ਗੁਰੂ ਸਾਹਿਬ ਦੀ ਬੇਅਦਬੀ ਕਰਦੀ ਫਿਲਮ ਦਾਸਤਾਨ-ਏ-ਮੀਰੀ-ਪੀਰੀ ਦੇ ਪੋਸਟਰ ਪਾੜਨ ਲੱਗੇ ਸਿੱਖ

ਬਟਾਲਾ: ਗੁਰੂ ਅਰਜਨ ਸਾਹਿਬ ਪਾਤਸ਼ਾਹ ਅਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਕਾਰਟੂਨ ਬਣਾ ਕੇ ਬੇਅਦਬੀ ਕਰਦੀ ਫਿਲਮ "ਦਾਸਤਾਨ-ਏ-ਮੀਰੀ-ਪੀਰੀ" ਖਿਲਾਫ ਸਿੱਖ ਸੰਗਤਾਂ ਦਾ ਰੋਹ ਵੱਧਦਾ ਜਾ ਰਿਹਾ ਹੈ ਤੇ 5 ਜੂਨ ਨੂੰ ਜਾਰੀ ਹੋਣ ਵਾਲੀ ਇਸ ਫਿਲਮ 'ਤੇ ਪੂਰਨ ਰੋਕ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦੀ ਢਿੱਲੜ ਕਾਰਵਾਈ ਦੇ ਚਲਦਿਆਂ ਸਿੱਖ ਸੰਗਤਾਂ ਦਾ ਸ਼੍ਰੋਮਣੀ ਕਮੇਟੀ ਖਿਲਾਫ ਵੀ ਰੋਹ ਵੱਧ ਰਿਹਾ ਹੈ। 

ਸਿੱਖਾਂ ਨੇ ਹੁਣ ਗੁਰੂ ਸਾਹਿਬ ਦੀ ਬੇਅਦਬੀ ਕਰਦੀ ਇਸ ਫਿਲਮ ਦੇ ਪੋਸਟਰ ਪਾੜਨੇ ਸ਼ੁਰੂ ਕਰ ਦਿੱਤੇ ਹਨ। ਬਟਾਲਾ ਸ਼ਹਿਰ ਵਿੱਚ ਡੀਏਵੀ ਆਰ.ਆਰ. ਬਾਵਾ ਕਾਲਜ ਕੋਲ ਹੰਸਲੀ ਨਾਲੇ ਦੇ ਪੁੱਲਾਂ ਉੱਤੇ ਲੱਗੇ ਇਸ ਫਿਲਮ ਦੇ ਵੱਡੇ ਪੋਸਟਰਾਂ ਨੂੰ ਅੱਜ ਸਿੱਖਾਂ ਨੇ ਪਾੜ੍ਹ ਦਿੱਤਾ ਤੇ ਇਸ ਫਿਲਮ 'ਤੇ ਪੂਰਨ ਰੋਕ ਲਾਉਣ ਦੀ ਮੰਗ ਕੀਤੀ। 

ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਅਤੇ ਵਿਦਿਅਕ ਅਦਾਰਿਆਂ ਵਿੱਚ ਇਸ ਫਿਲਮ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਹਨਾਂ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਜਾਗੀ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਇਸ ਫਿਲਮ ਸਬੰਧੀ ਆਪਣੀ ਸਬ-ਕਮੇਟੀ ਦੀ ਬੈਠਕ ਬੁਲਾਈ ਗਈ ਸੀ ਜੋ ਅਜੇ ਤੱਕ ਚੱਲ ਰਹੀ ਹੈ। ਇਸ ਬੈਠਕ ਦੇ ਫੈਂਸਲਿਆਂ 'ਤੇ ਸਮੁੱਚੇ ਸਿੱਖਾਂ ਦੀ ਨਜ਼ਰ ਟਿਕੀ ਹੋਈ ਹੈ। ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਸ ਫਿਲਮ ਨੂੰ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। 

ਦੱਸ ਦਈਏ ਕਿ ਸਿੱਖ ਸਿਧਾਂਤ ਵਿੱਚ ਗੁਰੂ ਸਾਹਿਬ ਦੇ ਚਿੱਤਰ ਬਣਾਉਣ ਜਾ ਗੁਰੂ ਸਾਹਿਬ ਨੂੰ ਫਿਲਮਾਉਣ ਦੀ ਸਖਤ ਮਨਾਹੀ ਹੈ। ਪਰ ਬੀਤੇ ਕੁੱਝ ਸਮੇਂ ਤੋਂ ਵਪਾਰਕ ਲਾਭਾਂ ਲਈ ਵਪਾਰੀ ਤਬਕਾ ਗੁਰੂ ਸਾਹਿਬ ਨੂੰ ਵੱਖ-ਵੱਖ ਰੂਪਾਂ ਵਿੱਚ ਫਿਲਮਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਜਿਸ ਖਿਲਾਫ ਹਰ ਵਾਰ ਸਿੱਖ ਜਗਤ ਦਾ ਰੋਹ ਦੁਨੀਆ ਸਾਹਮਣੇ ਪ੍ਰਤੱਖ ਦਿਸਦਾ ਹੈ। ਪਰ ਸ਼੍ਰੌਮਣੀ ਕਮੇਟੀ ਅੱਜ ਤਕ ਇਨ੍ਹਾਂ ਫਿਲਮਾਂ ਨੂੰ ਰੁਕਵਾਉਣ ਲਈ ਕੋਈ ਪੱਕਾ ਇੰਤਜ਼ਾਮ ਨਹੀਂ ਕਰ ਸਕੀ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ