ਭਾਰਤ ਵਲੋਂ ਪਾਕਿਸਤਾਨ ਦੇ ਸਮੁੰਦਰੀ ਖੇਤਰ ਵਿਚ ਪਣਡੁੱਬੀ ਵਾੜਨ ਦੀ ਕੋਸ਼ਿਸ਼ ਅਸਫਲ ਕੀਤੀ: ਪਾਕਿਸਤਾਨ ਜਲ ਫੌਜ (ਵੀਡੀਓ)
ਇਸਲਾਮਾਬਾਦ: ਪਾਕਿਸਤਾਨ ਅਤੇ ਭਾਰਤ ਦਰਮਿਆਨ ਪਿਛਲੇ ਦਿਨਾਂ ਦੌਰਾਨ ਚੱਲ ਰਹੇ ਮਾਹੌਲ ਵਿਚ ਭਾਰਤ ਵਲੋਂ ਇਕ ਹੋਰ ਹਮਲੇ ਦੀ ਕੋਸ਼ਿਸ਼ ਨੂੰ ਪਾਕਿਸਤਾਨ ਫੌਜ ਨੇ ਅਸਫਲ ਕਰਨ ਦਾ ਦਾਅਵਾ ਕੀਤਾ ਹੈ। ਪਾਕਿਸਤਾਨ ਜਲ ਫੌਜ ਦੇ ਬੁਲਾਰੇ ਨੇ ਬਿਆਨ ਜਾਰੀ ਕੀਤਾ ਹੈ ਕਿ ਸੋਮਵਾਰ ਰਾਤ ਨੂੰ ਪਾਕਿਸਤਾਨ ਜਲ ਫੌਜ ਨੇ ਪਾਕਿਸਤਾਨ ਦੇ ਪਾਣੀ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਭਾਰਤੀ ਪਣਡੁੱਬੀ ਨੂੰ ਵਾਪਿਸ ਮੁੜਨ ਲਈ ਮਜ਼ਬੂਰ ਕਰ ਦਿੱਤਾ। ਇਸ ਸਬੰਧੀ ਪਾਕਿਸਤਾਨ ਫੌਜ ਵਲੋਂ ਇਕ ਵੀਡੀਓ ਵੀ ਜਾਰੀ ਕੀਤੀ ਗਈ ਹੈ, ਜਿਸ ਵਿਚ ਭਾਰਤੀ ਪਣਡੁੱਬੀ ਪਾਣੀ ਵਿਚ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਗੌਰਤਲਬ ਹੈ ਕਿ ਇਸ ਤੋਂ ਕੁਝ ਦਿਨ ਪਹਿਲਾਂ ਭਾਰਤ ਵਲੋਂ ਪਾਕਿਸਤਾਨ ਦੇ ਖੇਤਰ ਵਿਚ ਆਪਣੇ ਹਵਾਈ ਜਹਾਜ਼ਾਂ ਨਾਲ ਬੰਬ ਸੁੱਟੇ ਗਏ ਸੀ ਜਿਸਦੇ ਜਵਾਬ ਵਿਚ ਪਾਕਿਸਤਾਨ ਨੇ ਆਪਣੇ ਹਵਾਈ ਜਹਾਜ਼ ਭਾਰਤੀ ਖੇਤਰ ਵਿਚ ਦਾਖਲ ਕਰਵਾ ਕੇ ਬੰਬ ਸੁੱਟੇ ਸੀ ਤੇ ਇਸ ਦੌਰਾਨ ਹੋਈ ਝੜਪ ਵਿਚ ਪਾਕਿਸਤਾਨ ਨੇ ਭਾਰਤ ਦਾ ਇੱਕ ਜਹਾਜ਼ ਸੁੱਟ ਲਿਆ ਸੀ ਤੇ ਉਸਦਾ ਪਾਇਲਟ ਗ੍ਰਿਫਤਾਰ ਕਰ ਲਿਆ ਸੀ। ਇਸ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਸ਼ਾਂਤੀ ਦੇ ਸੁਨੇਹੇ ਵਜੋਂ ਭਾਰਤੀ ਪਾਇਲਟ ਨੂੰ ਰਿਹਾਅ ਕਰ ਦਿੱਤਾ ਸੀ।
ਪਾਕਿਸਤਾਨ ਫੌਜ ਦੇ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਫੌਜ ਭਾਰਤੀ ਪਣਡੁੱਬੀ ਨੂੰ ਨਿਸ਼ਾਨਾ ਬਣਾ ਸਕਦੀ ਸੀ ਪਰ ਪਾਕਿਸਤਾਨ ਸਰਕਾਰ ਵਲੋਂ ਸ਼ਾਂਤੀ ਬਹਾਲੀ ਲਈ ਕੀਤੇ ਜਾ ਰਹੇ ਯਤਨਾਂ ਦੇ ਮੱਦੇਨਜ਼ਰ ਅਜਿਹਾ ਨਹੀਂ ਕੀਤਾ ਗਿਆ। ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਨੂੰ ਇਸ ਘਟਨਾ ਤੋਂ ਸਬਕ ਲੈਂਦਿਆਂ ਸ਼ਾਂਤੀ ਵੱਲ ਕਦਮ ਪੁੱਟਣੇ ਚਾਹੀਦੇ ਹਨ।
ਹਲਾਂਕਿ ਭਾਰਤੀ ਮੀਡੀਆ ਵਿਚ ਆਈਆਂ ਖ਼ਬਰਾਂ ਮੁਤਾਬਿਕ ਸਰਕਾਰੀ ਸੂਤਰਾਂ ਨੇ ਪਾਕਿਸਤਾਨ ਦੇ ਇਸ ਦਾਅਵੇ ਨੂੰ ਰੱਦ ਕੀਤਾ ਹੈ, ਪਰ ਭਾਰਤ ਵਲੋਂ ਕੋਈ ਅਧਿਕਾਰਤ ਬਿਆਨ ਇਸ ਸਬੰਧੀ ਫਿਲਹਾਲ ਨਹੀਂ ਆਇਆ ਹੈ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)