ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਦਰਸ਼ਨੀ ਸਥਾਨ ਢਾਹਿਆ

ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਦਰਸ਼ਨੀ ਸਥਾਨ ਢਾਹਿਆ

ਡੇਰਾ ਬਾਬਾ ਨਾਨਕ: ਲਹਿੰਦੇ ਪੰਜਾਬ ਵਿੱਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦੂਰਬੀਨ ਰਾਹੀਂ ਦਰਸ਼ਨ ਕਰਨ ਲਈ ਬਣਾਇਆ ਗਿਆ ਸਥਾਨ ਬੀਤੇ ਕੱਲ੍ਹ ਢਾਹ ਦਿੱਤਾ ਗਿਆ।  ਸਾਢੇ ਤਿੰਨ ਮੀਟਰ ਉੱਚਾ, 20 ਫੁੱਟ ਲੰਬਾ ਤੇ 15 ਫੁੱਟ ਚੌੜਾ ਇਹ ਪਲੇਟਫਾਰਮ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਦੇ ਇਤਿਹਾਸਕ ਗੁਰਦੁਆਰੇ ਤੱਕ ਲਾਂਘਾ ਬਣਾਏ ਜਾਣ ਦੇ ਮੱਦੇਨਜ਼ਰ ਢਾਹਿਆ ਗਿਆ ਹੈ। ਬਾਬਾ ਗੁਰਚਰਨ ਸਿੰਘ ਬੇਦੀ ਜਗਜੀਤ ਸਿੰਘ ਬੇਦੀ ਮੈਮੋਰੀਅਲ ਚੈਰੀਟੇਬਲ ਹਸਪਤਾਲ ਵੱਲੋਂ ਬਣਵਾਏ ਇਸ ਸਥਾਨ ਦਾ ਉਦਘਾਟਨ 6 ਮਈ 2008 ਨੂੰ ਬੀਐੱਸਐੱਫ (ਪੰਜਾਬ ਫਰੰਟੀਅਰ) ਦੇ ਤਤਕਾਲੀ ਆਈਜੀ ਹਿੰਮਤ ਸਿੰਘ ਨੇ ਕੀਤਾ ਸੀ।

ਇਸ ਸਥਾਨ 'ਤੇ ਖੜ੍ਹ ਕੇ ਸਿੱਖ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਦੇ ਅਰਦਾਸਾਂ ਕਰਦੇ ਰਹੇ ਹਨ ਕਿ ਉਹਨਾਂ ਨੂੰ ਕਰਤਾਰ ਸਾਹਿਬ ਜਾਣ ਲਈ ਖੁੱਲ੍ਹੇ ਲਾਂਘੇ ਦੀ ਪ੍ਰਾਪਤੀ ਹੋਵੇ। ਲਾਂਘੇ ਦਾ ਨਿਰਮਾਣ ਕਰ ਰਹੀ ਪ੍ਰਾਈਵੇਟ ਕੰਪਨੀ ਸੀਗਲ ਇੰਡੀਆ ਲਿਮਟਿਡ ਦੇ ਉਪ ਪ੍ਰਧਾਨ ਜਤਿੰਦਰ ਸਿੰਘ ਵੱਲੋਂ ਦਰਸ਼ਨ ਸਥਾਨ ਦੀਆਂ ਦੂਰਬੀਨਾਂ ਬੀਐੱਸਐੱਫ ਨੂੰ ਸੌਂਪ ਦਿੱਤੀਆਂ ਗਈਆਂ। ਇਸ ਜਗ੍ਹਾ ਤੋਂ ਕਰਤਾਰਪੁਰ ਸਾਹਿਬ ਦੀ ਸਿੱਧੀ ਦੂਰੀ ਸਾਢੇ ਚਾਰ ਕਿਲੋਮੀਟਰ ਹੈ। 


ਦੂਰਬੀਨ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੀਆਂ ਹੋਈਆਂ ਸੰਗਤਾਂ

ਦੱਸਣਯੋਗ ਹੈ ਕਿ ਸੰਗਤਾਂ ਨੂੰ ਅਪਰੈਲ ਦੇ ਆਖ਼ਰੀ ਹਫ਼ਤੇ ਸੂਚਿਤ ਕਰ ਦਿੱਤਾ ਗਿਆ ਸੀ ਕਿ ਉਹ 6 ਮਈ ਤੱਕ ਇਸ ਸਥਾਨ ਤੋਂ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਦੇ ਦਰਸ਼ਨ ਕਰ ਸਕਦੇ ਹਨ। ਕੁਝ ਧਾਰਮਿਕ ਜਥੇਬੰਦੀਆਂ ਨੇ ਕੋਸ਼ਿਸ਼ ਕੀਤੀ ਸੀ ਕਿ ਇਸ ਸਥਾਨ ਨੂੰ ਕੁੱਝ ਦੇਰ ਹੋਰ ਨਾ ਤੋੜਿਆ ਜਾਵੇ ਪਰ ਕੌਰੀਡੋਰ ਦੇ ਕੰਮ ਦੇ ਚੱਲਦਿਆਂ ਇਸ ਨੂੰ ਬੂਰ ਨਹੀਂ ਪਿਆ।

ਦੱਸਣਯੋਗ ਹੈ ਕਿ ਅਗਲੇ ਤਿੰਨ ਮਹੀਨੇ ਵਿੱਚ ਸੌ ਮੀਟਰ ਦੇ ਪੁਲ ਦੀ ਉਸਾਰੀ ਵੀ ਸ਼ੁਰੂ ਹੋ ਜਾਵੇਗੀ। ਇਹ ਪੁਲ ਲਾਂਘੇ ਦਾ ਹਿੱਸਾ ਹੈ। ਭਾਰਤ ਵਾਲੇ ਪਾਸੇ ਲਾਂਘੇ ਦੇ ਨਿਰਮਾਣ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ ਅਤੇ ਇਹ ਕੰਮ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਜਨਮ ਦਿਹਾੜੇ ਦੇ ਨਵੰਬਰ ਵਿੱਚ ਹੋਣ ਵਾਲੇ ਸਮਾਗਮਾਂ ਤੋਂ ਪਹਿਲਾਂ ਸਤੰਬਰ ਦੇ ਆਖ਼ਰੀ ਹਫ਼ਤੇ ਪੂਰਾ ਹੋਣ ਦੀ ਉਮੀਦ ਹੈ।

ਪੰਜਾਬ ਸਰਕਾਰ ਵੱਲੋਂ ਕੈਬਿਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਲਾਂਘੇ ਦੇ ਨਿਰਮਾਣ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਦਰਸ਼ਨ ਸਥਾਨ ਨੂੰ ਢਾਹੁਣਾ ਭਾਵੁਕ ਕਰਨ ਵਾਲਾ ਸੀ। ਉਨ੍ਹਾਂ ਕਿਹਾ ਕਿ ਕਈ ਵਾਰ ਛੋਟੀਆਂ ਚੀਜ਼ਾਂ ਨੂੰ ਵੱਡੀਆਂ ਪ੍ਰਾਪਤੀਆਂ ਲਈ ਕੁਰਬਾਨ ਕਰਨਾ ਪੈਂਦਾ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ