ਕਈ ਘੰਟਿਆਂ ਦੇ ਡਰਾਮੇ ਮਗਰੋਂ ਚਿਦੱਮਬਰੱਮ ਦੀ ਗ੍ਰਿਫਤਾਰੀ

ਕਈ ਘੰਟਿਆਂ ਦੇ ਡਰਾਮੇ ਮਗਰੋਂ ਚਿਦੱਮਬਰੱਮ ਦੀ ਗ੍ਰਿਫਤਾਰੀ

ਨਵੀਂ ਦਿੱਲੀ: ਬੀਤੀ ਰਾਤ ਕਈ ਘੰਟਿਆਂ ਦੀ ਛਾਪੇਮਾਰੀ ਮਗਰੋਂ ਨਾਟਕੀ ਜਿਹੇ ਢੰਗ ਨਾਲ ਸੀਬੀਆਈ ਦੇ ਅਫਸਰਾਂ ਨੇ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਕਾਂਗਰਸ ਦੇ ਮੁੱਖ ਆਗੂ ਪੀ.ਚਿਦੱਮਬਰੱਮ ਦੇ ਘਰ ਦੀਆਂ ਕੰਧਾਂ ਟੱਪ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਗ੍ਰਿਫਤਾਰੀ ਆਈਐੱਨਐੱਕਸ ਮੀਡੀਆ ਕੇਸ ਸਬੰਧੀ ਕੀਤੀ ਗਈ ਹੈ।

ਇਹ ਗ੍ਰਿਫਤਾਰੀ ਲਗਭਗ ਰਾਤ ਦੇ 9.45 'ਤੇ ਹੋਈ। ਇਸ ਗ੍ਰਿਫਤਾਰੀ ਮੌਕੇ ਚਿਦੱਮਬਰੱਮ ਖਿਲਾਫ ਜਾਂਚ ਕਰ ਰਹੇ ਈਡੀ ਦੇ ਅਫਸਰ ਵੀ ਮੋਜੂਦ ਸਨ। 

ਗ੍ਰਿਫਤਾਰੀ ਤੋਂ ਪਹਿਲਾਂ ਚਿਦੱਮਬਰੱਮ ਨੇ ਆਲ ਇੰਡੀਆ ਕਾਂਘਰਸ ਕਮੇਟੀ ਦੇ ਮੁੱਖ ਦਫਤਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਚਿਦੱਮਬਰੱਮ ਨੇ ਕਿਹਾ ਕਿ ਜਿਸ ਮਾਮਲੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਉਸ ਮਾਮਲੇ ਵਿੱਚ ਉਹਨਾਂ ਦਾ ਜਾਂ ਉਹਨਾਂ ਦੇ ਪਰਿਵਾਰ ਦੇ ਕਿਸੇ ਵੀ ਜੀਅ ਦਾ ਦੋਸ਼ੀਆਂ ਵਜੋਂ ਨਾਮ ਸ਼ਾਮਿਲ ਨਹੀਂ ਸੀ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਸੀਬੀਆਈ ਵੱਲੋਂ ਚਾਰਜਸ਼ੀਟ ਵੀ ਦਾਖਲ ਨਹੀਂ ਕੀਤੀ ਗਈ ਜਿਸ ਵਿੱਚ ਉਹਨਾਂ 'ਤੇ ਕੋਈ ਦੋਸ਼ ਲੱਗਿਆ ਹੋਵੇ। ਚਿਦੱਮਬਰੱਮ ਨੇ ਕਿਹਾ ਕਿ ਉਹ ਕਾਨੂੰਨ ਦਾ ਸਤਿਕਾਰ ਕਰਦੇ ਹਨ ਭਾਵੇਂਕਿ ਜਾਂਚ ਅਜੈਂਸੀ ਦੀ ਜਾਂਚ ਪੱਖਪਾਤੀ ਜਾਂਚ ਨਾਲ ਇਹ ਕਾਨੂੰਨ ਗਲਤ ਢੰਗ ਨਾਲ ਵਰਤਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਦਿੱਲੀ ਹਾਈ ਕੋਰਟ ਵੱਲੋਂ ਚਿਦੱਮਬਰੱਮ ਦੀ ਅਗਾਂਊਂ ਜ਼ਮਾਨਤ ਦੀ ਅਰਜ਼ੀ ਰੱਦ ਕੀਤੇ ਜਾਣ ਮਗਰੋਂ ਜਦੋਂ ਸੀਬੀਆਈ ਅਤੇ ਈਡੀ ਨੇ ਉਹਨਾਂ ਨੂੰ ਫੜ੍ਹਨ ਲਈ ਛਾਪੇਮਾਰੀਆਂ ਸ਼ੁਰੂ ਕਰ ਦਿੱਤੀਆਂ ਸਨ ਤਾਂ ਬੀਤੇ ਕੱਲ੍ਹ ਚਿਦੱਮਬਰੱਮ ਦੇ ਵਕੀਲਾਂ ਨੇ ਇਕ ਆਖਰੀ ਕੋਸ਼ਿਸ਼ ਕਰਦਿਆਂ ਅਗਾਂਊਂ ਜ਼ਮਾਨਤ ਲਈ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਸੀ ਪਰ ਉੱਥੋਂ ਵੀ ਚਿਦੱਮਬਰੱਮ ਨੂੰ ਕੋਈ ਰਾਹਤ ਨਹੀਂ ਮਿਲੀ ਸੀ। 

ਚਿਦੱਮਬਰੱਮ ਨੇ ਆਪਣੀ ਇਸ ਗ੍ਰਿਫਤਾਰੀ ਨੂੰ ਉਹਨਾਂ ਦੀ ਅਜ਼ਾਦੀ 'ਤੇ ਹਮਲਾ ਦੱਸਿਆ ਹੈ। ਕਾਂਗਰਸ ਵੱਲੋਂ ਚਿਦੱਮਰੱਮ ਦੀ ਗ੍ਰਿਫਤਾਰੀ ਦਾ ਸਖਤ ਵਿਰੋਧ ਕੀਤਾ ਗਿਆ ਹੈ।