧਾ, ਸਤਿਕਾਰ ਅਤੇ ਸਿੱਖੀ ਦਾ ਮੁੱਖ ਕੇਂਦਰੀ ਅਸਥਾਨ ਹੈ ਜਿਥੇ ਹਰ ਪ੍ਰਾਣੀ ਆਤਮਿਕ ਅਨੰਦ ਤੇ ਸ਼ਾਂਤੀ ਪ੍ਰਾਪਤ ਕਰਨ ਲਈ ਸਿਜਦਾ ਕਰਦਾ ਹੈ, ਇਸ ਦੇ ਨੇੜੇ ਗਿੱਧਾ-ਭੰਗੜਾ ਦੇ ਬੁੱਤ ਸ਼ੋਭਾ ਨਹੀਂ ਦਿੰਦੇ।