ਦਮਦਮੀ ਟਕਸਾਲ ਨੇ ਪ੍ਰਕਾਸ਼ ਗੁਰਪੁਰਬ ਮੌਕੇ ਭਾਰਤੀ ਸੰਵਿਧਾਨ ਦੀ ਧਾਰਾ 72 ਤਹਿਤ ਸਿੱਖ ਕੈਦੀਆਂ ਦੀ ਰਿਹਾਈ ਮੰਗੀ

ਦਮਦਮੀ ਟਕਸਾਲ ਨੇ ਪ੍ਰਕਾਸ਼ ਗੁਰਪੁਰਬ ਮੌਕੇ ਭਾਰਤੀ ਸੰਵਿਧਾਨ ਦੀ ਧਾਰਾ 72 ਤਹਿਤ ਸਿੱਖ ਕੈਦੀਆਂ ਦੀ ਰਿਹਾਈ ਮੰਗੀ
ਬਾਬਾ ਹਰਨਾਮ ਸਿੰਘ ਖਾਲਸਾ ਜਥੇ ਦੇ ਹੋਰ ਸਿੰਘਾਂ ਨਾਲ

ਅਮ੍ਰਿਤਸਰ: ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਗੁਰਪੁਰਬ ਦੇ ਖੁਸ਼ੀ ਦੇ ਮੌਕੇ ਸਜ਼ਾਵਾਂ ਪੂਰੀਆਂ ਕਰ ਚੁਕੇ 22 ਸਿੱਖ ਕੈਦੀਆਂ ਨੂੰ ਭਾਰਤੀ ਸੰਵਿਧਾਨ ਦੀ ਧਾਰਾ 72 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਤੁਰੰਤ ਰਿਹਾਅ ਕਰਨ ਦੀ ਅਪੀਲ ਕੀਤੀ ਹੈ।

ਟਕਸਾਲ ਦੇ ਬੁਲਾਰੇ ਪ੍ਰੋ: ਸਰਚਾਂਦ ਸਿੰਘ ਵਲੋਂ ਦਿੱਤੀ ਗਈ ਜਾਣਕਾਰੀ 'ਚ ਦਮਦਮੀ ਟਕਸਾਲ ਦੇ ਮੁਖੀ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਮੰਗ ਪੱਤਰ ਲਿਖਦਿਆਂ ਕਿਹਾ ਕਿ ਸਿੱਖ ਕੌਮ ਨੇ ਭਾਰਤ ਦੀ ਅਜ਼ਾਦੀ ਲਈ ਅਹਿਮ ਕੁਰਬਾਨੀਆਂ ਕੀਤੀਆਂ ਹਨ, ਸਿੱਖ ਕੌਮ ਗੁਰੂ ਸਾਹਿਬਾਨ ਵਲੋਂ ਦਰਸਾਏ ਗਏ ਸਰਬੱਤ ਦੇ ਭਲੇ ਵਾਲੇ ਰਾਹ 'ਤੇ ਚਲ ਕੇ ਮਨੁਖਤਾ ਦੀ ਸੇਵਾ ਨੂੰ ਸਮਰਪਿਤ ਹੈ। ਸਮੁਚੀ ਸਿੱਖ ਕੌਮ ਹੀ ਨਹੀਂ ਸਗੋਂ ਪੂਰੀ ਦੁਨਿਆ 'ਚ ਉਹ ਮਨੁਖ ਜੋ ਮਨੁਖਤਾ ਨੂੰ ਪਿਆਰ ਕਰਦੇ ਹਨ, ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਗੁਰਪੁਰਬ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਲਈ ਤਤਪਰ ਹੋ ਕੇ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ 'ਚ ਜੁਟੇ ਹੋਏ ਹਨ। ਅਜਿਹੀ ਖੁਸ਼ੀ ਦੇ ਮੌਕੇ ਵੱਖ ਵੱਖ ਮਾਮਲਿਆਂ 'ਚ ਆਪਣੀਆਂ ਸਜਾਵਾਂ ਪੂਰੀਆਂ ਕਰਨ ਬਾਅਦ ਵੀ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ 'ਚ ਕੈਦ 22 ਸਿੱਖ ਕੈਦੀਆਂ ਜਿਨਾਂ 'ਚ 12 ਤਾਂ 20-20 ਸਾਲ ਤੋਂ ਵੱਧ ਕੈਦ ਕੱਟ ਚੁਕੇ ਹਨ, ਅਤੇ ਜਿਨਾਂ ਦਾ ਜੇਲ੍ਹਾਂ ਵਿਚ ਚੰਗਾ ਆਚਰਨ ਹੈ, ਉਹਨਾਂ ਨੂੰ ਭਾਰਤੀ ਸੰਵਿਧਾਨ ਦੀ ਧਾਰਾ 72 ਤਹਿਤ ਰਾਸ਼ਟਰਪਤੀ ਨੂੰ ਮਿਲੇ ਅਧਿਕਾਰ, ਜਿਸ 'ਚ ਕਿਸੇ ਦੋਸ਼ੀ ਦੀ ਸਜ਼ਾ ਰੱਦ ਕਰਨ, ਘਟਾਉਣ ਜਾਂ ਰਿਹਾਅ ਕਰਨ ਦੀ ਤਜ਼ਵੀਜ਼ ਹੈ, ਆਦਿ ਦੀ ਵਰਤੋਂ ਕਰਦਿਆਂ ਤੁਰੰਤ ਰਿਹਾਅ ਕਰਨ ਦਾ ਹੁਕਮ ਦਿੱਤਾ ਜਾਵੇ, ਤਾਂ ਕਿ ਉਹ ਗੁਰਪੁਰਬ ਸਮਾਗਮਾਂ 'ਚ ਸ਼ਾਮਿਲ ਹੋ ਸਕਣ ਅਤੇ ਆਪਣੇ ਪਰਿਵਾਰ 'ਚ ਰਹਿ ਸਕਣ। 

ਉਹਨਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਰਾਜਸੀ ਸਿੱਖ ਕੈਦੀਆਂ ਨੂੰ ਗੈਰ-ਸੰਵਿਧਾਨਕ ਤੌਰ 'ਤੇ ਜੇਲ੍ਹਾਂ ਵਿਚ ਰੱਖ ਕੇ ਭਾਰਤ ਦੀ ਸਰਕਾਰ ਸਿੱਖਾਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਵਿਵਹਾਰ ਕਰਦੀ ਆ ਰਹੀ ਹੈ। ਸਿੱਖ ਕੈਦੀਆਂ ਦੀ ਰਿਹਾਈ ਵਰਗਾ ਠੋਸ ਕਦਮ ਨਿਸ਼ਚੇ ਹੀ ਸਿੱਖ ਕੌਮ ਦੀ ਭਾਰਤ ਪ੍ਰਤੀ ਵਿਸ਼ਵਾਸ ਬਹਾਲੀ 'ਚ ਸਹਾਈ ਸਿੱਧ ਹੋਵੇਗਾ। ਮੰਗ-ਪੱਤਰ ਕੀਆਂ ਨਕਲਾਂ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਡੀ. ਸੀ. ਅਮ੍ਰਿਤਸਰ ਨੂੰ ਵੀ ਭੇਜੀਆਂ ਹਨ। 

ਚਿੱਠੀ ਵਿੱਚ ਭੇਜੀ ਗਈ ਸਿਆਸੀ ਸਿੱਖ ਕੈਦੀਆਂ ਦੀ ਸੂਚੀ
ਭੇਜੀ ਗਈ ਸੂਚੀ ਵਿਚ ਭਾਈ ਲਾਲ ਸਿੰਘ ਵਾਸੀ ਅਕਾਲਗੜ, ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਦੀਪ ਸਿੰਘ ਖਹਿਰਾ, ਭਾਈ ਦਿਆ ਸਿੰਘ ਲਾਹੌਰੀਆ, ਲਖਵਿੰਦਰ ਸਿੰਘ ਲੱਖਾ ਵਾਸੀ ਕਨਸਾਲ, ਭਾਈ ਗੁਰਮੀਤ ਸਿੰਘ ਮੀਤਾ, ਭਾਈ ਸ਼ਮਸ਼ੇਰ ਸਿੰਘ ਉਕਾਸੀ ਜਟਾਂ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਸੁਬੇਗ ਸਿੰਘ ਸਰੂਨ, ਭਾਈ ਨੰਦ ਸਿੰਘ ਸਰੂਨ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਹਰਨੇਕ ਸਿੰਘ ਭੱਪ, ਭਾਈ ਜਗਤਾਰ ਸਿੰਘ ਤਾਰਾ, ਭਾਈ ਸੁਰਿੰਦਰ ਸਿੰਘ ਛਿੰਦਾ, ਭਾਈ ਸਤਨਾਮ ਸਿੰਘ ਅਰਕਪੁਰ ਖਾਲਸਾ, ਭਾਈ ਦਿਆਲ ਸਿੰਘ ਰਸੂਲਪੁਰ, ਭਾਈ ਸੁੱਚਾ ਸਿੰਘ ਰਸੂਲਪੁਰ ਅਤੇ ਭਾਈ ਬਲਬੀਰ ਸਿੰਘ ਬੀਰਾ, ਅਰਵਿੰਦਰ ਸਿੰਘ ਘੋਗਾ, ਸੁਰਜੀਤ ਸਿੰਘ ਲੱਕੀ ਅਤੇ ਰਣਜੀਤ ਸਿੰਘ ਹਰਿਆਣਾ ਸ਼ਾਮਿਲ ਹਨ। 


ਟਕਸਾਲ ਵੱਲੋਂ ਭਾਰਤ ਦੇ ਰਾਸ਼ਟਰਪਤੀ ਨੂੰ ਭੇਜੀ ਗਈ ਚਿੱਠੀ ਦੀ ਨਕਲ