ਪਾਕਿਸਤਾਨ ਨੇ ਕੌਮੀ ਕਾਰਵਾਈ ਨੀਤੀ ਅਧੀਨ ਮਸੂਦ ਅਜ਼ਹਰ ਦੇ ਭਰਾ ਸਮੇਤ 44 ਲੋਕਾਂ ਨੂੰ ਹਿਰਾਸਤ ਵਿਚ ਲਿਆ
ਇਸਲਾਮਾਬਾਦ: ਪਾਕਿਸਤਾਨ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਕੌਮੀ ਪੱਧਰ 'ਤੇ ਬਣਾਈ ਨੀਤੀ ਤਹਿਤ 44 ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ ਜਿਹਨਾਂ ਵਿਚ ਜੈਸ਼-ਏ-ਮੋਹਮਦ ਨਾਲ ਸਬੰਧਿਤ ਮੁਫਤੀ ਅਬਦੁਲ ਰਾਊਫ ਅਤੇ ਹਮਦ ਅਜ਼ਹਰ ਵੀ ਸ਼ਾਮਲ ਹਨ। ਹਮਦ ਅਜ਼ਹਰ ਨੂੰ ਜੈਸ਼-ਏ-ਮੋਹਮਦ ਦੇ ਮੁਖੀ ਮਸੂਦ ਅਜ਼ਹਰ ਦਾ ਭਰਾ ਦੱਸਿਆ ਜਾ ਰਿਹਾ ਹੈ।
ਇਹਨਾਂ ਲੋਕਾਂ ਨੂੰ ਹਿਰਾਸਤ ਵਿਚ ਲੈਣ ਦੀ ਜਾਣਕਾਰੀ ਦਿੰਦਿਆਂ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਸ਼ਹਿਰਯਾਰ ਅਫਰੀਦੀ ਅਤੇ ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਦੇ ਸਕੱਤਰ ਆਜ਼ਮ ਸੁਲੇਮਾਨ ਖਾਨ ਨੇ ਦੱਸਿਆ ਕਿ ਇਹ ਕਾਰਵਾਈ ਪਾਕਿਸਤਾਨ ਸਰਕਾਰ ਵਲੋਂ ਬਣਾਈ ਗਈ ਕੌਮੀ ਕਾਰਵਾਈ ਨੀਤੀ ਤਹਿਤ ਕੀਤੀ ਗਈ ਹੈ। ਇਸ ਸਬੰਧੀ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਵਿਚ 4 ਮਾਰਚ ਨੂੰ ਇਕ ਉੱਚ ਪੱਧਰੀ ਬੈਠਕ ਕੀਤੀ ਗਈ ਸੀ ਜਿਸ ਵਿਚ ਸਾਰੇ ਸੂਬਿਆਂ ਦੇ ਨੁਮਾਂਇੰਦੇ ਸ਼ਾਮਿਲ ਹੋਏ ਸਨ। ਉਨ੍ਹਾਂ ਕਿਹਾ ਕਿ ਉਸ ਨੀਤੀ ਤਹਿਤ ਇਹ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਹਿਰਾਸਤ ਵਿਚ ਲਏ ਗਏ ਵਿਅਕਤੀਆਂ ਵਿਚ ਕੁਝ ਅਜਿਹੇ ਨਾਂ ਵੀ ਸ਼ਾਮਿਲ ਹਨ ਜਿਹਨਾਂ ਦਾ ਜ਼ਿਕਰ ਭਾਰਤ ਵਲੋਂ ਪੁਲਵਾਮਾ ਹਮਲੇ ਸਬੰਧੀ ਪਾਕਿਸਤਾਨ ਨੂੰ ਦਿੱਤੇ ਗਏ ਡੋਜ਼ੀਅਰ ਵਿਚ ਪਾਇਆ ਗਿਆ ਸੀ। ਪਰ ਮੰਤਰੀ ਨੇ ਸਾਫ ਕੀਤਾ ਕਿ ਇਸਦਾ ਇਹ ਮਤਲਬ ਨਹੀਂ ਕਿ ਇਹ ਕਾਰਵਾਈ ਸਿਰਫ ਉਨ੍ਹਾਂ ਲੋਕਾਂ ਖਿਲਾਫ ਕੀਤੀ ਜਾ ਰਹੀ ਹੈ ਜਿਹਨਾਂ ਦਾ ਨਾਂ ਉਸ ਡੋਜ਼ੀਅਰ ਵਿਚ ਹੈ।
ਅਫਰੀਦੀ ਨੇ ਸਾਫ ਕੀਤਾ ਕਿ ਇਹ ਕਾਰਵਾਈ ਪਾਕਿਸਤਾਨ ਦੀ ਅੰਦਰੂਨੀ ਨੀਤੀ ਤਹਿਤ ਕੀਤੀ ਜਾ ਰਹੀ ਹੈ ਜੋ ਅਗਲੇ ਦੋ ਹਫਤੇ ਜਾਰੀ ਰਹੇਗੀ।
ਗੌਰਤਲਬ ਹੈ ਕਿ ਬੀਤੇ ਕੱਲ੍ਹ ਪਾਕਿਸਤਾਨ ਸਰਕਾਰ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਹੁਕਮ ਨੂੰ ਨੋਟੀਫਾਇਡ ਕੀਤਾ ਸੀ ਜਿਸ ਮੁਤਾਬਿਕ ਇਹ ਕਾਰਵਾਈ ਕੀਤੀ ਜਾ ਰਹੀ ਹੈ।
Comments (0)