ਭਗਤ ਰਵਿਦਾਸ ਜੀ ਦੇ ਅਸਥਾਨ ਨੂੰ ਢਾਹੁਣ ਖਿਲਾਫ ਦਿੱਲੀ ਵਿੱਚ ਇਕੱਤਰ ਹੋਏ ਹਜ਼ਾਰਾਂ ਲੋਕ; ਪੁਲਿਸ ਨੇ ਕੀਤਾ ਲਾਠੀਚਾਰਜ

ਭਗਤ ਰਵਿਦਾਸ ਜੀ ਦੇ ਅਸਥਾਨ ਨੂੰ ਢਾਹੁਣ ਖਿਲਾਫ ਦਿੱਲੀ ਵਿੱਚ ਇਕੱਤਰ ਹੋਏ ਹਜ਼ਾਰਾਂ ਲੋਕ; ਪੁਲਿਸ ਨੇ ਕੀਤਾ ਲਾਠੀਚਾਰਜ

ਨਵੀਂ ਦਿੱਲੀ: ਦਿੱਲੀ ਦੇ ਤੁਗਲਕਾਬਾਦ ਖੇਤਰ ਵਿੱਚ ਢਾਹੇ ਗਏ ਭਗਤ ਰਵਿਦਾਸ ਜੀ ਦੇ ਸਥਾਨ ਨੂੰ ਦੁਬਾਰਾ ਬਣਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰਨ ਦਿੱਲੀ ਪਹੁੰਚੇ ਲੋਕਾਂ 'ਤੇ ਦਿੱਲੀ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ। ਅਸਥਾਨ ਢਾਹੁਣ ਖਿਲਾਫ ਲੋਕਾਂ ਵਿੱਚ ਬਹੁਤ ਰੋਸ ਹੈ ਜਿਸ ਕਾਰਨ ਪੰਜਾਬ ਬੰਦ ਵੀ ਕੀਤਾ ਜਾ ਚੁੱਕਿਆ ਹੈ ਤੇ ਬੀਤੇ ਕੱਲ੍ਹ ਲੋਕ ਆਪਣੀ ਮੰਗ ਲਈ ਦਿੱਲੀ ਇਕੱਤਰ ਹੋਏ ਸਨ। ਇਸ ਮੌਕੇ ਲੋਕਾਂ ਵੱਲੋਂ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ ਜੋ ਪੁਲਿਸ ਦੇ ਲਾਠੀਚਾਰਜ ਨਾਲ ਹੋਰ ਵੀ ਭੜਕ ਗਿਆ।

ਭਾਰਤ ਦੇ ਵੱਖ-ਵੱਖ ਖੇਤਰਾਂ ਵਿਚੋਂ ਭਗਤ ਰਵਿਦਾਸ ਜੀ ਦੇ ਹਜ਼ਾਰਾਂ ਸ਼ਰਧਾਲੂ ਲੋਕ ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਪਹੁੰਚੇ ਹੋਏ ਸਨ। ਲੋਕਾਂ ਦਾ ਇਹ ਵੱਡਾ ਇਕੱਠ ਅੰਬੇਦਕਰ ਭਵਨ ਤੋਂ ਰਾਮ ਲੀਲਾ ਮੈਦਾਨ ਵੱਲ ਜੈ ਭੀਮ ਦੇ ਨਾਅਰੇ ਮਾਰਦਿਆਂ ਮਾਰਚ ਕਰਦਾ ਨਿੱਕਲਿਆ। ਲੋਕਾਂ ਦੀ ਮੰਗ ਹੈ ਕਿ ਭਗਤ ਰਵਿਦਾਸ ਜੀ ਦੇ ਅਸਥਾਨ ਨੂੰ ਉਸੇ ਥਾਂ 'ਤੇ ਦੁਬਾਰਾ ਬਣਾਇਆ ਜਾਵੇ ਜਿੱਥੋਂ ਢਾਹਿਆ ਗਿਆ ਹੈ।