ਕੈਨੇਡਾ ਦਾ ਵੀਜ਼ਾ ਨਾ ਮਿਲਣ ਕਾਰਨ ਨੌਜਵਾਨ ਵੱਲੋਂ ਆਤਮ-ਹੱਤਿਆ

ਕੈਨੇਡਾ ਦਾ ਵੀਜ਼ਾ ਨਾ ਮਿਲਣ ਕਾਰਨ ਨੌਜਵਾਨ ਵੱਲੋਂ ਆਤਮ-ਹੱਤਿਆ

ਅਬੋਹਰ/ਏਟੀ ਨਿਊਜ਼ : 
ਵਿਦੇਸ਼ ਜਾਣ ਦਾ ਨਸ਼ਾ ਕਈ ਵਾਰ ਇੰਨੀਆਂ ਹੱਦਾਂ ਟੱਪ ਜਾਂਦਾ ਹੈ ਕਿ ਮਨੁੱਖ ਦਾ ਆਪਣੇ ਆਪ 'ਤੇ ਵੀ ਕਾਬੂ ਨਹੀਂ ਰਹਿੰਦਾ। ਅਜਿਹਾ ਹੀ ਮਾਮਲਾ ਫ਼ਾਜਿਲਕਾ ਦੀ ਗੁਰੂ ਕ੍ਰਿਪਾ ਕਾਲੋਨੀ ਵਿਖੇ ਸਾਹਮਣੇ ਆਇਆ ਹੈ, ਜਿੱਥੇ ਵੀਜ਼ਾ ਨਾ ਲੱਗਣ ਕਾਰਨ ਇੱਕ ਨੌਜਵਾਨ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਜਾਣਕਾਰੀ ਮੁਤਾਬਕ ਗੁਰੂ ਕ੍ਰਿਪਾ ਕਲੋਨੀ ਨਿਵਾਸੀ ਸਬ ਇੰਸਪੈਕਟਰ ਬਲਜੀਤ ਸਿੰਘ ਆਪਣੀ ਪਤਨੀ ਨਾਲ ਸ਼ਾਮ ਨੂੰ ਬਾਜ਼ਾਰ 'ਚ ਸਬਜ਼ੀ ਲੈਣ ਲਈ ਗਿਆ ਸੀ। ਉਸ ਦਾ 25 ਸਾਲ ਦਾ ਪੁੱਤਰ ਨਵਜੋਤ ਸਿੰਘ ਘਰ ਇਕੱਲਾ ਸੀ। ਜਦ ਸਬਜ਼ੀ ਲੈ ਕੇ ਦੇਰ ਸ਼ਾਮ ਨੂੰ ਨਵਜੋਤ ਦੀ ਮਾਂ ਘਰ ਆਈ ਤਾਂ ਉਸ ਨੇ ਵੇਖਿਆ ਕਿ ਨਵਜੋਤ ਆਪਣੇ ਕਮਰੇ ਵਿੱਚ ਰਜਾਈ ਵਿੱਚ ਪਿਆ ਸੀ। ਉਸ ਨੇ ਨੇੜਿਓਂ ਵੇਖਿਆ ਤਾਂ ਨਵਜੋਤ ਖ਼ੂਨ ਨਾਲ ਲੱਥਪੱਥ ਪਿਆ ਸੀ। ਉਸ ਨੇ ਆਪਣੇ ਪਿਤਾ ਦੀ ਸਰਵਿਸ ਰਿਵਾਲਵਰ ਨਾਲ ਆਪਣੇ ਸਿਰ ਵਿੱਚ ਗੋਲੀ ਮਾਰ ਲਈ ਸੀ। ਮਾਂ ਦੇ ਰੋਣ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕਾਂ ਵੀ ਮੌਕੇ ਉਤੇ ਘਰ ਪੁੱਜੇ ਤੇ ਘਟਨਾ ਦੀ ਸੂਚਨਾ ਨਵਜੋਤ ਦੇ ਪਿਤਾ ਬਲਜੀਤ ਸਿੰਘ ਤੇ ਲੋਕਲ ਪੁਲਿਸ ਨੂੰ ਦਿੱਤੀ ਗਈ।
ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਐਸਆਈ ਬਲਜੀਤ ਸਿੰਘ ਦੇ ਦੋ ਬੱਚੇ ਸਨ। ਇਨ੍ਹਾਂ ਵਿੱਚੋਂ ਪਿਛਲੇ ਦਸੰਬਰ ਮਹੀਨੇ ਵਿੱਚ ਉਸ ਨੇ ਆਪਣੀ ਕੁੜੀ ਦਾ ਵਿਆਹ ਕੀਤਾ ਹੈ। ਮ੍ਰਿਤਕ ਨਵਜੋਤ ਕੈਨੇਡਾ ਜਾਣਾ ਚਾਹੁੰਦਾ ਸੀ ਇਸ ਲਈ ਉਸਨੇ ਦੋ ਵਾਰ ਅਪਲਾਈ ਕੀਤਾ ਸੀ ਪਰ ਕਿਸੇ ਕਾਰਨ ਦੋਨਾਂ ਵਾਰ ਹੀ ਉਸ ਦਾ ਵੀਜ਼ਾ ਨਾ ਲੱਗਾ। ਇਸ ਕਾਰਨ ਉਹ ਮਾਨਸਿਕ ਰੂਪ ਵਿੱਚ ਪ੍ਰੇਸ਼ਾਨ ਰਹਿੰਦਾ ਸੀ। ਅਜਿਹੀ ਹਾਲਤ ਵਿੱਚ ਉਸ ਨੇ ਇੰਨਾ ਵੱਡਾ ਕਦਮ ਚੁੱਕ ਲਿਆ।