6 ਸਿੱਖਾਂ ਦੇ ਕਤਲ ਮਾਮਲੇ 'ਚ ਮੁੱਖ ਮੰਤਰੀ ਦੇ ਮੁੱਖ ਸੁਰੱਖਿਆ ਸਲਾਹਕਾਰ ਖੂਬੀ ਰਾਮ ਲਈ ਅਦਾਲਤ ਦਾ ਫੁਰਮਾਨ

6 ਸਿੱਖਾਂ ਦੇ ਕਤਲ ਮਾਮਲੇ 'ਚ ਮੁੱਖ ਮੰਤਰੀ ਦੇ ਮੁੱਖ ਸੁਰੱਖਿਆ ਸਲਾਹਕਾਰ ਖੂਬੀ ਰਾਮ ਲਈ ਅਦਾਲਤ ਦਾ ਫੁਰਮਾਨ
ਖੂਬੀ ਰਾਮ

ਐੱਸ.ਏ.ਐੱਸ. ਨਗਰ: ਪੰਜਾਬ ਪੁਲਿਸ ਵਲੋਂ 1992 ਵਿੱਚ ਬਾਬਾ ਚਰਨ ਸਿੰਘ ਸਮੇਤ ਇਕੋ ਪਰਿਵਾਰ ਦੇ 6 ਜੀਆਂ ਕੇਸਰ ਸਿੰਘ, ਮੇਜਾ ਸਿੰਘ, ਗੁਰਦੇਵ ਸਿੰਘ, ਗੁਰਮੇਜ ਸਿੰਘ ਤੇ ਬਲਵਿੰਦਰ ਸਿੰਘ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ 'ਚ ਸੀ. ਬੀ. ਆਈ. ਅਦਾਲਤ ਦੇ ਵਿਸ਼ੇਸ਼ ਜੱਜ ਕਰਨੇਸ਼ ਕੁਮਾਰ ਵਲੋਂ ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਵਜੋਂ ਤਾਇਨਾਤ ਖੂਬੀ ਰਾਮ ਨੂੰ ਸੰਮਨ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਸੀ.ਬੀ.ਆਈ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।

ਜੱਜ ਅਨੂਪਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਗੁਰਮੀਤ ਕੌਰ ਦੀ ਅਪੀਲ 'ਤੇ ਇਹ ਨੋਟਿਸ ਜਾਰੀ ਕੀਤਾ ਹੈ। ਕਤਲ ਹੋਏ ਜੀਆਂ ਵਿੱਚ ਗੁਰਮੀਤ ਕੌਰ ਦਾ ਪਤੀ ਅਤੇ ਪੁੱਤਰ ਵੀ ਸ਼ਾਮਿਲ ਸੀ। ਇਸ ਮਾਮਲੇ ਦੀ ਜਾਂਚ 1997 ਵਿੱਚ ਸੀਬੀਆਈ ਨੂੰ ਦਿੱਤੀ ਗਈ ਸੀ। 2001 ਵਿੱਚ ਅਦਾਲਤ 'ਚ ਚਲਾਨ ਪੇਸ਼ ਕੀਤਾ ਗਿਆ। 

ਇਸ ਸਬੰਧੀ ਬਾਬਾ ਚਰਨ ਸਿੰਘ ਦੇ ਪਰਿਵਾਰ ਵਲੋਂ ਪੇਸ਼ ਹੋਏ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਤੇ ਸਤਨਾਮ ਸਿੰਘ ਬੈਂਸ ਨੇ ਦੱਸਿਆ ਕਿ ਅਦਾਲਤ 'ਚ ਕੰਵਰ ਸਿੰਘ ਧਾਮੀ ਨੇ ਦੱਸਿਆ ਸੀ ਕਿ ਬਾਬਾ ਚਰਨ ਸਿੰਘ ਨੂੰ ਅਹਿਮਦਾਬਾਦ ਤੋਂ ਚੁੱਕ ਕੇ ਤਰਨ ਤਾਰਨ ਸੀ.ਆਈ.ਏ. ਸਟਾਫ਼ ਵਿਖੇ ਲਿਆਂਦਾ ਗਿਆ ਸੀ ਤੇ ਉਸ ਸਮੇਂ ਦੇ ਐੱਸ.ਐੱਸ.ਪੀ. ਅਜੀਤ ਸਿੰਘ ਸੰਧੂ ਸਾਹਮਣੇ ਪੇਸ਼ ਕੀਤਾ ਗਿਆ ਸੀ। ਉਸ ਸਮੇਂ ਸੀ. ਆਈ. ਏ. ਸਟਾਫ਼ 'ਚ ਐੱਸ. ਪੀ. ਆਪ੍ਰੇਸ਼ਨ ਖੂਬੀ ਰਾਮ, ਡੀ.ਐੱਸ.ਪੀ. ਤੇਜਾ ਸਿੰਘ, ਇੰਸਪੈਕਟਰ ਸਵਰਨ ਸਿੰਘ ਅਤੇ ਸੀ.ਆਈ.ਏ. ਇੰਚਾਰਜ ਰਾਮਨਾਥ ਹਾਜ਼ਰ ਸਨ। 

ਕੰਵਰ ਸਿੰਘ ਧਾਮੀ ਮੁਤਾਬਿਕ ਖੂਬੀ ਰਾਮ ਨੇ ਬਾਬਾ ਚਰਨ ਸਿੰਘ ਨੂੰ ਉਸ ਦੇ ਸਾਹਮਣੇ ਬਾਂਹਾਂ ਬੰਨ੍ਹ ਕੇ ਪੱਖੇ ਨਾਲ ਲਟਕਾਇਆ ਸੀ ਤੇ ਉਸ ਦੇ ਕਰੰਟ ਲਗਾਇਆ ਸੀ। ਪੁਲਿਸ ਨੇ ਰਾਤ ਸਮੇਂ ਬਾਬਾ ਚਰਨ ਸਿੰਘ ਤੇ ਉਸ ਨੂੰ ਇਕੋ ਬੇੜੀ ਨਾਲ ਬੰਨ੍ਹਿਆ ਸੀ ਤੇ ਰਾਤ ਸਮੇਂ ਬਾਬਾ ਚਰਨ ਸਿੰਘ ਨੇ ਉਸ ਦੇ ਪਰਿਵਾਰ ਉੱਤੇ ਕੀਤੇ ਤਸ਼ੱਦਦਾਂ ਦੀ ਦਾਸਤਾਨ ਉਸ ਨੂੰ ਦੱਸੀ ਸੀ।

ਧਾਮੀ ਨੇ ਅਦਾਲਤ 'ਚ ਇਹ ਵੀ ਦੱਸਿਆ ਸੀ ਕਿ ਉਸ ਦੇ ਸਾਹਮਣੇ ਬਾਬਾ ਚਰਨ ਸਿੰਘ ਕੋਲੋਂ 50 ਲੱਖ ਰੁਪਏ ਦੀ ਮੰਗ ਵੀ ਕੀਤੀ ਗਈ ਸੀ, ਜਿਸ ਸਬੰਧੀ ਬਾਬਾ ਚਰਨ ਸਿੰਘ ਨੇ ਕਿਹਾ ਸੀ ਕਿ ਉਸ ਦਾ ਸਾਰਾ ਸਾਮਾਨ ਤੇ ਗੱਡੀਆਂ ਆਦਿ ਉਹ ਪਹਿਲਾਂ ਹੀ ਲੈ ਚੁੱਕੇ ਹਨ, ਹੁਣ ਉਸ ਕੋਲ ਕੁਝ ਵੀ ਨਹੀਂ ਹੈ। ਧਾਮੀ ਵਲੋਂ ਅਦਾਲਤ 'ਚ ਇਹ ਵੀ ਕਿਹਾ ਗਿਆ ਸੀ ਕਿ ਉਸ ਸਮੇਂ ਦੇ ਐੱਸ.ਐੱਸ.ਪੀ. ਨੇ ਖੂਬੀ ਰਾਮ ਨੂੰ ਕਿਹਾ ਸੀ ਕਿ ਬਾਬਾ ਚਰਨ ਸਿੰਘ ਨੂੰ ਉਸ ਦੇ ਡਰਾਈਵਰ ਰਹੇ ਬਿੱਟੂ ਦੀ ਤਰ੍ਹਾਂ ਸਬਕ ਸਿਖਾਇਆ ਜਾਵੇ।