ਬਾਦਲ ਦਲੀਆਂ ਦੇ ਮੂੰਹ 'ਤੇ ਕਾਲਖ ਮਲੀ

ਬਾਦਲ ਦਲੀਆਂ ਦੇ ਮੂੰਹ 'ਤੇ ਕਾਲਖ ਮਲੀ

ਫਰੀਦਕੋਟ: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਨੂੰ ਜਿੱਥੇ ਲੋਕ ਵੱਖ-ਵੱਖ ਥਾਵਾਂ 'ਤੇ ਕਾਲੀਆਂ ਝੰਡੀਆਂ ਵਖਾ ਕੇ ਵਿਰੋਧ ਕਰ ਰਹੇ ਹਨ ਉੱਥੇ ਹੀ ਬੀਤੇ ਕੱਲ੍ਹ ਫਰੀਦਕੋਟ ਸ਼ਹਿਰ ਵਿੱਚ ਵੱਖ ਵੱਖ ਥਾਵਾਂ 'ਤੇ ਲੱਗੇ ਬਾਦਲ ਦਲ ਦੇ ਆਗੂਆਂ ਦੇ ਪੋਸਟਰਾਂ 'ਤੇ ਕਿਸੇ ਨੇ ਕਾਲਖ ਮਲ ਦਿੱਤੀ ਤੇ "ਪੰਥ ਦੋਸ਼ੀ" ਲਿਖ ਦਿੱਤਾ। ਇਹਨਾਂ ਪੋਸਟਰਾਂ 'ਤੇ ਲੱਗੀਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਅਕਾਲੀ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਅਤੇ ਸਥਾਨਕ ਅਕਾਲੀ ਆਗੂਆਂ ਦੀਆਂ ਤਸਵੀਰਾਂ ਦੇ ਮੂੰਹ ਉੱਤੇ ਇਹ ਕਾਲਖ ਮਲੀ ਗਈ ਹੈ।

ਲੋਕ ਸਭਾ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਅਤੇ 540 ਪਿੰਡਾਂ ਵਿੱਚ ਅਕਾਲੀ ਦਲ ਵੱਲੋਂ 6 ਲੱਖ ਪੋਸਟਰ ਲਾਇਆ ਗਿਆ ਹੈ। ਇੱਕ ਦਿਨ ਪਹਿਲਾਂ ਫਰੀਦਕੋਟ ਸ਼ਹਿਰ ਵਿੱਚ ਕੁਝ ਜਨਤਕ ਥਾਵਾਂ ਤੋਂ ਅਕਾਲੀ ਦਲ ਦੇ ਪੋਸਟਰ ਫਾੜੇ ਗਏ ਸਨ ਅਤੇ ਅੱਜ ਅਕਾਲੀ ਦਲ ਦੇ ਪੋਸਟਰਾਂ ਉੱਪਰ ਕਾਲਖ਼ ਮਲ ਦਿੱਤੀ ਗਈ। ਅਕਾਲੀ ਦਲ ਦੇ 200 ਤੋਂ ਵੱਧ ਪੋਸਟਰਾਂ ਉੱਪਰ ਕਾਲਖ ਮਲੀ ਗਈ ਹੈ। ਹਾਲਾਂਕਿ ਕਾਲਖ ਮਲਣ ਵਾਲਿਆਂ ਦੀ ਅਜੇ ਤੱਕ ਸ਼ਨਾਖਤ ਨਹੀਂ ਹੋ ਸਕੀ। 

ਬਾਦਲ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਨੂੰ ਬਰਗਾੜੀ ਫੇਰੀ ਦੌਰਾਨ ਕਾਲੀਆਂ ਝੰਡੀਆਂ ਵੀ ਦਿਖਾਈਆਂ ਗਈਆਂ ਸਨ ਅਤੇ ਵੱਖ ਵੱਖ ਥਾਵਾਂ 'ਤੇ ਚੋਣ ਰੈਲੀਆਂ ਵਿੱਚ ਸਖ਼ਤ ਵਿਰੋਧ ਹੋ ਰਿਹਾ ਹੈ।  ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਉਸ ਸਮੇਂ ਦੀ ਬਾਦਲ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਦਾ ਲੋਕਾਂ ਵਿੱਚ ਬਹੁਤ ਰੋਸ ਹੈ।

13 ਮਈ ਨੂੰ ਸੁਖਬੀਰ ਸਿੰਘ ਬਾਦਲ ਨੇ ਫਰੀਦਕੋਟ ਵਿੱਚ ਚੋਣ ਪ੍ਰਚਾਰ ਲਈ ਆਉਣਾ ਹੈ ਅਤੇ ਉਸ ਤੋਂ ਪਹਿਲਾਂ ਅਕਾਲੀ ਦਲ ਖਿਲਾਫ਼ ਮਾਹੌਲ ਗਰਮ ਹੋਣਾ ਸ਼ੁਰੂ ਹੋ ਗਿਆ ਹੈ।  ਹੁਣ ਹਾੜ੍ਹੀ ਤੋਂ ਵਿਹਲੇ ਹੋਣ ਤੋਂ ਬਾਅਦ ਲੋਕਾਂ ਨੇ ਸਿਆਸੀ ਆਗੂਆਂ ਤੇ ਉਮੀਦਵਾਰਾਂ ਨੂੰ ਆਪਣਾ ਰੋਸ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। 

ਸ਼੍ਰੋਮਣੀ ਅਕਾਲੀ ਦਲ ਨੇ ਇਸ ਘਟਨਾ ਸਬੰਧੀ ਅਜੇ ਤੱਕ ਕਿਸੇ ਖ਼ਿਲਾਫ਼ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ। ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਅਤੇ ਫਰੀਦਕੋਟ ਦੇ ਸੀਨੀਅਰ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਅਕਾਲੀ ਦਲ ਦੇ ਪੋਸਟਰਾਂ ਨੂੰ ਫਾੜਨ ਅਤੇ ਉਨ੍ਹਾਂ ਉੱਪਰ ਕਾਲਖ ਮਲਣ ਦੀ ਹਰਕਤ ਆਮ ਲੋਕਾਂ ਵੱਲੋਂ ਨਹੀਂ ਬਲਕਿ ਕੁਝ ਸਿਆਸੀ ਵਿਅਕਤੀਆਂ ਵੱਲੋਂ ਉਨ੍ਹਾਂ ਨੂੰ ਬਦਨਾਮ ਕਰਨ ਲਈ ਰਚੀ ਗਈ ਸਾਜਿਸ਼ ਦਾ ਹਿੱਸਾ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ