ਅਮਰੀਕਾ ਅਤੇ ਸਿੱਖ ਧਰਮ ਦੀ ਡੂੰਘੀ ਦੋਸਤੀ ਸਾਡੇ ਸੰਸਾਰ ਵਿਚ ਸ਼ਾਂਤੀ ਲਿਆਵੇ
ਅਮਰੀਕੀ ਰਾਜਦੂਤ ਏਰਿਕ ਨੇ ਦਰਬਾਰ ਸਾਹਿਬ ਵਿਖੇ ਦਿਤਾ ਸੁਨੇਹਾ
ਸ੍ਰੋਮਣੀ ਕਮੇਟੀ ਪ੍ਰਧਾਨ ਨੇ ਕੀਤਾ ਸਨਮਾਨਿਤ
ਅੰਮ੍ਰਿਤਸਰ ਟਾਈਮਜ਼ ਬਿਊਰੋ
ਅੰਮ੍ਰਿਤਸਰ : ‘ਸੰਸਾਰ ਵਿਚ ਕੁਝ ਅਜਿਹੀਆਂ ਥਾਵਾਂ ਹਨ ਜੋ ਸੱਚਮੁੱਚ ਪਵਿੱਤਰ ਹਨ, ਦਰਬਾਰ ਸਾਹਿਬ ਉਸ ਸੂਚੀ ਦੇ ਸਿਖ਼ਰ ’ਤੇ ਹੈ। ਤੁਸੀਂ ਨਾ ਸਿਰਫ਼ ਇਸ ਸਥਾਨ ਦੀ ਪਵਿੱਤਰਤਾ ਨੂੰ ਮਹਿਸੂਸ ਕਰਦੇ ਹੋ ਸਗੋਂ ਲੋਕਾਂ ਦੀ ਖੁੱਲ੍ਹੇ ਦਿਲ ਨਾਲ ਸੇਵਾ ਕਰਨਾ ਸੰਸਾਰ ਨੂੰ ਪਰਿਭਾਸ਼ਿਤ ਕਰਦੀ ਹੈ। ਸੰਯੁਕਤ ਰਾਜ ਅਮਰੀਕਾ ਅਤੇ ਸਿੱਖ ਧਰਮ ਦੀ ਡੂੰਘੀ ਦੋਸਤੀ ਸਾਰੇ ਸੰਸਾਰ ਵਿਚ ਸ਼ਾਂਤੀ ਲਿਆਵੇ।’ ਸੰਯੁਕਤ ਰਾਜ ਅਮਰੀਕਾ ਦੇ ਭਾਰਤ ਵਿਚ ਰਾਜਦੂਤ ਏਰਿਕ ਗਾਰਸੇਟੀ ਨੇ ਆਪਣੀ ਪਤਨੀ ਐਮੀ ਵੇਕਲੈਂਡ ਸਮੇਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਉਪਰੋਕਤ ਸ਼ਬਦ ਯਾਤਰੂ ਬੁੱਕ ਵਿਚ ਅੰਕਿਤ ਕੀਤੇ।
ਗਾਰਸੇਟੀ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਸੰਸਾਰ ਭਰ ’ਚ ਉਹ ਧਾਰਮਿਕ ਅਸਥਾਨ ਹੈ ਜਿੱਥੇ ਆ ਕੇ ਮਨੁੱਖ ਨੂੰ ਰੂਹਾਨੀਅਤ ਦਾ ਅਹਿਸਾਸ ਹੁੰਦਾ ਹੈ। ਇੱਥੇ ਬਿਨਾਂ ਵਿਤਕਰੇ ਤੋਂ ਮਨੁੱਖਤਾ ਦੀ ਸੇਵਾ ਕੀਤੀ ਜਾਂਦੀ ਹੈ ਜੋ ਸਿੱਖ ਧਰਮ ਦੀ ਵਿਲੱਖਣਤਾ ਹੈ। ਉਨ੍ਹਾਂ ਅਮਰੀਕਾ ਸਮੇਤ ਸੰਸਾਰ ਭਰ ਦੇ ਲੋਕਾਂ ਲਈ ਸ਼ਾਂਤੀ ਦੀ ਅਰਦਾਸ ਵੀ ਕੀਤੀ। ਉਨ੍ਹਾਂ ਦੇ ਮਾਤਾ-ਪਿਤਾ 1963 ਵਿਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਸਨ ਜਿਨ੍ਹਾਂ ਨੇ ਇਸ ਅਸਥਾਨ ’ਤੇ ਸਿੱਖ ਧਰਮ ਬਾਰੇ ਮੈਨੂੰ ਜੀਵਨ ਵਿਚ ਬਹੁਤ ਕੁਝ ਦੱਸਿਆ, ਮੈਂ ਸਿੱਖ ਧਰਮ ਬਾਰੇ ਪੜਿਆ ਵੀ ਹੈ। ਅੱਜ ਇੱਥੇ ਆ ਕੇ ਮੈਨੂੰ ਖੁਸ਼ੀ ਮਹਿਸੂਸ ਹੋਈ ਹੈ। ਰਾਜਦੂਤ ਗਾਰਸੇਟੀ ਆਪਣੀ ਪਤਨੀ ਐਮੀ ਵੇਕਲੈਂਡ ਅਤੇ ਪਰਿਵਾਰਕ ਮੈਂਬਰਾਂ ਨਾਲ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਵੀ ਗਏ ਜਿੱਥੇ ਉਨ੍ਹਾਂ ਲੰਗਰ ਵਿਚ ਸੇਵਾ ਵੀ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਦੂਤ ਗਾਰਸੇਟੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਸੂਚਨਾ ਕੇਂਦਰ ਵਿਖੇ ਸ੍ਰੀ ਦਰਬਾਰ ਸਾਹਿਬ ਦਾ ਸੁਨਹਿਰੀ ਮਾਡਲ, ਪੁਸਤਕਾਂ ਅਤੇ ਲੋਈ ਦੇ ਕੇ ਸਨਮਾਨ ਕੀਤਾ।
ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਮਰੀਕਾ ਵਿਚ ਵੱਡੀ ਗਿਣਤੀ ਵਿਚ ਸਿੱਖ ਅਤੇ ਪੰਜਾਬੀ ਭਾਈਚਾਰਾ ਰਹਿੰਦਾ ਹੈ। ਅੰਮ੍ਰਿਤਸਰ ਤੋਂ ਅਮਰੀਕਾ ਲਈ ਸਿੱਧੀ ਉਡਾਣ ਨਾ ਹੋਣ ਕਰ ਕੇ ਅੰਮ੍ਰਿਤਸਰ ਆਉਣ ਵਾਲੇ ਯਾਤਰੂਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਰਾਜਦੂਤ ਈਜੀ ਨੂੰ ਕਿਹਾ ਕਿ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਅਨੁਸਾਰ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅਮਰੀਕਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਉਚੇਚੇ ਯਤਨ ਕੀਤੇ ਜਾਣ। ਇਸ ’ਤੇ ਈਜੀ ਨੇ ਸਕਾਰਾਤਮਕ ਹੁੰਗਾਰਾ ਭਰਦਿਆਂ ਕਿਹਾ ਕਿ ਉਹ ਆਪਣੇ ਅਧਿਕਾਰ ਖੇਤਰ ਵਿਚ ਰਹਿ ਕੇ ਇਸ ਪ੍ਰਤੀ ਜ਼ਰੂਰ ਗੱਲ ਕਰਨਗੇ।
Comments (0)